Punjab-Chandigarh

ਸਵੀਪ ਟੀਮ ਨੇ ਐਨ.ਸੀ.ਸੀ. ਕੈਡੇਟਜ਼ ਨੂੰ ਵੋਟ ਦੀ ਅਹਿਮੀਅਤ ਪ੍ਰਤੀ ਕੀਤਾ ਜਾਗਰੂਕ

Shiv Kumar:

Patiala, 5 December: ਇੱਥੇ ਅੱਜ ਨੇਪਰੇ ਚੜ੍ਹੇ ਨੈਸ਼ਨਲ ਕੈਡੇਟ ਕੋਰ ਦੇ ਐਨੂਅਲ ਟਰੇਨਿੰਗ ਕੈਂਪ ਦੇ ਆਖਰੀ ਦਿਨ ਜ਼ਿਲ੍ਹਾ ਚੋਣ ਅਫ਼ਸਰ ਦੀ ਅਗਵਾਈ ਵਾਲੀ ਸਵੀਪ ਟੀਮ ਨੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਦੀ ਅਗਵਾਈ ‘ਚ ਪੰਜ ਜ਼ਿਲ੍ਹਿਆਂ ਤੋਂ ਆਏ ਕੈਡੇਟਸ ਨੂੰ ਵੋਟ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ।
  3 ਪੰਜਾਬ ਏਅਰ ਸੁਕੈਡਰਨ ਦੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਦੀ ਅਗਵਾਈ ‘ਚ ਨੇਪਰੇ ਚੜ੍ਹੇ ਉਕਤ ਕੈਂਪ ਦੇ ਸੰਚਾਲਨ ‘ਚ ਪ੍ਰੋ. ਨਵਜੋਤ ਸਿੰਘ, ਪ੍ਰੋ. ਬਲਦੇਵ ਸਿੰਘ ਤੇ ਲੈਕਚਰਾਰ ਸਤਬੀਰ ਸਿੰਘ (ਸਾਰੇ ਏ.ਐਨ.ਓਜ਼.) ਤੇ ਸੈਨਾ ਦੇ ਜਵਾਨਾਂ ਨੇ ਅਹਿਮ ਭੂਮਿਕਾ ਨਿਭਾਈ। ਇਸ ਮੌਕੇ ਡਾ. ਸੁਖਦਰਸ਼ਨ ਸਿੰਘ ਚਹਿਲ ਦਾ ਲਿਖਿਆ ਤੇ ਨਿਰਦੇਸ਼ਤ ਕੀਤਾ ਨਾਟਕ ‘ਲੋਕਤੰਤਰ ਦਾ ਤਿਉਹਾਰ’ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀਆਂ ਵੱਲੋਂ ਖੇਡਿਆ ਗਿਆ। ਜਿਸ ਰਾਹੀਂ ਉਨ੍ਹਾਂ ਨੇ ਹਰ ਯੋਗ ਵੋਟਰ ਨੂੰ ਵੋਟ ਬਣਾਉਣ ਤੇ ਵੋਟ ਦੀ ਸੋਚ ਸਮਝ ਕੇ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ। ਇਸ ਦੇ ਨਾਲ ਹੀ ਵੋਟ ਦੀ ਵਰਤੋਂ ਬਿਨਾ ਕਿਸੇ ਲੋਭ ਲਾਲਚ ਦੇ ਕਰਨ ਦਾ ਵੀ ਹੋਕਾ ਦਿੱਤਾ ਤੇ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਵੀ ਚਾਨਣਾ ਪਾਇਆ।
  ਇਸ ਮੌਕੇ ‘ਵੋਟ ਚੰਗੇ ਉਮੀਦਵਾਰ ਜਾਂ ਚੰਗੀ ਪਾਰਟੀ ਨੂੰ ਪਾਈ ਜਾਵੇ’ ਵਿਸ਼ੇ ‘ਤੇ ਵਾਦ-ਵਿਵਾਦ ਪ੍ਰਤੀਯੋਗਤਾ ਕਰਵਾਈ ਗਈ। ਜਿਸ ਵਿੱਚ ਦਰਜਨ ਦੇ ਕਰੀਬ ਕੈਡੇਟਸ ਤੇ ਨਾਟਕ ਮੰਡਲੀ ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਪ੍ਰਤੀਯੋਗਤਾ ‘ਚੋਂ ਮਲਟੀਪਰਪਜ਼ ਸਕੂਲ ਦੀ ਵਿਦਿਆਰਥਣ ਤਨੂਜਾ ਨੂੰ ਸਰਵਉੱਤਮ ਵਕਤਾ ਵਜੋਂ ਸਨਮਾਨਿਤ ਕੀਤਾ ਗਿਆ।
  ਇਸ ਮੌਕੇ ਗਰੁੱਪ ਕੈਪਟਨ ਰਾਜੇਸ਼ ਸ਼ਰਮਾ ਨੇ ਕੈਡੇਟਸ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਨ ਦਾ ਸੰਦੇਸ਼ ਦਿੱਤਾ ਅਤੇ ਲੋਕਾਂ ਨੂੰ ਵੀ ਨੈਤਿਕ ਕਦਰਾਂ ਕੀਮਤਾਂ ਪ੍ਰਤੀ ਸੁਚੇਤ ਕਰਨ ਦੀ ਅਪੀਲ ਕੀਤੀ। ਸਵੀਪ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਕੈਡੇਟਸ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦੀ ਵਰਤੋਂ ਕਰਨ ਸਮੇਂ ਸੂਝ-ਬੂਝ ਤੋਂ ਕੰਮ ਲੈਣ ਅਤੇ ਵੋਟ ਜ਼ਰੂਰ ਪਾਉਣ। ਉਨ੍ਹਾਂ ਕੈਡੇਟਸ ਨੂੰ ਅਪੀਲ ਕੀਤੀ ਕਿ ਉਹ ਵੋਟਾਂ ਵਾਲੇ ਦਿਨ ਚੋਣ ਕਮਿਸ਼ਨ ਦੀ ਮਦਦ ਕਰਨ। ਇਸ ਮੌਕੇ ਟਰੈਫ਼ਿਕ ਪੁਲਿਸ ਵੱਲੋਂ ਇੰਸਪੈਕਟਰ ਪੁਸ਼ਪਾ ਦੇਵੀ ਨੇ ਟਰੈਫ਼ਿਕ ਨਿਯਮਾਂ ਬਾਰੇ ਚਾਨਣਾ ਪਾਇਆ।

Spread the love

Leave a Reply

Your email address will not be published. Required fields are marked *

Back to top button