80 ਸਾਲ ਤੋਂ ਵਧੇਰੇ ਉਮਰ ਦੇ ਵੋਟਰਾਂ ਦਾ ਮਤਦਾਨ ਤੋਂ ਪਹਿਲਾ ਕਰ ਦਿੱਤਾ ਜਾਵੇਗਾ ਕਰੋਨਾ ਟੀਕਾਕਰਨ- ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ
ਪਟਿਆਲਾ 14 ਜਨਵਰੀ:
ਜ਼ਿਲ੍ਹਾ ਪਟਿਆਲਾ ਵਿੱਚ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਵੋਟਰ ਜਾਗਰੂਕਤਾ ਤਹਿਤ ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਪਟਿਆਲਾ ਸੰਦੀਪ ਹੰਸ ਦੀ ਅਗਵਾਈ ‘ਚ ਵੋਟਰ ਜਾਗਰੂਕਤਾ ਮੁਹਿੰਮ ਲਈ ਵੱਡੇ ਪੱਧਰ ‘ਤੇ ਵੋਟਰ ਜਾਗਰੂਕਤਾ ਪ੍ਰੋਗਰਾਮ ਉਲੀਕੇ ਗਏ ਹਨ। ਇਸੇ ਤਹਿਤ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਤੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਦੀ ਦੇਖ-ਰੇਖ ‘ਚ ਬਿਰਧ ਆਸ਼ਰਮ ਰੌਂਗਲਾ ਵਿਖੇ ਸਵੀਪ ਲੋਹੜੀ ਮਨਾਈ ਗਈ।
ਮੁੱਖ ਮਹਿਮਾਨ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਇਸ ਮੌਕੇ ਚੋਣ ਕਮਿਸ਼ਨ ਵੱਲੋਂ ਵਡੇਰੀ ਉਮਰ ਦੇ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਕਮਿਸ਼ਨ ਵੱਲੋਂ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਦਾ ਮਤਦਾਨ ਵਾਲੇ ਦਿਨ ਤੋਂ ਪਹਿਲਾ ਹਰ ਹਾਲ ‘ਚ ਕਰੋਨਾ ਤੋਂ ਬਚਾਅ ਲਈ ਟੀਕਾਕਰਨ ਕਰ ਦਿੱਤਾ ਜਾਵੇਗਾ। ਜੋ ਵੋਟਰ ਚੋਣ ਕਮਿਸ਼ਨ ਦੀਆਂ ਸਹੂਲਤਾਂ ਹਾਸਲ ਕਰਨੀਆਂ ਚਾਹੁੰਦੇ ਹਨ ਉਨ੍ਹਾਂ ਲਈ ਗੂਗਲ ਫਾਰਮ ਜਾਰੀ ਕੀਤਾ ਜਾਵੇਗਾ ਅਤੇ ਉਸ ਰਾਹੀਂ ਕੋਈ ਵੀ ਵੋਟਰ ਸਹੂਲਤ ਲੈਣ ਸਬੰਧੀ ਆਪਣੇ ਵੇਰਵੇ ਭਰ ਸਕਦਾ ਹੈ। ਜਿਸ ਵਿੱਚ ਵੋਟ ਪਾਉਣ ਲਈ ਸਹਾਇਕ ਦੀ ਜ਼ਰੂਰਤ, ਪੋਲਿੰਗ ਬੂਥ ਤੱਕ ਪੁੱਜਣ ਲਈ ਸਾਧਨ ਦੀ ਜ਼ਰੂਰਤ ਤੇ ਹੋਰ ਸਹੂਲਤਾਂ ਸ਼ਾਮਲ ਹਨ।
ਸ. ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸਵੀਪ ਟੀਮ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਸਾਰੇ ਬਿਰਧ ਆਸ਼ਰਮਾਂ ‘ਚ ਕਰੋਨਾ ਵੈਕਸੀਨੇਸ਼ਨ ਕੈਂਪ ਲਗਾਏ ਜਾ ਰਹੇ ਹਨ ਤੇ ਮਤਦਾਨ ਵਾਲੇ ਦਿਨ ਤੱਕ ਸਾਰੇ ਬਿਰਧ ਆਸ਼ਰਮਾਂ ‘ਚ ਮੌਜੂਦ ਵਿਅਕਤੀਆਂ ਦੀ ਵੈਕਸੀਨੇਸ਼ਨ ਕਰ ਦਿੱਤੀ ਜਾਵੇਗੀ। ਇਸ ਮੌਕੇ ਬਿਰਧ ਆਸ਼ਰਮ ਦੇ ਸੰਚਾਲਕ ਲਖਵਿੰਦਰ ਸਰੀਨ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੇ ਆਸ਼ਰਮ ‘ਚ ਮੌਜੂਦ ਸਾਰੇ ਮਤਦਾਤਾ ਹਰ ਹਾਲਤ ‘ਚ ਵੋਟ ਪਾਉਣਗੇ। ਉਨ੍ਹਾਂ ਬਿਰਧਾਂ ਨੂੰ ਸਵੈਟਰ ਵੀ ਪ੍ਰਦਾਨ ਕੀਤੇ। ਸਮਾਗਮ ਵਿੱਚ ਹਾਜ਼ਰ ਬਿਰਧਾਂ ਨੇ ਲੋਹੜੀ ਸਬੰਧੀ ਯਾਦਾਂ ਤਾਜ਼ੀਆਂ ਕੀਤੀਆਂ ਅਤੇ ਲੋਕ ਬੋਲੀਆਂ ਨਾਲ ਰੰਗ ਬੰਨ੍ਹਿਆ।