Punjab-Chandigarh

ਲੋਕਾਂ ਦੇ ਅਕਾਲੀ ਦਲ ਨੂੰ ਸੱਤਾ ’ਚ ਲਿਆਉਣ ਦੇ ਚਾਅ ਤੇ ਉਤਸ਼ਾਹ ਸਾਹਮਣੇ ਵਿਰੋਧੀ ਟਿਕ ਨਹੀਂ ਸਕਣਗੇ : ਪ੍ਰੋ. ਚੰਦੂਮਾਜਰਾ

24 ਜਨਵਰੀ (ਰਾਜਪੁਰਾ) : ਪਿਛਲੇ ਕਈ ਦਿਨਾਂ ਤੋਂ ਹੋ ਰਹੀ ਕਿਣ ਮਿਣ ਅਤੇ ਵਧਦੀ ਠੰਢ ਦੇ ਬਾਵਜੂਦ ਵੀ ਹਲਕਾ ਘਨੌਰ ਤੋਂ ਅਕਾਲੀ-ਬਸਪਾ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਲੋਂ ਆਪਣੀ ਚੋਣ ਮੁਹਿੰਮ ਹਲਕੇ ’ਚ ਪੂਰੀ ਤਰ੍ਹਾਂ ਭਖਾਈ ਹੋਈ ਹੈ। ਅੱਜ ਵਰ੍ਹਦੇ ਮੀਂਹ ’ਚ ਪਿੰਡ ਅਲੀਮਾਜਰਾ ਵਿਖੇ ਰੱਖੀ ਚੋਣ ਮੀਟਿੰਗ ਵਿਚ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਅਤੇ ਬੱਚਿਆਂ ਦੀ ਸ਼ਮੂਲੀਤ ਦੇਖ ਕੇ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਹਲਕੇ ਦੇ ਲੋਕਾਂ ’ਚ ਅਕਾਲੀ-ਬਸਪਾ ਸਰਕਾਰ ਬਣਾਉਣ ਦਾ ਵੱਡਾ ਚਾਅ ਅਤੇ ਉਤਸ਼ਾਹ ਹੈ, ਜਿਸਦੇ ਅੱਗੇ ਵਿਰੋਧੀਆਂ ਦਾ ਟਿਕਣਾ ਸੰਭਵ ਨਹੀਂ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅੱਜ ਹਰ ਇਕ ਵਰਗ ਕਾਂਗਰਸ ਦੀਆਂ ਧੱਕੇਸ਼ਾਹੀਆਂ ਦਾ ਜਵਾਬ ਮੰਗਣ ਦਾ ਮਨ ਬਣਾ ਚੁੱਕਿਆ ਹੈ ਅਤੇ ਇਨ੍ਹਾਂ ਚੋਣਾਂ ’ਚ ਕਾਂਗਰਸ ਨੂੰ ਧੋਬੀ ਪਟਕਾ ਦੇਣ ਲਈ ਲੋਕ ਕਾਹਲੇ ਪਏ ਹਨ। ਕਾਂਗਰਸ ਪਾਰਟੀ ਦਾ ਪੰਜਾਬ ਅੰਦਰੋਂ ਅਧਾਰ ਖਤਮ ਹੋ ਚੁੱਕਿਆ ਹੈ, ਜਿਸ ਤਰ੍ਹਾਂ ਲੋਕ ਨਿਤ ਦਿਨ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ, ਉਸਤੋਂ ਇਹ ਲਗਦੈ ਕਿ ਵੋਟਾਂ ਦੀ ਤਰੀਕ ਤੱਕ ਕਾਂਗਰਸ ਨੂੰ ਕੋਈ ਬਸਤਾ ਚੁੱਕਣ ਵਾਲਾ ਵੀ ਨਹੀਂ ਲੱਭਣਾ।
ਉਨ੍ਹਾਂ ਆਮ ਆਦਮੀ ਪਾਰਟੀ ’ਤੇ ਨਿਸ਼ਾਨਾ ਲਗਾਉਂਦਿਆਂ ਆਖਿਆ ਕਿ ਲੋਕਾਂ ਨੂੰ ਝੂਠੇ ਸਬਜਬਾਗ ਦਿਖਾਉਣ ਵਾਲੀ ਆਮ ਆਦਮੀ ਪਾਰਟੀ ਪੰਜਾਬ ਪ੍ਰਤੀ ਆਪਣਾ ਸਟੈਂਡ ਸਪਸ਼ਟ ਕਰੇ। ਪੰਜਾਬ ਲਈ ਦੋਹਰੇ ਮਾਪਦੰਡ ਅਪਨਾਉਣ ਵਾਲੇ ਅਰਵਿੰਦ ਕੇਜਰੀਵਾਲ ਦੀ ਪਾਰਟੀ ਨੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਸਿਫਾਰਸ਼ ਰੱਦ ਕਰਕੇ ਪੰਜਾਬ ਹੀ ਨਹੀਂ ਬਲਕਿ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਸਿੱਖਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਾਲੇ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਸੂਝਵਾਨ ਅਤੇ ਦੂਰ ਅੰਦੇਸ਼ੀ ਸੋਚ ਵਾਲੇ ਲੋਕ ਕਦੇ ਵੋਟ ਨਹੀਂ ਪਾਉਣਗੇ।
ਇਸ ਮੌਕੇ ਬੀਬੀ ਭਜਨ ਕੌਰ, ਬੀਬੀ ਮਨਜੀਤ ਕੌਰ, ਕੇਹਰ ਸਿੰਘ, ਅੰਮਿ੍ਰਤਪਾਲ ਸਿੰਘ, ਗੁਰਜੀਤ ਸਿੰਘ, ਬੀਬੀ ਪਰਮਜੀਤ ਕੌਰ ਪੰਚ, ਬੀਬੀ ਜੋਤੀ, ਸੁਖਚੈਨ ਸਿੰਘ, ਬੀਬੀ ਲਵਪ੍ਰੀਤ ਕੌਰ, ਬੀਬੀ ਅਵਜਲ ਕੌਰ ਨੇ ਕਾਂਗਰਸ ਪਾਰਟੀ ਛੱਡ ਕੇ ਪ੍ਰੋ. ਚੰਦੂਮਾਜਰਾ ਦੀ ਹਮਾਇਤ ਦਾ ਐਲਾਨ ਕੀਤਾ।
ਇਸ ਮੌਕੇ ਸੁੱਚਾ ਸਿੰਘ ਅਲੀਮਾਜਰਾ, ਐਨਆਰਆਈ ਮੁਖਤਿਆਰ ਸਿੰਘ ਸਿੰਘ ਨੌਸ਼ਹਿਰਾ, ਬਿਟੂ ਘਨੌਰ, ਗੁਰਵਿੰਦਰ ਸਿੰਘ ਰਾਮਪੁਰ, ਜੰਗ ਸਿੰਘ ਰੁੜਕਾ, ਬੀਬੀ ਗੁਰਪ੍ਰੀਤ ਕੌਰ, ਬੀਬੀ ਬਬਲੀ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button