Punjab-Chandigarh

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਮਹਾਪ੍ਰੀਨਿਰਵਾਣ ਦਿਵਸ ਮਨਾਇਆ

Shiv Kumar:

ਪਟਿਆਲਾ, 6 ਦਸੰਬਰ: ਦੇਸ਼ ਦੀ ਆਜ਼ਾਦੀ ਦੇ 75ਵੇਂ ਸਾਲ ਨੂੰ ਸਮਰਪਿਤ ਦੇਸ਼ ਭਰ ‘ਚ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦਾ ਮਹਾਪ੍ਰੀਨਿਰਵਾਣ ਦਿਵਸ ਅੱਜ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਮਿੰਨੀ ਸਕੱਤਰੇਤ ਵਿਖੇ ਡਾ. ਭੀਮ ਰਾਓ ਅੰਬੇਦਕਰ ਵੱਲੋਂ ਕੀਤੇ ਗਏ ਵਿਲੱਖਣ ਕਾਰਜਾਂ ਨੂੰ ਯਾਦ ਕਰਦਿਆ ਸ਼ਰਧਾ ਦੇ ਫੁੱਲ ਭੇਂਟ ਕਰਕੇ ਮਨਾਇਆ ਗਿਆ।
ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਪੁੱਜੇ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜੀ.ਐਸ. ਬਾਜਪਾਈ ਨੇ ਕਿਹਾ ਕਿ ਡਾ. ਅੰਬੇਦਕਰ ਵਿੱਦਿਅਕ ਸੋਚ ਦੇ ਧਾਰਨੀ ਅਤੇ ਕਾਨੂੰਨ ਨੀਤੀ ਘਾੜੇ ਸਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ‘ਚ ਡਾ. ਬੀ.ਆਰ ਅੰਬੇਦਕਰ ਚੇਅਰ ਸਥਾਪਤ ਕਰਨ ਲਈ ਸਰਕਾਰ ਨੂੰ ਲਿਖਿਆ ਜਾਵੇਗਾ ਤਾਂ ਜੋ ਡਾ. ਅੰਬੇਦਕਰ ਵੱਲੋਂ ਕਾਨੂੰਨ ਦੇ ਖੇਤਰ ‘ਚ ਪਾਏ ਯੋਗਦਾਨ ‘ਤੇ ਹੋਰ ਖੋਜ ਕੀਤੀ ਜਾ ਸਕੇ।
ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਡਾ. ਅੰਬੇਦਕਰ ਨੇ ਪੂਰਬ ਤੇ ਪੱਛਮ ਦਾ ਸਹੀ ਵਿਸ਼ਲੇਸ਼ਣ ਕਰਕੇ ਹਰੇਕ ਮਨੁੱਖ ਨੂੰ ਬਰਾਬਰੀ ਦਾ ਅਧਿਕਾਰ ਦੇਣ ਦੀ ਗੱਲ ਆਖੀ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਇਕ ਸਿੱਖਿਆ ਸ਼ਾਸਤਰੀ, ਸਮਾਜ ਸੁਧਾਰਕ ਤੇ ਸੰਵਿਧਾਨ ਦੇ ਰਚੇਤਾ ਹੋਣ ਦੇ ਨਾਲ-ਨਾਲ ਸਮਾਜ ਦੇ ਹਰੇਕ ਵਰਗ ਦੀ ਆਵਾਜ਼ ਹਨ।

ਗੁਰਮਤਿ ਲੋਕ ਧਾਰਾ ਵਿਚਾਰ ਮੰਚ ਦੇ ਪ੍ਰਧਾਨ ਵਿਸ਼ਵ ਬੁੱਧੀਜੀਵੀ ਫੋਰਮ ਦੇ ਚੀਫ਼ ਪੈਟਰਨ ਡਾ. ਸਵਰਾਜ ਨੇ ਡਾ. ਬੀ.ਆਰ ਅੰਬੇਦਕਰ ਦੇ ਜੀਵਨ ‘ਤੇ ਚਾਨਣਾ ਪਾਉਂਦਿਆਂ ਕਿਹਾ ਕਿ ਉਹ ਇਕ ਸੰਸਥਾ ਸਨ ਜੋ ਸਭ ਦੇ ਸਾਂਝੇ, ਸਿੱਖਿਅਤ ਅਤੇ ਨੈਤਿਕ ਸਮਾਜ ਦੀ ਗੱਲ ਕਰਦੇ ਸਨ। ਪ੍ਰਧਾਨ ਪੰਜਾਬ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਇੰਜ. ਆਰ.ਐਸ. ਸਿਆਣ ਨੇ ਡਾ. ਅੰਬੇਦਕਰ ਦੀ ਜੀਵਨ ਸ਼ੈਲੀ, ਵਿੱਦਿਅਕ ਸਫ਼ਰ ਤੇ ਸੰਵਿਧਾਨ ਪ੍ਰਤੀ ਕਾਰਜਾਂ ‘ਤੇ ਚਾਨਣਾ ਪਾਇਆ। ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਡਾ. ਸਾਹਿਬ ਦੇ ਖੋਜ ਕਾਰਜਾਂ ਅਤੇ ਕਿਤਾਬਾਂ ਦੇ ਜ਼ਿਕਰ ਦੇ ਨਾਲ ਨਾਲ ਭਾਰਤੀ ਰਿਜ਼ਰਵ ਬੈਂਕ ਦੀ ਸਥਾਪਨਾ ‘ਚ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਪੰਜਾਬ ਅਕਾਦਮਿਕ ਕੌਂਸਲ ਦੇ ਮੈਂਬਰ ਡਾ. ਹਰਨੇਕ ਸਿੰਘ ਨੇ ਡਾ. ਸਾਹਿਬ ਦੀ ਆਰਥਿਕ ਮਾਹਰ ਵਜੋਂ ਸ਼ਖਸੀਅਤ ‘ਤੇ ਚਾਨਣਾ ਪਾਇਆ।
ਸਮਾਗਮ ਦੌਰਾਨ ਪੀ.ਸੀ.ਆਰ. ਐਕਟ 1955 ਤਹਿਤ ਅੰਤਰਜਾਤੀ ਵਿਆਹ ਕਰਵਾਉਣ ਵਾਲੇ 30 ਜੋੜਿਆਂ ਨੂੰ 20 ਹਜ਼ਾਰ ਪ੍ਰਤੀ ਜੋੜੇ ਦੇ ਹਿਸਾਬ ਨਾਲ 6 ਲੱਖ ਰੁਪਏ ਦੀ ਰਾਸ਼ੀ ਤੇ ਐਨ.ਐਸ.ਸੀ. ਸਰਟੀਫਿਕੇਟਾਂ ਨਾਲ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਹਾਇਕ ਕਮਿਸ਼ਨਰ ਜਸਲੀਨ ਕੌਰ ਭੁੱਲਰ, ਜ਼ਿਲ੍ਹਾ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਅਫ਼ਸਰ ਸੁਖਸਾਗਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਸਮੇਤ ਪ੍ਰੋਗਰੈਸਿਵ ਵੈਲਫੇਅਰ ਐਸੋਸੀਏਸ਼ਨ, ਡਾ. ਅੰਬੇਦਕਰ ਸਟੂਡੈਂਟ ਫਰੰਟ ਆਫ਼ ਇੰਡੀਆ, ਡਾ. ਅੰਬੇਦਕਰ ਲਿਟਰੇਰੀ ਮਿਸ਼ਨ ਪਟਿਆਲਾ ਤੇ ਡਾ. ਬੀ.ਆਰ ਅੰਬੇਦਕਰ ਕਲੱਬ ਪਟਿਆਲਾ ਸਮੇਤ ਵੱਡੀ ਗਿਣਤੀ ਸੰਸਥਾਵਾਂ ਹਾਜ਼ਰ ਸਨ।
ਕੈਪਸ਼ਨ: ਵਾਈਸ ਚਾਂਸਲਰ ਡਾ. ਜੀ.ਐਸ. ਬਾਜਪਾਈ ਤੇ ਡਿਪਟੀ ਕਮਿਸ਼ਨਰ ਸੰਦੀਪ ਹੰਸ ਡਾ. ਭੀਮ ਰਾਓ ਅੰਬੇਦਕਰ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ।

Spread the love

Leave a Reply

Your email address will not be published. Required fields are marked *

Back to top button