Punjab-Chandigarh

ਕੇਜਰੀਵਾਲ ਦੇ ‘ਇਮਾਨਦਾਰ’ ਤੇ ‘ਭਿ੍ਰਸ਼ਟਾਚਾਰ’ ਰਹਿਤ ਸਰਕਾਰ ਦੇਣ ਦੇ ਝੂਠੇ ਦਾਅਵਿਆਂ ਦੀ ਖੁੱਲ੍ਹੀ ਪੋਲ

7 ਫਰਵਰੀ (ਪਟਿਆਲਾ) : ਆਮ ਆਦਮੀ ਪਾਰਟੀ ਨੇ ਹਲਕਾ ਸਨੌਰ ਤੋਂ ਇਕ ਵੱਡੇ ਨੌਸਰਬਾਜ਼ ਅਤੇ ਅਦਾਲਤ ਵਲੋਂ ਭਗੌੜੇ ਐਲਾਨੇ ਵਿਅਕਤੀ ਨੂੰ ਟਿਕਟ ਦੇ ਕੇ ਜਿਥੇ ਹਲਕੇ ਦੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ, ਉਥੇ ਹੀ ਚੋਣ ਕਮਿਸ਼ਨ ਅਤੇ ਕਾਨੁੰਨ ਦੀਆਂ ਅੱਖਾਂ ਵਿਚ ਵੀ ਘੱਟਾ ਪਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ਤੋਂ ਆਪ ਉਮੀਦਵਾਰ ਦੇ ਝੂਠ ਤੇ ਫਰੇਬ ਨੂੰ ਬੇਨਕਾਬ ਕਰਦਿਆਂ ਕੀਤਾ। ਉਨ੍ਹਾਂ ਆਖਿਆ ਕਿ ਹਲਕੇ ਤੋਂ ‘ਆਪ’ ਉਮੀਦਵਾਰ ਹਰਮੀਤ ਸਿੰਘ ਪਠਾਣਮਾਜਰਾ ਇਕ ਸਿਰੇ ਦਾ ਧੋਖੇਬਾਜ਼ ਤੇ ਬਈਮਾਨ ਵਿਅਕਤੀ ਹੈ ਜਿਸ ਵਲੋਂ ਬਰਨਾਲੇ ਸ਼ਹਿਰ ਦੀ ਇਕ ਨਾਮੀ ਟ੍ਰੈਕਟਰ ਕੰਪਨੀ ਨਾਲ ਧੋਖਾਕਰਨ ’ਤੇ ਕੰਪਨੀ ਵਲੋਂ ਉਸ ਵਿਰੁੱਧ ਬਰਨਾਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਸੀ।
ਕੇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਹਰਮੀਤ ਪਠਾਣਮਾਜਰਾ ਵਲੋਂ ਸਟੈਂਡਰਡ ਕੰਪਨੀ ਹੰਢਿਆਇਆ ਜ਼ਿਲ੍ਹਾ ਬਰਨਾਲਾ ਪਾਸੋਂ ਖਰੀਦੇ ਟਰੈਕਟਰ ਦੀ ਰਾਸ਼ੀ ਦੇ ਭੁਗਤਾਨ ਲਈ ਖਾਲੀ ਖਾਤੇ ਦਾ ਚੈਕ ਦਿੱਤਾ ਗਿਆ ਸੀ, ਜੋ ਕਿ ਬਾਊਂਸ ਹੋਣ ’ਤੇ ਮਾਣਯੋਗ ਜੱਜ ਸ੍ਰੀ ਵਨੀਤ ਕੁਮਾਰ ਏ.ਸੀ.ਜੇ.ਐਮ. ਬਰਨਾਲਾ ਵਲੋਂ ਹਰਮੀਤ ਪਠਾਣਮਾਜਰਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਮਗਰੋਂ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਮਿਤੀ 21.12.2019 ਨੂੰ ਐਫਆਈਆਰ ਨੰ. 0509 ਹਰਮੀਤ ਸਿੰਘ ਪਠਾਣਮਾਜਰਾ ਵਿਰੁੱਧ ਬਰਨਾਲਾ ਪੁਲਿਸ ਦਰਜ ਕੀਤੀ ਗਈ। ਹਰਮੀਤ ਪਠਾਣਮਾਜਰਾ ਦੀ ਜ਼ਮਾਨਤ ’ਤੇ ਸੁਣਵਾਈ ਮਾਣਯੋਗ ਸੈਸ਼ਨ ਜੱਜ ਬਲਜਿੰਦਰ ਸਿੰਘ ਸੈਸ਼ਨ ਕੋਰਟ ਬਰਨਾਲਾ ਵਿਚ ਮਿਤੀ 8.2.2022 ਨੂੰ ਪੈਂਡਿੰਗ ਹੈ।
ਵਿਧਾਇਕ ਚੰਦੂਮਾਜਰਾ ਨੇ ਆਖਿਆ ਕਿ ਅਜਿਹੇ ਠੱਗ ਅਤੇ ਭਗੌੜੇ ਵਿਅਕਤੀ ਨੂੰ ਟਿਕਟ ਦੇਣ ਨਾਲ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਭਿ੍ਰਸ਼ਟਾਚਾਰ ਮੁਕਤ ਰਾਜ ਦੇਣ ਝੂਠ ਦਾ ਪਰਦਾਫਾਸ਼ ਹੋ ਗਿਆ ਹੈ।ਉਨ੍ਹਾਂ ਆਖਿਆ ਕਿ ਜਿਥੇ ਕੇਜਰੀਵਾਲ ਇਮਾਨਦਾਰ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਦੇ ਦਾਅਵੇ ਕਰਦੇ ਹਨ, ਉਥੇ ਹੀ ਇਮਾਨਦਾਰ ਸਰਕਾਰ ਦੇ ਨਾਂ ’ਤੇ ਲੋਕਾਂ ਨੂੰ ਅਜਿਹੇ ਧੋਖੇਬਾਜ਼ , ਬਈਮਾਨ ਅਤੇ ਭਗੌੜੇ ਵਿਅਕਤੀ ਚੋਣ ਮੈਦਾਨ ਵਿਚ ਉਤਾਰੇ ਹਨ, ਜੋ ਹਲਕੇ ਨੂੰ ਲੁੱਟਣ ਅਤੇ ਕੁੱਟਣ ਤੋਂ ਬਿਨਾਂ ਕੁਝ ਨਹੀਂ ਕਰ ਸਕਦੇ।
ਉਨ੍ਹਾਂ ਇਸ ਮੌਕੇ ਮਾਣਯੋਗ ਚੋਣ ਕਮਿਸ਼ਨ ਤੋਂ ਮੰਗ ਕੀਤੀ ਹਰਮੀਤ ਪਠਾਣਮਾਜਰਾ ਵਲੋਂ ਨਾਮਜ਼ਦਗੀ ਦਾਖ਼ਲ ਕਰਨ ਸਮੇਂ ਪਰਚਾ ਦਰਜ ਅਤੇ ਅਦਾਲਤ ਵਲੋਂ ਭਗੌੜਾ ਕਰਾਰ ਦੇਣ ਦੀ ਗੱਲ ਛੁਪਾਉਣ ਬਦਲੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਅਜਿਹੇ ਸਮਾਜ ਵਿਰੋਧੀ ਅਨਸਰਾਂ ਨੂੰ ਗਿ੍ਰਫ਼ਤਾਰ ਕਰਕੇ ਬਣਦੀ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਅਖ਼ੀਰ ਵਿਚ ਹਲਕਾ ਵਾਸੀਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਹਰਮੀਤ ਪਠਾਣਮਾਜਰਾ ਜੇਕਰ ਇਕ ਨਾਮੀ ਕੰਪਨੀ ਨਾਲ ਠੱਗੀ ਮਾਰ ਸਕਦਾ ਹੈ ਤਾਂ ਉਸ ਲਈ ਹਲਕੇ ਦੇ ਭੋਲੇ ਭਾਲੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨਾ ਕੋਈ ਔਖਾ ਕੰਮ ਨਹੀਂ ਹੋਵੇਗਾ। ਉਨ੍ਹਾਂ ਅਪੀਲ ਕੀਤੀ ਕਿ ਉਹ ਅਜਿਹੇ ਧੋਖੇਬਾਜ਼ ਅਤੇ ਅਦਾਲਤੀ ਭਗੌੜਿਆਂ ਦੀਆਂ ਚਾਲਾਂ ਤੋਂ ਸੁਚੇਤ ਰਹਿਣ, ਕਿਉਂਕਿ ਅਜਿਹੇ ਵਿਅਕਤੀ ਤੋਂ ਕਦੇ ਵੀ ਹਲਕੇ ਦੇ ਭਲੇ ਦੀ ਆਸ ਨਹੀਂ ਕੀਤੀ ਜਾ ਸਕਦੀ ਜਿਸਦਾ ਕੰਮ ਹੀ ਠੱਗੀਆਂ ਠੋਰੀਆਂ ਤੇ ਲੋਕਾਂ ਨੂੰ ਲੁੱਟਣਾ ਹੈ।   

Spread the love

Leave a Reply

Your email address will not be published. Required fields are marked *

Back to top button