Punjab-ChandigarhTop News

ਲੁਧਿਆਣਾ ਵਿੱਚ ਰਿਹਾਇਸ਼ੀ ਤੇ ਵਪਾਰਕ ਅਰਬਨ ਅਸਟੇਟ ਕੀਤੀ ਜਾਵੇਗੀ ਵਿਕਸਿਤ: ਅਮਨ ਅਰੋੜਾ 

ਚੰਡੀਗੜ੍ਹ, 17 ਅਕਤੂਬਰ:

ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਲੁਧਿਆਣਾ ਵਿੱਚ ਇੱਕ ਰਿਹਾਇਸ਼ੀ ਅਤੇ ਵਪਾਰਕ ਅਰਬਨ ਅਸਟੇਟ ਵਿਕਸਿਤ ਕੀਤੀ ਜਾਵੇਗੀ। 

ਸ੍ਰੀ ਅਮਨ ਅਰੋੜਾ ਨੇ ਗਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ) ਦੇ ਕੰਮਕਾਜ ਦੀ ਸਮੀਖਿਆ ਕਰਨ ਲਈ ਪੁੱਡਾ ਭਵਨ, ਐਸ.ਏ.ਐਸ.ਨਗਰ (ਮੋਹਾਲੀ) ਵਿਖੇ ਸੱਦੀ ਉੱਚ-ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਲਾਡੋਵਾਲ ਬਾਈਪਾਸ ‘ਤੇ ਇਸ ਰਿਹਾਇਸ਼ੀ ਅਤੇ ਵਪਾਰਕ ਅਰਬਨ ਅਸਟੇਟ ਵਾਸਤੇ ਪਿੰਡ ਬੱਗਾ ਕਲਾਂ, ਨੂਰਪੁਰ ਬੇਟ, ਗੜ੍ਹਾ ਅਤੇ ਗੌਂਸਪੁਰ ਦੀ ਤਕਰੀਬਨ 2000 ਏਕੜ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਕਾਰਵਾਈ ਅਧੀਨ ਹੈ। 

ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਪ੍ਰਸਤਾਵਿਤ ਅਰਬਨ ਅਸਟੇਟ ਲਈ ਜ਼ਮੀਨ ਐਕੁਆਇਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਗਮਾਡਾ ਦੀ ਤਰਜ਼ ‘ਤੇ ਲੈਂਡ ਪੂਲਿੰਗ ਰਾਹੀਂ ਇਹ ਜ਼ਮੀਨ ਐਕੁਆਇਰ ਕੀਤੀ ਜਾਵੇ। ਮੰਤਰੀ ਨੂੰ ਜਾਣੂ ਕਰਵਾਇਆ ਗਿਆ ਕਿ ਸਾਈਟ ਸਿਲੈਕਸ਼ਨ ਕਮੇਟੀ ਨੇ ਇਸ ਸਾਈਟ ਦੀ ਸਿਫ਼ਾਰਸ਼ ਕੀਤੀ ਹੈ ਅਤੇ ਇਸ ਜ਼ਮੀਨ ਨੂੰ ਐਕੁਆਇਰ ਕਰਨ ਲਈ ਇੱਕ ਕੰਸਲਟੈਂਟ ਵੀ ਲਗਾਇਆ ਗਿਆ ਹੈ।

ਲੰਬਿਤ ਪਏ ਕੇਸਾਂ ਦਾ ਗੰਭੀਰ ਨੋਟਿਸ ਲੈਂਦਿਆਂ ਸ੍ਰੀ ਅਮਨ ਅਰੋੜਾ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸਾਰੇ ਲੰਬਿਤ ਮਾਮਲਿਆਂ ਨੂੰ ਇੱਕ ਹਫ਼ਤੇ ਦੇ ਅੰਦਰ ਨਿਪਟਾਇਆ ਜਾਵੇ ਅਤੇ ਨਿਰਧਾਰਤ ਸਮਾਂ ਸੀਮਾ ਵਿੱਚ ਸੇਵਾਵਾਂ ਪ੍ਰਦਾਨ ਕਰਨ ਨੂੰ ਯਕੀਨੀ ਬਣਾਉਣ ਲਈ ਇੱਕ ਵਿਧੀ ਵਿਕਸਿਤ ਕੀਤੀ ਜਾਵੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਕੰਮ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਅਧਿਕਾਰੀ ਵੱਲੋਂ ਕੰਮ ਪ੍ਰਤੀ ਲਾਪ੍ਰਵਾਹੀ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਲਾਪ੍ਰਵਾਹੀ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਮਾਨ ਸਰਕਾਰ ਦਾ ਇੱਕੋ ਇੱਕ ਉਦੇਸ਼ ਲੋਕਾਂ ਨੂੰ ਪਾਰਦਰਸ਼ੀ ਅਤੇ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਾ ਹੈ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਸ੍ਰੀ ਅਜੋਏ ਕੁਮਾਰ ਸਿਨਹਾ, ਮੁੱਖ ਪ੍ਰਸ਼ਾਸਕ ਪੁੱਡਾ-ਕਮ-ਡਾਇਰੈਕਟਰ ਟਾਊਨ ਐਂਡ ਕੰਟਰੀ ਪਲਾਨਿੰਗ ਸ੍ਰੀਮਤੀ ਅਪਨੀਤ ਰਿਆਤ,  ਮੁੱਖ ਪ੍ਰਸ਼ਾਸਕ ਗ੍ਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ ਸ੍ਰੀਮਤੀ ਅਮਰਪ੍ਰੀਤ ਕੌਰ ਸੰਧੂ, ਵਧੀਕ ਮੁੱਖ ਪ੍ਰਸ਼ਾਸਕ ਗ੍ਰੇਟਰ ਲੁਧਿਆਣਾ ਏਰੀਆ ਵਿਕਾਸ ਅਥਾਰਟੀ ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਚੀਫ਼ ਟਾਊਨ ਪਲਾਨਰ ਪੰਜਾਬ ਸ੍ਰੀ ਪੰਕਜ ਬਾਵਾ ਅਤੇ ਹੋਰ ਅਧਿਕਾਰੀ ਸ਼ਾਮਲ ਸਨ।

———-

Spread the love

Leave a Reply

Your email address will not be published. Required fields are marked *

Back to top button