ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ ਤਹਿਤ ਉਜਵਲ ਭਾਰਤ ਉਜਵਲ ਭਵਿੱਖ ਸੰਮੇਲਨ ‘ਚ ਲਾਭਪਾਤਰੀਆਂ ਦੇ ਰੂਬਰੂ ਹੋਏ ਪ੍ਰਧਾਨ ਮੰਤਰੀ
ਪਟਿਆਲਾ, 30 ਜੁਲਾਈ:
ਆਜ਼ਾਦੀ ਦੇ ਅੰਮ੍ਰਿਤ ਮਹਾਂਉਤਸਵ ਤਹਿਤ ਇਕ ਹਫ਼ਤੇ ਤੋਂ ਮਨਾਏ ਜਾ ਰਹੇ ਬਿਜਲੀ ਮਹਾਂਉਤਸਵ ‘ਉਜਵਲ ਭਾਰਤ ਉਜਵਲ ਭਵਿੱਖ’ ਦੇ ਸਮਾਪਤੀ ਸਮਾਰੋਹ ਮੌਕੇ ਕਰਵਾਏ ਆਨ-ਲਾਈਨ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਿਜਲੀ ਵਿਭਾਗਾਂ ਦੀਆਂ ਸਕੀਮਾਂ ਦੇ ਲਾਭਪਾਤਰੀਆਂ ਨਾਲ ਸੰਵਾਦ ਰਚਾਇਆ।
ਇੱਥੇ ਬਹਾਵਲਪੁਰ ਪੈਲੇਸ ਵਿਖੇ ਕਰਵਾਏ ਸਮਾਰੋਹ ਮੌਕੇ ਪ੍ਰਿੰਸੀਪਲ ਸਕੱਤਰ ਪਾਵਰ ਸ੍ਰੀ ਤੇਜਵੀਰ ਸਿੰਘ, ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ ਇੰਜ. ਬਲਦੇਵ ਸਿੰਘ ਸਰਾਂ, ਡਾਇਰੈਕਟਰ ਉਤਪਾਦਨ ਇੰਜ. ਪਰਮਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਈਸ਼ਾ ਸਿੰਘਲ, ਸੰਯੁਕਤ ਡਾਇਰੈਕਟਰ ਮਨਿਸਟਰੀ ਆਫ਼ ਪਾਵਰ ਰਵੀਸ਼ੰਕਰ ਪ੍ਰਜਾਪਤੀ ਸਮੇਤ ਹੋਰ ਅਧਿਕਾਰੀ ਮੌਜੂਦ ਸਨ।
ਇਸ ਮੌਕੇ ਪ੍ਰਿੰਸੀਪਲ ਸਕੱਤਰ ਪਾਵਰ ਤੇਜਵੀਰ ਸਿੰਘ ਨੇ ਬਿਜਲੀ ਦੀ ਮਹੱਤਤਾ ਅਤੇ ਪਸਾਰ ਬਾਰੇ ਬੋਲਦਿਆਂ ਕਿਹਾ ਕਿ ਅੱਜ ਆਜ਼ਾਦੀ ਦੇ 75ਵੇਂ ਵਰ੍ਹੇ ‘ਚ ਪੰਜਾਬ ਦਾ ਕੋਈ ਵੀ ਪਿੰਡ ਜਾਂ ਸ਼ਹਿਰ ਅਜਿਹਾ ਨਹੀਂ ਜਿੱਥੇ ਬਿਜਲੀ ਦੀ ਪਹੁੰਚ ਨਾ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਸੂਬਾ ਕੇਂਦਰੀ ਬਿਜਲੀ ਮਹਿਕਮੇ ਵੱਲੋਂ ਬਣਾਈਆਂ ਜਾਂਦੀਆਂ ਹਰ ਘਰ ਤੱਕ ਬਿਜਲੀ ਪਹੁੰਚਾਉਣ ਅਤੇ ਬਿਜਲੀ ਸਪਲਾਈ ਨੈਟਵਰਕ ਸੁਧਾਰਾਂ ਨੂੰ ਅਪਣਾ ਕੇ ਇਸ ਵੇਲੇ ਨੰਬਰ ਇੱਕ ਸੂਬਾ ਬਣਿਆ ਹੋਇਆ ਹੈ। ਉਨ੍ਹਾਂ ਇਸ ਮੰਤਵ ਲਈ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਯੋਜਨਾਵਾਂ ਨੂੰ ਹਕੀਕੀ ਰੂਪ ਦੇਣ ਵਾਲੇ ਪੀ ਐਸ ਪੀ ਸੀ ਐਲ ਅਤੇ ਪੀ ਐਸ ਟੀ ਸੀ ਐਲ ਮਹਿਕਮਿਆਂ ਦੇ ਯੋਗਦਾਨ ਨੂੰ ਵੀ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਹੁਣ ਇਸ ਤੋਂ ਅੱਗੇ ਸੋਚਣ ਦੀ ਲੋੜ ਹੈ। ਹਾਲੇ ਵੀ ਬਿਜਲੀ ਦਾ ਜ਼ਿਆਦਾਤਰ ਉਤਪਾਦਨ ਕੋਲੇ ‘ਤੇ ਨਿਰਭਰ ਹੈ। ਸਾਨੂੰ ਬਦਲਵੇਂ ਸਰੋਤਾਂ ਜਿਵੇਂ ਹਾਈਡਲ ਪ੍ਰਾਜੈਕਟਾਂ, ਪਣ ਬਿਜਲੀ ਅਤੇ ਸੋਲਰ ਪਾਵਰ ਪ੍ਰਾਜੈਕਟਾਂ ਨੂੰ ਅਪਨਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਬਿਜਲੀ ਉਤਪਾਦਨ ਵਿੱਚ ਆਤਮ ਨਿਰਭਰ ਹਾਂ ਪਰ ਸਾਨੂੰ ਬਦਲਵੇਂ ਸਰੋਤਾਂ ਨੂੰ ਅਪਣਾ ਕੇ, ਬਿਜਲੀ ਉਤਪਾਦਨ ਵਿੱਚ ਸਵੈ-ਨਿਰਭਰ ਬਣਨ ਵੱਲ ਵੀ ਵਧਣਾ ਪਵੇਗਾ।
ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਨੇ ਦੇਸ਼ ਦੇ 75 ਸਾਲਾਂ ਦੇ ਇਤਿਹਾਸ ‘ਚ ਬਿਜਲੀ ਖੇਤਰ ‘ਚ ਆਈ ਕ੍ਰਾਂਤੀ, ਘਰ-ਘਰ ਤੱਕ ਚਾਨਣ ਪਹੁੰਚਾਉਣ ਅਤੇ ਅਗਲੇ 25 ਸਾਲ ਜਦੋਂ ਆਜ਼ਾਦੀ ਪ੍ਰਾਪਤੀ ਨੂੰ 100 ਵਰ੍ਹੇ ਹੋ ਜਾਣਗੇ, ਦੀਆਂ ਭਵਿੱਖੀ ਯੋਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕੁਝ ਅੰਕੜੇ ਦੱਸਦਿਆਂ ਕਿਹਾ ਕਿ ਦੇਸ਼ ਨੇ 2030 ਤੱਕ 40 ਫ਼ੀਸਦੀ ਊਰਜਾ ਉਤਪਾਦਨ ਨਵਿਆਉਣਯੋਗ ਸਰੋਤਾਂ ਤੋਂ ਹਾਸਲ ਕਰਨ ਦੇ ਟੀਚੇ ਨੂੰ 9 ਸਾਲ ਪਹਿਲਾਂ ਹੀ 2021 ‘ਚ ਪ੍ਰਾਪਤ ਕਰ ਲਿਆ ਹੈ। ਅੱਜ ਇਹ ਸੋਮੇ 1.63 ਲੱਖ ਮੈਗਾਵਾਟ ਊਰਜਾ ਦਾ ਯੋਗਦਾਨ ਪਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਨੂੰ ਮਜ਼ਬੂਤ ਕਰਨ ਲਈ ਬਿਜਲੀ (ਖਪਤਕਾਰਾਂ ਦੇ ਅਧਿਕਾਰ) ਨਿਯਮ, 2020 ਲਿਆਂਦੇ ਗਏ ਹਨ, ਜਿਸ ਵਿੱਚ ਨਵਾਂ ਕੁਨੈਕਸ਼ਨ ਪ੍ਰਾਪਤ ਕਰਨ ਲਈ ਸਮਾਂ-ਸੀਮਾ ਦਾ ਨਿਰਧਾਰਣ, ਸੋਲਰ ਰੂਫ਼ ਟਾਪ ਸਕੀਮ ਰਾਹੀਂ ਖਪਤਕਾਰ ਨੂੰ ਬਿਜਲੀ ਵੇਚਣ ਵਾਲਾ, ਸਮੇਂ ਸਿਰ ਬਿੱਲ ਯਕੀਨੀ ਬਣਾਉਣਾ, ਮੀਟਰ ਨਾਲ ਸਬੰਧਤ ਮੁਸ਼ਕਿਲਾਂ ਨੂੰ ਨਿਪਟਾਉਣ ‘ਚ ਸਮਾਂ ਸੀਮਾ ਨਿਸ਼ਚਿਤ ਕਰਨਾ, ਦੂਸਰੀਆਂ ਸੇਵਾਵਾਂ ਲਈ ਸੂਬਾਈ ਰੈਗੂਲੇਟਰੀ ਕਮਿਸ਼ਨ ਨੂੰ ਸਮਾਂ ਸੀਮਾ ਨਿਰਧਾਰਿਤ ਕਰਨ ਦੇ ਅਧਿਕਾਰ ਦੇਣਾ, 24 ਘੰਟੇ ਸੱਤੋ ਦਿਨ ਚੱਲਣ ਵਾਲੇ ਸ਼ਿਕਾਇਤ ਨਿਵਾਰਣ ਕੇਂਦਰਾਂ ਦੀ ਸਥਾਪਨਾ ਪ੍ਰਮੁੱਖ ਤੌਰ ‘ਤੇ ਸ਼ਾਮਿਲ ਹੈ।
ਆਨਲਾਈਨ ਸਮਗਾਮ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਬਿਜਲੀ ਖੇਤਰ ‘ਚ ਵੱਡੇ ਸੁਧਾਰ ਲਿਆਉਣ ਤੇ 2047 ਦੇ ਭਾਰਤ ‘ਚ ਬਿਜਲੀ ਪੈਦਾ ਕਰਨ ਦੇ ਬਦਲਵੇਂ ਵਿਕਲਪਾਂ ‘ਤੇ ਚਰਚਾ ਕਰਦਿਆਂ ਉਨ੍ਹਾਂ ਤਿੰਨ ਵੱਡੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ।
ਕੈਪਸ਼ਨ: ਪ੍ਰਿੰਸੀਪਲ ਸਕੱਤਰ ਪਾਵਰ ਤੇਜਵੀਰ ਸਿੰਘ ਤੇ ਸੀ.ਐਮ.ਡੀ. ਇੰਜ. ਬਲਦੇਵ ਸਿੰਘ ਸਰਾਂ ਉਜਵਲ ਭਾਰਤ ਉਜਵਲ ਭਵਿੱਖ ਸਮਾਗਮ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਵਾਦ ਰਚਾਉਣ ਲਈ ਕਰਵਾਏ ਸੰਮੇਲਨ ‘ਚ ਸ਼ਿਰਕਤ ਕਰਦੇ ਹੋਏ।