ਪ੍ਰਧਾਨਮੰਤਰੀ ਦੀ ਸੁਰੱਖਿਆ ਸਬੰਧੀ ਇੱਕ ਵਿਸ਼ੇਸ਼ ਰਿਪੋਰਟ
Story by Baljeet Singh :
ਪੰਜ ਜਨਵਰੀ ਨੂੰ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਹੋਈ ਕੋਤਾਹੀ ਦਾ ਮਾਮਲਾ ਪੂਰੀ ਤਰ੍ਹਾਂ ਸੁਰਖੀਆਂ ਵਿੱਚ ਹੈ। ਇਸ ਗੰਭੀਰ ਮਾਮਲੇ ਤੇ ਸਿਆਸਤ ਵੀ ਜ਼ੋਰਾਂ ਤੇ ਹੈ। ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੋਣ ਵਾਲੀ ਇਸ ਰੈਲੀ ਦੌਰਾਨ ਪ੍ਰਧਾਨ ਮੰਤਰੀ ਵਲੋਂ ਪੰਜਾਬ ਵਾਸਤੇ ਹਜ਼ਾਰਾਂ ਕਰੋੜ ਵਾਲੇ ਕੲੀ ਪ੍ਰੋਜੈਕਟਾਂ ਦੇ ਵੱਡੇ ਐਲਾਨ ਕੀਤੇ ਜਾਣ ਦੀ ਸੰਭਾਵਨਾ ਸੀ। ਪ੍ਰੰਤੂ ਖ਼ਰਾਬ ਮੌਸਮ ਦੇ ਚਲਦਿਆਂ ਮੌਕੇ ਤੇ ਬਠਿੰਡਾ ਤੋਂ ਹੈਲੀਕਾਪਟਰ ਤੇ ਜਾਣ ਦੀ ਬਜਾਏ ਸੜਕੀ ਰਸਤੇ ਰਾਹੀਂ ਰੈਲੀ ਵਿੱਚ ਜਾਣ ਦਾ ਫੈਸਲਾ ਕੀਤਾ ਗਿਆ। ਪ੍ਰੰਤੂ ਰਸਤੇ ਵਿੱਚ ਕਿਸਾਨਾਂ ਵਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਕਾਰਨ ਪ੍ਰਧਾਨ ਮੰਤਰੀ ਦਾ ਕਾਫ਼ਲਾ ਇਕ ਫਲਾਈਓਵਰ ਉੱਪਰ ਜਾਮ ਵਿਚ ਫਸ ਗਿਆ। ਜਿਸ ਕਰਕੇ ਸੁਰਖਿਆ ਏਜੰਸੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਖਿਰ 15-20 ਮਿੰਟ ਗੱਡੀਆਂ ਦਾ ਇਹ ਕਾਫ਼ਲਾ ਜਾਮ ਵਿਚ ਫਸੇ ਰਹਿਣ ਤੋਂ ਬਾਅਦ ਤੁਰੰਤ ਵਾਪਸ ਜਾਣ ਲਈ ਫੈਸਲਾ ਲਿਆ ਗਿਆ ਅਤੇ ਬਠਿੰਡਾ ਹਵਾਈ ਅੱਡੇ ਤੇ ਪਹੁੰਚ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਲੋਂ ਅਧਿਕਾਰੀਆਂ ਨੂੰ ਇਹ ਕਿਹਾ ਗਿਆ ਕਿ ” ਤੁਹਾਡੇ ਸੀਐਮ ਨੂੰ ਥੈਂਕਸ ਕਹਿ ਦੇਣਾ ਕਿ ਮੈਂ ਜਿੰਦਾ ਬਚ ਕੇ ਆ ਗਿਆ” ਬਸ ਫਿਰ ਕੀ ਸੀ, ਤੜਥੱਲੀ ਜਿਹੀ ਮੱਚ ਗਈ ਤੇ ਹਰ ਪਾਸੇ ਵੱਡੀ ਚਰਚਾ ਛਿੜ ਗਈ। ਪੰਜਾਬ ਸਰਕਾਰ ਉੱਪਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈਕੇ ਜਾਣ ਬੁੱਝ ਕੇ ਕੁਤਾਹੀ ਕਰਨ ਦੇ ਦੋਸ਼ ਲੱਗਣ ਦਾ ਵੱਡਾ ਸਿਲਸਿਲਾ ਸ਼ੁਰੂ ਹੋ ਗਿਆ ਤੇ ਆਖਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪ੍ਰੈਸ ਮੀਟਿੰਗ ਕਰਕੇ ਸਫਾਈ ਦੇਣੀ ਪਈ। ਅਤੇ ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਵੀ ਇਸਦਾ ਸਖ਼ਤ ਨੋਟਿਸ ਲਿਆ ਗਿਆ। ਹਾਲਾਂਕਿ ਪੰਜਾਬ ਸਰਕਾਰ ਵਲੋਂ ਵੀ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਹੋਈ ਇਜ ਕੁਤਾਹੀ ਸਬੰਧੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।
ਆਓ ਹੁਣ ਵੇਖਦੇ ਹਾਂ ਕਿ ਪ੍ਰਧਾਨਮੰਤਰੀ ਮੰਤਰੀ ਦੀ ਸੁਰੱਖਿਆ ਦਾ ਜਿੰਮਾਂ ਕਿਸ ਦੇ ਸਿਰ ਤੇ ਹੁੰਦਾ ਹੈ, ਟਰੈਵਲ ਪ੍ਰੋਟੋਕਾਲ ਕੀ ਹੈ , ਇਸ ਕੋਤਾਹੀ ਲਈ ਕੌਣ ਕੌਣ ਜ਼ਿੰਮੇਵਾਰ ਹੈ,
ਆਓ ਪ੍ਰਧਾਨਮੰਤਰੀ ਮੋਦੀ ਦੀ ਸੁਰੱਖਿਆ ਦੇ ਸਮੁੱਚੇ ਸਟੈਂਡਰਡ ਆਪਰੇਟਿੰਗ ਪਰੋਸੀਜਰ ਨੂੰ ਸਮਝਦੇ ਹਾਂ,
ਸਾਡੇ ਦੇਸ਼ ਵਿੱਚ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਜਿੰਮਾਂ SPG ਯਾਨਿ ਕਿ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਮੋਢਿਆਂ ਉੱਪਰ ਹੈ ਜੋ ਕਿ ਸਿਰਫ਼ ਪ੍ਰਧਾਨ ਨੂੰ ਹੀ ਮਿਲੀ ਹੋਈ ਹੈ।
ਪ੍ਰਧਾਨਮੰਤਰੀ ਦੇ ਚਾਰ ਚੁਫੇਰੇ ਘੇਰਾ SPG ਦਾ ਹੀ ਹੁੰਦਾ ਹੈ ਤੇ ਇਹਨਾਂ ਜਵਾਨਾਂ ਦੀ ਵਿਸ਼ੇਸ਼ ਸਿਖਲਾਈ
ਅਮੇਰੀਕਾ ਦੀ ਸੀਕਰੇਟ ਸਰਵਿਸ ਦੀ ਗਾਈਡ ਲਾਈਨ ਦੇ ਮੁਤਾਬਿਕ ਹੁੰਦੀ ਹੈ। ਯਾਨਿ ਕਿ ਆਪਣੇ ਆਪ ਵਿੱਚ ਇਕ ਇਕ ਅਹਿਮ ਤਰ੍ਹਾਂ ਦੀ ਟ੍ਰੇਨਿੰਗ ਹੁੰਦੀ ਹੈ। ਅਤੇ ਇਹਨਾਂ ਦੇ ਕੋਲ MNF-2000 ਅਸਾਲਟ ਰਾਈਫ਼ਲਸ, ਆਟੋਮੈਟਿਕ ਗਨਜ਼ ਅਤੇ 17ਐਮ ਰਿਵਾਲਵਰ ਵਰਗੇ ਮਾਡਰਨ ਕਿਸਮ ਦੇ ਹਥਿਆਰ ਹੁੰਦੇ ਨੇ।
ਜੇਕਰ ਇਸ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ ਦੇ ਖਰਚਿਆਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2020 ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਵੱਲੋਂ ਇਸ ਸਬੰਧੀ ਸੰਸਦ ਵਿੱਚ ਦਿੱਤੀ ਗਈ ਇਕ ਜਾਣਕਾਰੀ ਮੁਤਾਬਕ ਇਸਦਾ ਇੱਕ ਦਿਨ ਦਾ ਖਰਚਾ ਇੱਕ ਕਰੋੜ ਬਾਹਠ ਲੱਖ ਰੁਪਏ ਹੈ ਅਤੇ ਇਹ ਸੁਰਖਿਆ ਸਿਰਫ ਪ੍ਰਧਾਨਮੰਤਰੀ ਨੂੰ ਹੀ ਦਿੱਤੀ ਗਈ ਹੈ।
–ਹੁਣ ਤੁਹਾਨੂੰ ਦਸਦੇ ਹਾਂ ਕਿ ਪ੍ਰਧਾਨਮੰਤਰੀ ਦੇ ਦੌਰਿਆਂ ਦਾ ਪ੍ਰੋਟੋਕਾਲ ਕੀ ਹੁੰਦਾ ਹੈ,
ਕਿਸੇ ਵੀ ਰਾਜ ਵਿੱਚ ਪ੍ਰਧਾਨਮੰਤਰੀ ਦੇ ਦੌਰੇ ਲਈ 4 ਸੁਰਖਿਆ ਏਜੰਸੀਆਂ ਕੰਮ ਕਰਦੀਆਂ ਹਨ ਜਿਹੜੀਆਂ ਕਿ ਸੁਰੱਖਿਆ ਵਿਵਸਥਾ ਨੂੰ ਵੇਖਦੀਆਂ ਹਨ
ਇਹਨਾਂ ਵਿੱਚ ਪਹਿਲੀ ਹੈ SPG,ਦੂਸਰੀ ASLਯਾਨਿ ਕਿ ਐਡਵਾਂਸ ਸਕਿਓਰਿਟੀ ਸੰਪਰਕ ਟੀਮ,
ਤੀਜੀ ਉਸ ਸਟੇਟ ਦੀ ਪੁਲਿਸ ਅਤੇ ਚੌਥਾ ਸਥਾਨਕ ਪ੍ਰਸ਼ਾਸਨ। ASLਜਿਹੜੀ ਕਿ ਪ੍ਰਧਾਨਮੰਤਰੀ ਦੇ ਦੌਰੇ ਨਾਲ ਸਬੰਧਤ ਸਾਰੀਆਂ ਹੀ ਜਾਣਕਾਰੀਆਂ ਨਾਲ ਪੂਰੀ ਤਰ੍ਹਾਂ ਅਪਡੇਟ ਹੁੰਦੀ ਹੈ ਅਤੇ ਇਹ ਕੇਂਦਰ ਸਰਕਾਰ ਦੀਆਂ ਸੁਰਖਿਆ ਏਜੰਸੀਆਂ ਦੇ ਸੰਪਰਕ ਵਿੱਚ ਰਹਿੰਦੀ ਹੈ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ASL ਦੀ ਮਦਦ ਨਾਲ ਹੀ ਪ੍ਰਧਾਨਮੰਤਰੀ ਦੇ ਪ੍ਰੋਗਰਾਮਾਂ ਦੀ ਨਿਗਰਾਨੀ ਕਰਦੇ ਹਨ। ਇਸ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਦੀ ਖੁਫ਼ੀਆ ਏਜੰਸੀਆਂ ਵੀ ਇਹਨਾਂ ਸੁਰੱਖਿਆ ਏਜੰਸੀਆਂ ਦੀ ਮਦਦ ਕਰਦੀਆਂ ਹਨ।
ਪ੍ਰਧਾਨਮੰਤਰੀ ਦੇ ਦੌਰੇ ਦੌਰਾਨ ਰੂਟ ਤੋਂ ਲੈਕੇ ਪ੍ਰੋਗਰਾਮ ਵਾਲੀ ਥਾਂ ਤੱਕ ਸੁਰਖਿਆ ਦੇ ਸਾਰੇ ਨਿਯਮ ਭਾਵੇਂ ਸਥਾਨਕ ਪੁਲਿਸ ਨੇ ਤੈਅ ਕਰਨੇ ਹੁੰਦੇ ਹਨ ਪ੍ਰੰਤੂ ਇਹਨਾਂ ਦੀ ਨਿਗਰਾਨੀ SPG ਹੀ ਕਰਦੀ ਹੈ।
ਪ੍ਰਧਾਨਮੰਤਰੀ ਨੂੰ ਸੁਰਖਿਆ ਦੇਣ ਦੀ ਜ਼ਿਮੇਵਾਰੀ ਭਾਵੇਂ ਕਿ SPG ਦੀ ਹੈ ਪਰੰਤੂ ਇਸ ਦੌਰਾਨ ਸਬੰਧਤ ਰਾਜ ਦੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀ ਵੀ ਸੁਰਖਿਆ ਪ੍ਰਤੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਕਿਉਂਕਿ ਰੂਟ ਤੈਅ ਕਰਨਾ ਤੇ ਉਸ ਉੱਪਰ ਸੁਰਖਿਅਤ ਲਾਂਘਾ ਮੁਹੱੲੀਆ ਕਰਵਾੳੁਣਾ ਸਥਾਨਕ ਪ੍ਰਸ਼ਾਸਨ ਦੇ ਜ਼ਿੰਮੇ ਹੁੰਦਾ ਹੈ।
