ਪਟਿਆਲਾ ਦਿਹਾਤੀ ਤੋਂ ਕਿਸਾਨ ਪਾਰਟੀਆਂ ਵਲੋਂ ਸਪੋਲੀਏ ਨੂੰ ਦਿੱਤੀ ਟਿਕਟ ਦਾ ਵਿਰੋਧ ਸ਼ੁਰੂ
ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀਆਂ ਜਾ ਰਹੀਆਂ ਨੇ ਧਰਮਿੰਦਰ ਸਪੋਲੀਏ ਦੇ ਕਾਂਗਰਸ ਪਾਰਟੀ ਖਾਸਕਰ ਸ਼ਾਹੀ ਮਹਿਲਾਂ ਨਾਲ ਪੁਰਾਣੇ ਸਬੰਧਾਂ ਵਾਲੀਆਂ ਫੋਟੋਆਂ
ਪਟਿਆਲਾ — ਬਲਜੀਤ ਸਿੰਘ ਕੰਬੋਜ (The Mirror Time)
ਕਿਸਾਨ ਅੰਦੋਲਨ ਅਤੇ ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਾਅਦ ਰਾਜਨੀਤਕ ਮੈਦਾਨ ਵਿੱਚ ਉੱਤਰੀਆਂ ਕਿਸਾਨ ਪਾਰਟੀਆਂ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਪਾਰਟੀ ਗਠਜੋੜ ਵਲੋਂ ਪਟਿਆਲਾ ਦਿਹਾਤੀ ਤੋਂ ਦਿੱਤੀ ਟਿਕਟ ਵਿਵਾਦਾਂ ਵਿੱਚ ਘਿਰ ਗੲੀ ਹੈ। ਅਤੇ ਕਿਸਾਨ ਅੰਦੋਲਨ ਵਿਚ ਵੱਡਾ ਯੋਗਦਾਨ ਪਾਉਣ ਵਾਲੇ ਕਿਸਾਨਾਂ ਅਤੇ ਕਿਸਾਨ ਆਗੂਆਂ ਵਿੱਚ ਵੱਡੀ ਹਲਚਲ ਹੋਣ ਦਾ ਸਮਾਚਾਰ ਹੈ। ਪਿੰਡਾਂ ਵਿਚਲੇ ਕਿਸਾਨ ਹਲਕਿਆਂ ਦੇ ਹਵਾਲੇ ਨਾਲ ਮਿਲ ਰਹੀ ਜਾਣਕਾਰੀ ਅਨੁਸਾਰ ਕਿਸਾਨ ਮੋਰਚੇ ਵਲੋਂ ਧਰਮਿੰਦਰ ਸ਼ਰਮਾ ਸਪੋਲੀਆ ਨੂੰ ਪਟਿਆਲਾ ਦਿਹਾਤੀ ਤੋਂ ਦਿੱਤੀ ਟਿਕਟ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ।
ਮਾਮਲਾ ਧਰਮਿੰਦਰ ਸਪੋਲੀਏ ਨੂੰ ਟਿਕਟ ਦੇਣ ਦਾ
ਇੱਥੇ ਹੀ ਬਸ ਨਹੀਂ ਜਿਸ ਧਰਮਿੰਦਰ ਸਪੋਲੀਏ ਨੂੰ ਕਿਸਾਨਾਂ ਦੀ ਸੰਯੁਕਤ ਸਮਾਜ ਪਾਰਟੀ ਅਤੇ ਸੰਯੁਕਤ ਸੰਘਰਸ਼ ਪਾਰਟੀ ਦੇ ਗਠਜੋੜ ਵਲੋਂ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਬਣਾਇਆ ਗਿਆ ਹੈ, ਉਸਦੇ ਕਾਂਗਰਸ ਪਾਰਟੀ ਖਾਸਕਰ ਸ਼ਾਹੀ ਮਹਿਲਾਂ ਨਾਲ ਪੁਰਾਣੇ ਸਬੰਧਾਂ ਵਾਲੀਆਂ ਫੋਟੋਆਂ ਵੀ ਸੋਸ਼ਲ ਮੀਡੀਆ ਉੱਪਰ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਅੰਦਰਖਾਤੇ ਸ਼ੁਰੂ ਹੋਇਆ ਇਹ ਵਿਰੋਧ ਛੇਤੀ ਹੀ ਵੱਡੇ ਭਾਂਬੜ ਦਾ ਰੂਪ ਅਖ਼ਤਿਆਰ ਕਰਨ ਵਾਲਾ ਹੈ।
ਪਟਿਆਲਾ ਦਿਹਾਤੀ ਹਲਕੇ ਦੇ ਇੱਕ ਵੱਡੇ ਤੇ ਸਰਗਰਮ ਕਿਸਾਨ ਆਗੂ ਨੇ ਹਾਲੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਸਨਸਨੀਖੇਜ਼ ਖੁਲਾਸਾ ਕਰਦਿਆਂ ਆਰੋਪ ਲਗਾਇਆ ਕਿ ਧਰਮਿੰਦਰ ਸਪੋਲੀਏ ਨੂੰ ਟਿਕਟ ਆਮ ਆਦਮੀ ਪਾਰਟੀ ਦੀ ਮਿਲੀਭੁਗਤ ਨਾਲ ਦਿੱਤੀ ਗਈ ਹੈ। ਅਤੇ ਇਹ ਫਰੈਂਡਲੀ ਮੈਚ ਖੇਡਣ ਦੀ ਵੱਡੀ ਚਾਲ ਹੈ ਤਾਂ ਕਿ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਕੇ ਪਟਿਆਲਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦੀ ਮਦਦ ਕੀਤੀ ਜਾ ਸਕੇ। ਪਰੰਤੂ ਇਥੋਂ ਦੇ ਕਿਸਾਨ ਅਤੇ ਆਮ ਲੋਕ ਇਸ ਲੁਕਣਮੀਚੀ ਨੂੰ ਪੂਰੀ ਤਰ੍ਹਾਂ ਸਮਝ ਗਏ ਹਨ। ਕਿਸਾਨੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਜਿਸ ਧਰਮਿੰਦਰ ਸਪੋਲੀਏ ਨਾਮ ਦੇ ਬੰਦੇ ਨੂੰ ਕਿਸਾਨ ਮੋਰਚੇ ਵਲੋਂ ਇੱਥੋਂ ਟਿਕਟ ਦਿੱਤੀ ਗਈ ਹੈ ਉਸਦਾ ਤਾਂ ਅੰਦੋਲਨ ਵਿਚ ਕੋਈ ਯੋਗਦਾਨ ਹੀ ਨਹੀਂ ਸੀ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਇਹ ਮਾਮਲਾ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਦੂਸਰੇ ਆਗੂਆਂ ਤੱਕ ਵੀ ਪਹੁੰਚਾਇਆ ਜਾ ਰਿਹਾ ਹੈ । ਪਰ ਜੇਕਰ ਫਿਰ ਵੀ ਧਰਮਿੰਦਰ ਸਪੋਲੀਏ ਨੂੰ ਦਿੱਤੀ ਗਈ ਟਿਕਟ ਕੈਂਸਲ ਨਾ ਕੀਤੀ ਗਈ ਤਾਂ ਸਥਾਨਕ ਕਿਸਾਨ ਆਗੂਆਂ ਵਲੋਂ ਜਲਦੀ ਹੀ ਪ੍ਰੈਸ ਮੀਟਿੰਗ ਵੀ ਕੀਤੀ ਜਾ ਸਕਦੀ ਹੈ।