ਪਟਿਆਲਾ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ‘ਚ ਹੁਣ ਤੱਕ 2000 ਮਰੀਜਾਂ ਨੇ ਲਾਭ ਲਿਆ-ਡੀ.ਸੀ.
ਪਟਿਆਲਾ 24 ਅਗਸਤ:
ਜ਼ਿਲ੍ਹੇ ‘ਚ ਵੱਖ-ਵੱਖ ਸਿਹਤ ਪ੍ਰੋਗਰਾਮਾਂ ਤਹਿਤ ਪ੍ਰਦਾਨ ਕੀਤੀਆਂ ਜਾ ਰਹੀਆ ਸੇਵਾਵਾਂ ਦੀ ਸਮੀਖਿਆ ਕਰਨ ਲਈ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਸਿਹਤ ਸੋਸਾਇਟੀ ਦੀ ਮਹੀਨਾਵਾਰੀ ਮੀਟਿੰਗ ਕਰਦਿਆਂ ਸਮੂਹ ਸਿਹਤ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਿਹਤ ਯੋਜਨਾਵਾਂ ਦਾ ਲਾਭ ਹਰੇਕ ਲੋੜਵੰਦ ਤੱਕ ਪੁੱਜਦਾ ਕਰਨ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਮੀਟਿੰਗ ‘ਚ ਵੱਖ-ਵੱਖ ਪ੍ਰੋਗਰਾਮਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਜਨਨੀ ਸੁਰੱਖਿਆ ਯੋਜਨਾ ਤਹਿਤ ਜਿਹੜੇ ਲਾਭ ਪਾਤਰੀਆਂ ਨੂੰ ਅਜੇ ਤੱਕ ਲਾਭ ਨਹੀ ਦਿੱਤਾ ਗਿਆ ਉਹਨਾਂ ਨੂੰ ਸਿੱਧੇ ਬੈਂਕ ਟਰਾਂਸਫਰ ਰਾਹੀ ਬਣਦੀ ਲਾਭ ਰਾਸ਼ੀ ਤੁਰੰਤ ਪ੍ਰਦਾਨ ਕੀਤੀ ਜਾਵੇ। ਉਹਨਾਂ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਪ੍ਰੋਗਰਾਮ ਤਹਿਤ ਸਿਹਤ ਟੀਮਾ ਵੱਲੋਂ ਹੁਣ ਤੱਕ ਸਕੂਲੀ ਬੱਚਿਆਂ ਦੀ ਸਿਹਤ ਜਾਂਚ ਦੇ ਬਣਦੇ 100 ਫ਼ੀਸਦੀ ਟੀਚਾ ਪੂਰਾ ਕੀਤਾ ਜਾ ਚੁੱਕਾ ਹੈ।
ਸਾਕਸ਼ੀ ਸਾਹਨੀ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਬਣਾਏ ਗਏ ਪੰਜ ਆਮ ਆਦਮੀ ਕਲੀਨਿਕਾਂ ਦਾ ਲੋਕਾਂ ਵੱਲੋਂ ਭਰਪੂਰ ਲਾਹਾ ਲਿਆ ਜਾ ਰਿਹਾ ਅਤੇ ਹੁਣ ਤੱਕ ਇਹਨਾਂ ਕਲੀਨਿਕਾਂ ‘ਚ 2000 ਦੇ ਕਰੀਬ ਲੋਕਾਂ ਨੇ ਆਪਣਾ ਇਲਾਜ ਕਰਵਾ ਕੇ ਇਨ੍ਹਾਂ ਦਾ ਲਾਭ ਲਿਆ ਹੈ।ਡੀ.ਸੀ. ਨੇ ਸਿਹਤ ਅਧਿਕਾਰੀਆਂ ਨੂੰ ਕਿਹਾ ਕਿ ਰਹਿੰਦੇ ਵਿਧਾਨ ਹਲਕਿਆਂ ਵਿੱਚ ਵੀ ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਲਈ ਢੁਕਵੀਆਂ ਥਾਵਾਂ ਦੀ ਚੋਣ ਕਰਕੇ ਤਜਵੀਜ਼ ਬਣਾ ਕੇ ਭੇਜੀ ਜਾਵੇ।
