ਜੂਡੋ ਦੇ ਜ਼ਿਲ੍ਹਾ ਪੱਧਰੀ ਜੇਤੂ ਵਿੱਕੀ ਅੰਦਰ ਓਲੰਪਿਕ ‘ਚ ਮੈਡਲ ਜਿੱਤਣ ਦਾ ਜਜ਼ਬਾ
ਪਟਿਆਲਾ, 20 ਸਤੰਬਰ:
‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦੌਰਾਨ ਜੂਡੋ ਦਾ ਜੇਤੂ 18 ਸਾਲਾ ਖਿਡਾਰੀ ਵਿੱਕੀ ਸਹੋਤਾ ਆਪਣੀਆਂ ਘਰੇਲੂ ਆਰਥਿਕ ਮਜ਼ਬੂਰੀਆਂ ਨੂੰ ਦਰਕਿਨਾਰ ਕਰਕੇ ਓਲੰਪਿਕ ਖੇਡਾਂ ਦਾ ਜੇਤੂ ਬਨਣਾ ਲੋਚਦਾ ਹੈ। 81 ਕਿਲੋ ਭਾਰ ਵਰਗ ਵਿੱਚ ਖੇਡਿਆ ਵਿੱਕੀ ਬਠਿੰਡਾ ਸ਼ਹਿਰ ਦਾ ਵਸਨੀਕ ਹੈ ਪਰੰਤੂ ਉਸ ਦੇ ਪਿਤਾ ਪ੍ਰਗਟ ਸਿੰਘ ਹਲਵਾਈ ਨਾਲ ਕੰਮ ਕਰਦੇ ਹੋਣ ਕਰਕੇ ਵਿੱਕੀ ਦੇ ਖੇਡ ਜ਼ਜਬੇ ਦੀ ਕਦਰ ਉਸਦੇ ਜੂਡੋ ਕੋਚ ਨਵਜੋਤ ਧਾਲੀਵਾਲ ਨੇ ਪਾਈ ਅਤੇ ਉਸਨੂੰ ਪਿਛਲੇ ਕਈ ਸਾਲਾਂ ਤੋਂ ਆਪਣੇ ਕੋਲ ਪਟਿਆਲਾ ਵਿਖੇ ਰੱਖਕੇ ਜੇਤੂ ਜੋਸ਼ ਭਰਿਆ।
ਖੇਲੋ ਇੰਡੀਆ ਵਿੱਚ ਕਾਂਸੀ ਤਗ਼ਮਾ ਜੇਤੂ ਵਿੱਕੀ ਸਹੋਤਾ ਹੁਣ ਰਾਜ ਪੱਧਰੀ ਮੁਕਾਬਲਿਆਂ ਲਈ ਖੇਡੇਗਾ। ਉਸਨੇ ਖੇਡਾਂ ਨੂੰ ਆਪਣਾ ਜਨੂਨ ਬਣਾਇਆ ਹੈ ਅਤੇ ਉਸਦਾ ਨਿਸ਼ਾਨਾ ਰਾਸ਼ਟਰ ਮੰਡਲ ਖੇਡਾਂ ਅਤੇ ਓਲੰਪਿਕ ‘ਚ ਮੈਡਲ ਜਿੱਤਣਾ ਹੈ। ਆਪਣੇ ਕੋਚ ਨੂੰ ਆਪਣਾ ਆਦਰਸ਼ ਮੰਨਦੇ ਹੋਏ ਪਟਿਆਲਾ ਦੇ ਚੁੱਪਕੀ ਵਿਖੇ ਸਰੀਰਕ ਸਿੱਖਿਆ ਕਾਲਜ ਵਿੱਚ ਬੀ.ਪੀ.ਈ. ਦੇ ਪਹਿਲੇ ਸਾਲ ਦੇ ਵਿਦਿਆਰਥੀ ਵਿੱਕੀ ਨੇ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਬਿਹਤਰ ਪ੍ਰਦਰਸ਼ਨ ਦਿਖਾਇਆ ਹੈ।
ਵਿੱਕੀ ਸਹੋਤਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਅਤੇ ਖੇਡਾਂ ਦੀ ਛੁਪੀ ਪ੍ਰਤਿਭਾ ਨੂੰ ਉਭਾਰਨ ਲਈ ਉਲੀਕੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੇ ਖਿਡਾਰੀਆਂ ਨੂੰ ਇੱਕ ਨਵਾਂ ਮੰਚ ਪ੍ਰਦਾਨ ਕੀਤਾ ਹੈ। ਵਿੱਕੀ ਸਹੋਤਾ ਨੇ ਕਿਹਾ ਕਿ ਉਸਨੂੰ ਹੁਣ ਆਪਣਾ ਓਲੰਪਿਕ ਵਿੱਚ ਮੈਡਲ ਜਿੱਤਣ ਦਾ ਸੁਪਨਾ ਪੂਰਾ ਹੋਣ ਦੀ ਉਮੀਦ ਜਾਗ ਪਈ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਇਹ ਪੂਰੀ ਵੀ ਜਰੂਰ ਹੋਵੇਗੀ।