45 ਸਾਲ ਅਤੇ ਉੱਪਰ ਉਮਰ ਵਰਗ ਦੇ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਵੱਡਾ ਫ਼ੈਸਲਾ
ਪਟਿਆਲਾ ਜ਼ਿਲ੍ਹੇ ’ਚ ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਚੱਲ ਰਹੇ ਟੀਕਾਕਰਣ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਉਂਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੋਮਵਾਰ ਤੋਂ ਇਸ ਨੂੰ ਜ਼ਿਲ੍ਹੇ ਦੇ ਪਿੰਡ-ਪਿੰਡ ਤੇ ਵਾਰਡ-ਵਾਰਡ ਤੱਕ ਪਹੁੰਚਾਉਣ ਦਾ ਫ਼ੈਸਲਾ ਲਿਆ ਹੈ। ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੇਰ ਸ਼ਾਮ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਦਾ ਇੱਕੋ-ਇੱਕ ਹੱਲ ਟੀਕਾਕਰਣ ਹੈ ਅਤੇ ਲੋਕਾਂ ਵੱਲੋਂ ਦਿਖਾਈ ਜਾ ਰਹੀ ਝਿਜਕ ਦੇ ਮੱਦੇਨਜ਼ਰ ਇਸ ਸਹੂਲਤ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਨਿਰਣਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਟੀਕਾਕਰਣ ਦਾ ਘੇਰਾ ਵਧਾਉਣ ਦਾ ਫ਼ੈਸਲਾ ਅਗਲੇ ਦਿਨਾਂ ’ਚ ਸ਼ੁਰੂ ਹੋ ਰਹੇ ਕਣਕ ਦੇ ਖਰੀਦ ਸੀਜ਼ਨ ਨੂੰ ਵੀ ਮੁੱਖ ਰੱਖ ਕੇ ਲਿਆ ਗਿਆ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਦਾ ਟੀਕਾਕਰਣ ਮੁਕੰਮਲ ਹੋ ਸਕੇ। ਉਨ੍ਹਾਂ ਦੱਸਿਆ ਕਿ ਪਹਿਲੀ ਅਪਰੈਲ ਤੋਂ 45 ਸਾਲ ਅਤੇ ਇਸ ਤੋਂ ਉੱਪਰ ਉਮਰ ਵਰਗ ਦੇ ਹਰ ਇੱਕ ਵਿਅਕਤੀ ਦਾ ਟੀਕਾਕਰਣ ਸ਼ੁਰੂ ਹੋਣ ਬਾਅਦ, ਟੀਕਾਕਰਣ ਮੁਹਿੰਮ ’ਚ ਤੇਜ਼ੀ ਲਿਆਉਣ ਦਾ ਇਹ ਫ਼ੈਸਲਾ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਮੁੱਖ ਰੱਖ ਕੇ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਨੁਸਾਰ ਸੋਮਵਾਰ ਨੂੰ 17 ਥਾਂਵਾਂ ’ਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਟੀਕਾਕਰਣ ਕੀਤਾ ਜਾਵੇਗਾ, ਜਿਸ ਨਾਲ ਇਨ੍ਹਾਂ ਥਾਂਵਾਂ ਦੇ ਆਸ ਪਾਸ ਰਹਿੰਦੇ ਯੋਗ ਵਿਅਕਤੀ ਵੀ ਟੀਕਾਕਰਣ ਦੀ ਸੁਵਿਧਾ ਦਾ ਲਾਭ ਲੈ ਸਕਦੇ ਹਨ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਅਨੁਸਾਰ ਸੋਮਵਾਰ ਨੂੰ ਪਟਿਆਲਾ ਵਿੱਚ ਸਰਕਾਰੀ ਕਾਲਜ (ਲੜਕੀਆਂ) ਪਟਿਆਲਾ, ਵਾਰਡ ਨੰਬਰ 35 ਨਵੀਂ ਅਫ਼ਸਰ ਕਲੋਨੀ, ਵਾਰਡ ਨੰ. 58 ਧਰਮਸ਼ਾਲਾ ਪ੍ਰਤਾਪ ਨਗਰ, ਵਾਰਡ ਨੰ. 48 ਗੁਰਦੁਆਰਾ ਖਾਲਸਾ ਮੁਹੱਲਾ, ਲੋਕ ਨਿਰਮਾਣ ਵਿਭਾਗ ਬਲਾਕ ਮਿਨੀ ਸਕੱਤਰੇਤ, ਨਗਰ ਨਿਗਮ ਦਫ਼ਤਰ, ਸ਼ਿਵਾਲਿਕ ਸਕੂਲ ਐਸ ਐਸ ਟੀ ਨਗਰ, ਅਪੋਲੋ ਸਕੂਲ ਅਰਬਨ ਅਸਟੇਟ, ਸ਼ਿਵ ਮੰਦਰ ਕਿਲਾ ਚੌਂਕ, ਕਾਲੀ ਦੇਵੀ ਮੰਦਰ, ਵਾਰਡ ਨੰ. 46 ਪਟਿਆਲਾ, ਸਹਿਕਾਰੀ ਸਭਾ ਕਲਿਆਣ, ਐਸਕਾਰਟਸ ਬਹਾਦਰਗੜ੍ਹ, ਬੁੰਗੇ (ਰਾਜਪੁਰਾ), ਐਚ ਯੂ ਐਲ ਨਾਭਾ, ਮਾਰਕੀਟ ਕਮੇਟੀ ਪਾਤੜਾਂ, ਸਹਿਕਾਰੀ ਸਭਾ ਦੇਵੀਗੜ੍ਹ ਵਿਖੇ ‘ਆਊਟ ਰੀਚ ਕੈਂਪ’ ਲਾਏ ਜਾ ਸਕਦੇ ਹਨ, ਜਿੱਥੇ ਆਸ-ਪਾਸ ਦੇ ਲੋਕ ਆਪਣਾ ਟੀਕਾਕਰਣ ਕਰਵਾ ਸਕਦੇ ਹਨ।