ਬਾਰਸਾਤੀ ਮੌਸਮ ਕਰਕੇ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਚਾਲਾਨ ਪ੍ਰਕ੍ਰਿਆ ਵਧਾਉਣ ਦੀ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਅਤੇ ਮਿਉਂਸੀਪਲ ਕਮੇਟੀਆਂ ਦੇ ਅਧਿਕਾਰੀਆ ਨੂੰ ਉਨ੍ਹਾਂ ਕਿਹਾ ਕਿ ਜਿਥੇ ਵੀ ਡੇਂਗੂ ਦਾ ਕੇਸ ਪਾਇਆ ਜਾਂਦਾ ਹੈ ਉਸ ਦੇ 300 ਮੀਟਰ ਦੇ ਘੇਰੇ ‘ਚ ਤੁਰੰਤ ਫੋਗਿੰਗ ਕਰਵਾਈ ਜਾਵੇ ਅਤੇ ਸਮੁਹ ਐਸ.ਡੀ.ਐਮਜ਼ ਇਸ ਦੀ ਨਿਗਰਾਨੀ ਕਰਨ।ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ,ਸਿਹਤ ਵਿਭਾਗ ਅਤੇ ਸਹਿਯੋਗੀ ਵਿਭਾਗਾਂ ਵੱਲੋਂ ਕੀਤੇ ਉਪਰਾਲਿਆਂ ਤਹਿਤ ਇਸ ਸਾਲ ਡੇਂਗੂ ਕੇਸਾਂ ਵਿੱਚ ਪਿਛਲੇ ਸਾਲ ਨਾਲੋਂ 60-70 ਫ਼ੀਸਦੀ ਕਮੀ ਆਈ ਹੈ।
ਸਾਕਸ਼ੀ ਸਾਹਨੀ ਨੇ ਸਿਹਤ ਅਧਿਕਾਰੀਆਂ ਨੂੰ ਓਟ ਸੈਂਟਰ ਅਤੇ ਨਸ਼ਾ ਮੁਕਤੀ ਕੇਂਦਰਾਂ ਨੂੰ ਹੋਰ ਮਜਬੂਤ ਕਰਨ ਲਈ ਹੋਰ ਲੋੜੀਂਦਾ ਸਮਾਨ ਦੀ ਤਜਵੀਜ਼ ਜਲਦ ਬਣਾ ਕੇ ਭੇਜਣ ਲਈ ਕਿਹਾ।ਉਹਨਾਂ ਮੈਡੀਕਲ ਸੁਪਰਡੈਂਟ ਮਾਤਾ ਕੁਸ਼ੱਲਿਆ ਹਸਪਤਾਲ ਨੂੰ ਕਿਹਾ ਕਿ ਮਾਤਾ ਕੁਸ਼ੱਲਿਆ ਹਸਪਤਾਲ ਵਿੱਚ ਓ.ਪੀ.ਡੀ ਕਾਂਉਟਰ ‘ਤੇ ਮਰੀਜਾਂ ਦੀ ਭੀੜ ਨੂੰ ਘਟਾਉਣ ਅਤੇ ਲੋਕਾਂ ਦੀ ਸਹੂਲਤ ਵਿੱਚ ਵਾਧਾ ਕਰਨ ਲਈ ਸੁਝਾਅ ਭੇਜੇ ਜਾਣ। ਇਸ ਮੌਕੇ ਉਨ੍ਹਾਂ ਨੇ ਵਧੀਆ ਕਾਰਗੁਜਾਰੀ ਵਾਲੀਆ ਜ਼ਿਲ੍ਹੇ ਦੀਆਂ 13 ਆਸ਼ਾਵਾਂ ਨੂੰ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨ ਕਰਦਿਆਂ ਹੌਂਸਲਾ ਅਫਜਾਈ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੁਰਪ੍ਰੀਤ ਸਿੰਘ ਥਿੰਦ, ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਈਸ਼ਾ ਸਿੰਗਲ, ਸਮੂਹ ਐਸ.ਡੀ.ਐਮਜ਼, ਸਹਾਇਕ ਸਿਵਲ ਸਰਜਨ ਡਾ. ਵਿਕਾਸ ਗੋਇਲ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਤਿੰਦਰ ਕਾਂਸਲ, ਮੈਡੀਕਲ ਸੁਪਰਡੈਂਟ, ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਸਹਿਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ।