ਟੀਕਾਕਰਨ ਵਿਸ਼ੇਸ਼ ਮੁਹਿੰਮ ਤਹਿਤ 546 ਬੱਚਿਆਂ ਅਤੇ 130 ਗਰਭਵਤੀ ਔਰਤਾਂ ਦਾ ਹੋਇਆ ਟੀਕਾਕਰਨ
ਪਟਿਆਲਾ 28 ਅਪ੍ਰੈਲ:
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਮਾਰੂ ਬਿਮਾਰੀਆਂ ਤੋਂ ਬਚਾ ਕੇ ਜੱਚਾ ਬੱਚਾ ਮੌਤ ਦਰ ਨੂੰ ਘਟਾਉਣ ਲਈ ਅਧੂਰਾ ਜਾਂ ਕਿਸੇ ਕਾਰਨ ਟੀਕਾਕਰਨ ਤੋਂ ਵਾਂਝੇ ਰਹਿ ਗਏ ਬੱਚਿਆਂ ਅਤੇ ਗਰਭਵਤੀ ਮਾਵਾਂ ਦਾ ਸੰਪੂਰਨ ਟੀਕਾਕਰਨ ਕਰਨ ਲਈ ਮਿਤੀ 24 ਤੋਂ 28 ਅਪ੍ਰੈਲ ਤੱਕ ਵਿਸ਼ੇਸ਼ ਟੀਕਾਕਰਨ ਮੁਹਿੰਮ ਦਾ ਤੀਸਰਾ ਰਾਊਂਡ ਚਲਾਇਆ ਗਿਆ ਸੀ। ਜਿਸ ਤਹਿਤ ਜ਼ਿਲ੍ਹੇ ਵਿੱਚ 546 ਬੱਚਿਆਂ ਅਤੇ 130 ਗਰਭਵਤੀ ਔਰਤਾਂ ਵੱਲੋਂ ਆਪਣਾ ਟੀਕਾਕਰਨ ਕਰਵਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਜਗਪਾਲ ਇੰਦਰ ਸਿੰਘ ਨੇ ਕਿਹਾ ਕਿ ਕਿਹਾ ਇਸ ਵਿਸ਼ੇਸ਼ ਮੁਹਿੰਮ ਦੌਰਾਨ ਜ਼ਿਲ੍ਹੇ ਵਿੱਚ 74 ਸੈਸ਼ਨ ਲਗਾ ਕੇ 332 ਬੱਚਿਆਂ ਨੂੰ ਕਵਰ ਕਰਨ ਦਾ ਟੀਚਾ ਰੱਖਿਆ ਗਿਆ ਸੀ ਜਦ ਕਿ ਮੁਹਿੰਮ ਦੌਰਾਨ ਟੀਚੇ ਨਾਲੋਂ ਵੱਧ ਪ੍ਰਾਪਤੀ ਹੋਈ ਹੈ।
ਉਹਨਾਂ ਦੱਸਿਆ ਕਿ ਇਸ ਮੁਹਿੰਮ ਦੌਰਾਨ ਉੱਚ ਜੋਖ਼ਮ ਵਾਲੇ ਖੇਤਰ ਜਿਵੇਂ ਪਰਵਾਸੀ ਆਬਾਦੀ, ਖਾਨਾਬਦੋਸ਼ ਸਾਈਟਾਂ, ਇੱਟਾਂ ਦੇ ਭੱਠੇ, ਝੁੱਗੀ ਝੋਂਪੜੀਆਂ ,ਅਨਾਥ ਆਸ਼ਰਮ, ਜੇਲ੍ਹਾਂ ਆਦਿ ਨੂੰ ਜ਼ਿਆਦਾ ਫੋਕਸ ਕਰਨ ਲਈ ਲੋੜ ਅਨੁਸਾਰ ਸਿਹਤ ਸਟਾਫ਼ ਦੀਆਂ ਟੀਮਾਂ ਗਠਿਤ ਕਰਕੇ ਕੈਂਪ ਲਗਾ ਕੇ ਟੀਕਾਕਰਨ ਕੀਤਾ ਗਿਆ। ਉਹਨਾਂ ਮੁਹਿੰਮ ਨੂੰ ਕਾਮਯਾਬ ਬਣਾਉਣ ਲਈ ਜਿਥੇ ਸਿਹਤ ਸਟਾਫ਼ ਦੇ ਕੰਮ ਦੀ ਸ਼ਲਾਘਾ ਕੀਤੀ ਉਥੇ ਪਰਿਵਾਰਾਂ, ਪਿੰਡਾਂ ਦੀਆਂ ਪੰਚਾਇਤਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਵੀ ਮੁਹਿੰਮ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।