6 ਸਾਲ ਪੁਰਾਣੇ ਕੇਸ ਦਾ ਨਿਪਟਾਰਾ ਕੌਮੀ ਲੋਕ ਅਦਾਲਤ ‘ਚ ਕਰਵਾ ਕੇ ਦੋਵੇਂ ਧਿਰਾਂ ਖੁਸ਼ ਹੋਈਆਂ
ਦੋਵਾਂ ਧਿਰਾਂ ਦਾ ਸਮਝੌਤਾ ਕੁੱਲ 5,30,53,2655 ਰੁਪਏ ‘ਚ ਕਰਵਾਕੇ ਅਵਾਰਡ ਦੀ ਰਕਮ ਮੌਕੇ ‘ਤੇ ਹੀ ਡਿਕਰੀ ਹੋਲਡਰ ਦੇ ਬੈਂਕ ਖਾਤੇ ‘ਚ ਪੁਆਈ -ਤਰਸੇਮ ਮੰਗਲਾ
ਪਟਿਆਲਾ, 17 ਅਗਸਤ:
ਬੀਤੇ ਦਿਨ ਪਟਿਆਲਾ ਸੈਸ਼ਨ ਡਿਵੀਜ਼ਨ ਵਿਖੇ ਲੱਗੀ ਕੌਮੀ ਲੋਕ ਅਦਾਲਤ ਵਿੱਚ ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ ਐਚ ਐਸ ਗਰੇਵਾਲ ਦੇ ਬੈਂਚ ਵੱਲੋਂ ਮੈਸਰਜ਼ ਨਾਭਾ ਪਾਵਰ ਲਿਮਟਿਡ ਬਨਾਮ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਦਰਮਿਆਨ ਚੱਲ ਰਹੇ 06 ਸਾਲ ਪੁਰਾਣੇ ਕੇਸ ਦਾ ਨਿਪਟਾਰਾ ਆਪਸੀ ਸਹਿਮਤੀ ਅਤੇ ਸਮਝੋਤੇ ਰਾਹੀਂ ਕਰਵਾਏ ਜਾਣ ‘ਤੇ ਦੋਵਾਂ ਧਿਰਾਂ ਖੁਸ਼ ਹੋ ਗਈਆਂ।
ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਅਤੇ ਸ਼ੈਸ਼ਨਜ਼ ਜੱਜ ਸ੍ਰੀ ਤਰਸੇਮ ਮੰਗਲਾ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ ਦੌਰਾਨ ਗ਼ੈਰ ਰਾਜੀਨਾਮਾ ਯੋਗ ਫ਼ੌਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਲਗਾਏ ਗਏ।ਸ੍ਰੀ ਮੰਗਲਾ ਨੇ ਦੱਸਿਆ ਕਿ ਐਚ.ਐਸ. ਗਰੇਵਾਲ ਦੇ ਅਦਾਲਤੀ ਬੈਂਚ ਵੱਲੋਂ ਦੋਵਾਂ ਧਿਰਾਂ ‘ਚ ਇਹ ਸਮਝੌਤਾ ਕੁੱਲ 5,30,53,2655 ਰੁਪਏ ‘ਚ ਕਰਵਾਕੇ ਅਵਾਰਡ ਦੀ ਰਕਮ ਮੌਕੇ ‘ਤੇ ਹੀ ਡਿਕਰੀ ਹੋਲਡਰ ਦੇ ਬੈਂਕ ਖਾਤੇ ਵਿੱਚ ਪੁਆਈ ਗਈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਤਰ੍ਹਾਂ ਐਚ ਐਸ ਗਰੇਵਾਲ ਦੇ ਬੈਂਚ ਵਲੋਂ ਪੰਜ ਹੋਰ ਕੇਸਾਂ ‘ਚ 17,57,99,304 ਰੁਪਏ ਦੇ ਅਵਾਰਡ ਪਾਸ ਕੀਤੇ ਗਏ ਤੇ ਅਵਾਰਡ ਦੀ ਰਕਮ ਮੌਕੇ ‘ਤੇ ਹੀ ਲੈਣਦਾਰ ਦੇ ਬੈਂਕ ਖਾਤਿਆਂ ਵਿੱਚ ਪੁਆਈ ਗਈ।ਇਸ ਤਰ੍ਹਾਂ ਇਸ ਬੈਂਚ ਵਲੋਂ ਕੁੱਲ 70,63,31,959 ਰੁਪਏ ਦੇ ਅਵਾਰਡ ਇਸ ਨੈਸ਼ਨਲ ਲੋਕ ਅਦਾਲਤ ਵਿੱਚ ਪਾਸ ਕੀਤੇ ਗਏ।
ਸੈਸ਼ਨਜ਼ ਜੱਜ ਤਰਸੇਮ ਮੰਗਲਾ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਜ-ਕਮ-ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਕਾਰਜਕਾਰੀ ਚੇਅਰਮੈਨ ਜਸਟਿਸ ਤੇਜਿੰਦਰ ਸਿੰਘ ਢੀਂਡਸਾ ਦੇ ਮਾਰਗਦਰਸ਼ਨ ਹੇਠ ਲੱਗੀ ਇਸ ਕੌਮੀ ਲੋਕ ਅਦਾਲਤ ‘ਚ ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ ਜਸਪਿੰਦਰ ਸਿੰਘ ਤੇ ਵਧੀਕ ਜਿਲਾ ਅਤੇ ਸੈਸ਼ਨਜ਼ ਜੱਜ, ਫੈਮਿਲੀ ਕੋਰਟ ਮਿਸ ਦੀਪਿਕਾ ਸਿੰਘ ਦੇ ਬੈਂਚਾਂ ਵਲੋਂ ਵੀ ਪਤੀ ਪਤਨੀ ਦੇ ਪਰਿਵਾਰਿਕ ਝਗੜਿਆਂ ਦਾ ਫੈਸਲਾ ਆਪਸੀ ਸਮਝੌਤੇ ਰਾਂਹੀ ਕੀਤਾ ਗਿਆ। ਇਸ ਦੌਰਾਨ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਮੈਂਬਰ ਸਕੱਤਰ ਜੱਜ ਅਰੁਣ ਗੁਪਤਾ ਨੇ ਵੀ ਤਰਸੇਮ ਮੰਗਲਾ ਦੇ ਨਾਲ ਇਸ ਅਦਾਲਤ ਦਾ ਜਾਇਜ਼ਾ ਲਿਆ ਅਤੇ ਦੋਵਾਂ ਧਿਰਾਂ ਦੀ ਸ਼ਲਾਘਾ ਕੀਤੀ