ਤਲਾਸ਼ੀ ਦੌਰਾਨ ਪਿੱਠੂ ਬੈਗ ‘ਚੋਂ 22200 ਨਸ਼ੀਲੀਆਂ ਗੋਲੀਆਂ ਬ੍ਰਾਮਦ-ਐਸ.ਪੀ. ਜਾਂਚ
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਚੌਕਸ, 10 ਪਿਸਟਲ ਬਰਾਮਦ-ਐਸ.ਪੀ. ਮਹਿਤਾਬ ਸਿੰਘ
ਪਟਿਆਲਾ, 9 ਫਰਵਰੀ:
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਪੁਲਿਸ ਵੱਲੋਂ ਰੱਖੀ ਜਾ ਰਹੀ ਚੌਕਸੀ ਦੇ ਬਦੌਲਤ 10 ਪਿਸਟਲ ਬਰਾਮਦ ਕਰਨ ‘ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਦਿੰਦਿਆਂ ਪਟਿਆਲਾ ਦੇ ਐਸ.ਪੀ. (ਜਾਂਚ) ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ ਦੀ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਡੀ.ਐਸ.ਪੀ. ਰਾਜਪੁਰਾ ਗੁਰਬੰਸ ਸਿੰਘ ਬੈਂਸ ਦੀ ਨਿਗਰਾਨੀ ਹੇਠ ਥਾਣਾ ਸਿਟੀ ਰਾਜਪੁਰਾ, ਸਦਰ ਰਾਜਪੁਰਾ ਅਤੇ ਬਨੂੜ ਦੇ ਥਾਣਾ ਮੁਖੀਆਂ ਸਮੇਤ ਚੌਂਕੀ ਇੰਚਾਰਜਾਂ ਵੱਲੋਂ ਸਪੈਸ਼ਲ ਨਾਕਾਬੰਦੀਆਂ ਅਤੇ ਗਸ਼ਤ ਦੌਰਾਨ ਇਹ ਬਰਾਮਦਗੀ ਮੇਨ ਜੀ.ਟੀ. ਰੋਡ ਨੇੜੇ ਪਿੰਡ ਬੂਟਾ ਸਿੰਘ ਵਾਲਾ ਨੇੜਿਓਂ ਹੋਈ ਹੈ।
ਇੱਥੇ ਪੁਲਿਸ ਲਾਈਨਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸ.ਪੀ. ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਮਿਤੀ 8 ਫਰਵਰੀ ਨੂੰ ਸਹਾਇਕ ਥਾਣੇਦਾਰ ਬਲਜਿੰਦਰ ਸਿੰਘ ਨੇ ਪੁਲਿਸ ਪਾਰਟੀ ਦੇ ਨਾਲ ਕੀਤੀ ਨਾਕਾਬੰਦੀ ਦੌਰਾਂਨ ਮੇਨ ਜੀ.ਟੀ. ਰੋਡ ਨੇੜੇ ਪਿੰਡ ਬੂਟਾ ਸਿੰਘ ਵਾਲਾ ਗੱਡੀਆਂ ਤੇ ਬੱਸਾਂ ਦੀ ਚੈਕਿੰਗ ਕਰ ਰਹੇ ਸੀ ਇਸੇ ਦੌਰਾਨ ਇੱਕ ਵਿਅਕਤੀ ਇੱਕ ਬੈਗ ਛੱਡ ਕੇ ਨਿੱਕਲ ਗਿਆ, ਜਦੋਂ ਬੈਗ ਦੀ ਤਲਾਸ਼ੀ ਕੀਤੀ ਗਈ ਤਾਂ ਇਸ ‘ਚੋਂ 350 ਬੋਰ ਦੇ 9 ਪਿਸਟਲ ਅਤੇ 32 ਬੋੋਰ ਦਾ ਮੈਗ਼ਜੀਨ ਵਾਲਾ 1 ਪਿਸਟਲ ਬ੍ਰਾਮਦ ਹੋਇਆ।
ਐਸ.ਪੀ. ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ‘ਤੇ ਬੈਗ ਦੇ ਮਾਲਕ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰੰਤੂ ਕੋਈ ਵਿਅਕਤੀ ਨਹੀਂ ਮਿਲਿਆ, ਜਿਸ ਤੋਂ ਜਾਪਦਾ ਹੈ ਕਿ ਚੋਣਾਂ ਦੇ ਮੱਦੇਨਜਰ ਇਹ ਅਸਲਾ ਕੋਈ ਵਿਅਕਤੀ ਬਾਹਰੋਂ ਲੈਕੇ ਆਇਆ ਹੋ ਸਕਦਾ ਹੈ। ਇਸ ਸਬੰਧੀਂ ਮੁਕਦਮਾ ਨੰਬਰ 11 ਮਿਤੀ 8 ਫਰਵਰੀ 2022 ਅ/ਧ ਆਰਮਜ ਐਕਟ ਦੀ ਧਾਰਾ 25 ਤਹਿਤ ਥਾਣਾ ਬਨੂੜ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸਲ ਦੋਸ਼ੀ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਚੌਕਸੀ ਨਾਲ ਨਾਕਾਬੰਦੀ ਕਰਕੇ ਕੀਤੀ ਇਸ ਬਰਾਮਦਗੀ ਕਰਕੇ ਵੱਡੀ ਅਣਖੁਸਾਵੀ ਘਟਨਾ ਵਾਪਰਣ ਤੋਂ ਰੋਕੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਨਾਲ ਗਸ਼ਤ ਦੌਰਾਨ ਟੀ-ਪੁਆਇੰਟ ਜਲਾਲਪੁਰ ਕੋਲ ਚੈਕਿੰਗ ਕਰਦਿਆਂ ਹਿਮਾਂਸ਼ੂ ਚੋਪੜਾ ਪੁੱਤਰ ਚੰਦਰਮੋਹਨ ਚੋਪੜਾ ਵਾਸੀ ਧਰਮਪੁਰਾ ਮੁਹੱਲਾ, ਨੇੜੇ ਸਿੰਗਾਰ ਸਿਨੇਮਾ, ਸਮਰਾਲਾ ਰੋਡ ਲੁਧਿਆਣਾ ਦੀ ਤਲਾਸ਼ੀ ਦੌਰਾਨ ਉਸਦੇ ਪਿੱਠੂ ਬੈਗ ‘ਚੋਂ 22200 ਨਸ਼ੀਲੀਆਂ ਗੋਲੀਆਂ ਬ੍ਰਾਮਦ ਹੋਈਆਂ, ਇਸ ਵਿਰੁੱਧ ਮੁਕੱਦਮਾ ਨੰਬਰ 9 ਮਿਤੀ 7 ਫਰਵਰੀ ਐਨ.ਡੀ.ਪੀ.ਐਸ ਐਕਟ ਦੀ ਧਾਰਾ 22, 61, 85 ਤਹਿਤ ਥਾਣਾ ਬਨੂੜ ਵਿਖੇ ਦਰਜ ਕੀਤਾ ਗਿਆ।