ਪ੍ਰਧਾਨਮੰਤਰੀ ਨੇ ਭਾਵੇਂ ਹੈਲੀਕਾਪਟਰ ਰਾਹੀਂ ਹੀ ਪ੍ਰੋਗਰਾਮ ਵਾਲੀ ਥਾਂ ਤੇ ਜਾਣਾ ਹੋਵੇ ਫਿਰ ਵੀ ਵਿਸ਼ੇਸ਼ ਹਾਲਤਾਂ ਲਈ ਸੜਕੀ ਰੂਟ ਦਾ ਵਿਕਲਪ ਰੱਖਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ
ਇਸ ਰੂਟ ਦੀ ਜਾਂਚ ਪਹਿਲਾਂ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਕੀਤੀ ਜਾਂਦੀ ਹੈ ਅਤੇ ਇਸਦੀ ਸੁਰਖਿਆ ਜਾਂਚ ਰਿਹਰਸਲ ਦੇ ਮੌਕੇ ਤੇ SPG,ASL,ਖੂਫ਼ੀਆ ਬਿਊਰੋ ਅਤੇ ਪੁਲਿਸ ਦੇ ਵੱਡੇ ਅਧਿਕਾਰੀ ਵੀ ਮੌਜੂਦ ਰਹਿੰਦੇ ਹਨ। ਸੜਕੀ ਰੂਟ ਤੇ ਪ੍ਰਧਾਨਮੰਤਰੀ ਦੇ ਕਾਫਲੇ ਵਿਚ ਜੈਮਰਾਂ ਵਾਲੀਆਂ ਗੱਡੀਆਂ ਵੀ ਨਾਲ ਚਲਦੀਆਂ ਹਨ ਜੋ ਕਿ ਸੜਕ ਦੇ ਦੋਵੇਂ ਪਾਸੇ ਰੇਡੀਓ ਕੰਟਰੋਲ ਜਾ ਰਿਮੋਟ ਕੰਟਰੋਲ ਡਿਵਾਈਸ ਨੂੰ ਜਾਮ ਕਰ ਦੇਂਦੀਆਂ ਹਨ।
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਪੰਜਾਬ ਵਿੱਚ ਇਹ ਪਹਿਲਾ ਦੌਰਾ ਸੀ ਅਤੇ ਮੰਨਿਆ ਜਾ ਰਿਹਾ ਸੀ ਕਿ ਉਹ ਪੰਜਾਬ ਲਈ ਕਈ ਵੱਡੇ ਐਲਾਨ ਕਰਨ ਜਾ ਰਹੇ ਹਨ। ਪ੍ਰੰਤੂ ਜਿਸ ਤਰ੍ਹਾਂ ਪ੍ਰਧਾਨਮੰਤਰੀ ਮੰਤਰੀ ਦੀ ਸੁਰੱਖਿਆ ਵਿੱਚ ਕੋਤਾਹੀ ਵਾਲੇ ਹਾਲਾਤ ਪੈਦਾ ਹੋਏ ਤੇ ਉਹਨਾਂ ਨੂੰ ਵਾਪਸ ਮੁੜਨਾ ਪਿਆ ਉਸਨੂੰ ਲੈਕੇ ਜਿੱਥੇ ਭਾਜਪਾ ਕਾਂਗਰਸ ਦੀ ਚੰਨੀ ਸਰਕਾਰ ਉੱਪਰ ਹਮਲਾਵਰ ਹੈ ਤੇ ਇਸਨੂੰ ਇਕ ਬੇਹੱਦ ਨਾਜ਼ੁਕ ਤੇ ਗੰਭੀਰ ਮਸਲਾ ਕਹਿਕੇ ਇਸਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਅਪਮਾਨ ਕਰਾਰ ਦਿੱਤਾ ਜਾ ਰਿਹਾ ਹੈ ਉੱਥੇ ਹੀ ਕਾਂਗਰਸ ਸਮੇਤ ਦੂਸਰੀਆਂ ਭਾਜਪਾ ਵਿਰੋਧੀ ਪਾਰਟੀਆਂ ਵਲੋਂ ਪ੍ਰਧਾਨਮੰਤਰੀ ਵਲੋਂ ਰੈਲੀ ਨੂੰ ਬਗੈਰ ਸੰਬੋਧਨ ਕੀਤੇ ਵਾਪਸ ਜਾਣ ਪਿੱਛੇ ਰੈਲੀ ਵਿੱਚ ਇਕੱਠ ਨਾ ਹੋਣਾ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਗੰਭੀਰ ਮਸਲੇ ਤੇ ਦੇਸ਼ ਵਿੱਚ ਰਾਜਨੀਤਕ ਬਿਆਨਬਾਜ਼ੀ ਜ਼ੋਰਾਂ ਤੇ ਚੱਲ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਘਟਨਾ ਕਿਹੜਾ ਰੂਪ ਅਖਤਿਆਰ ਕਰਦੀ ਹੈ ਇਹ ਵੇਖਣਾ ਅਜੇ ਬਾਕੀ ਹੈ।