ਗੁਬਾਰੇ ਵੇਚਦੇ 2 ਬੱਚਿਆਂ ਨੂੰ ‘ਭਿੱਖਿਆ ਦੇ ਰਾਹ ਤੋਂ ਸਿੱਖਿਆ’ ਦੇ ਰਾਹ ‘ਤੇ ਲਿਜਾਣ ਲਈ ਸਕੂਲ ‘ਚ ਦਾਖਲ ਕਰਵਾਇਆ
ਪਟਿਆਲਾ, 3 ਮਈ:
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਅਰੰਭੇ ਵਿਸ਼ੇਸ਼ ਪ੍ਰਾਜੈਕਟ ‘ਮੇਰਾ ਬਚਪਨ’ ਤਹਿਤ ਗੁਬਾਰੇ ਵੇਚਦੇ ਜਾਂ ਭੀਖ ਮੰਗਦੇ ਬੱਚਿਆਂ ਨੂੰ ‘ਭਿੱਖਿਆ ਦੇ ਰਾਹ ਤੋਂ ਸਿੱਖਿਆ’ ਦੇ ਰਾਹ ‘ਤੇ ਲਿਜਾਣ ਲਈ ਜਿੱਥੇ ਸਕੂਲ ਆਨ ਵ੍ਹੀਲ ਚਲਾਇਆ ਜਾ ਰਿਹਾ ਹੈ, ਉਥੇ ਹੀ ਸਕੂਲੀ ਸਿੱਖਿਆ ਲਈ ਰਾਜੀ ਹੋਣ ਵਾਲੇ ਇਨ੍ਹਾਂ ਬੱਚਿਆਂ ਨੂੰ ਸਕੂਲ ਵਿੱਚ ਵੀ ਦਾਖਲ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਨ ਹਿਤ ਸੰਮਤੀ, ਦੇ ਵਿਨੋਦ ਸ਼ਰਮਾ, ਜਿਨ੍ਹਾਂ ਦੇ ਸਹਿਯੋਗ ਨਾਲ ਸਕੂਲ ਆਨ ਵ੍ਹੀਲ ਚਲਾਇਆ ਜਾ ਰਿਹਾ ਹੈ ਵੱਲੋਂ ਦੋ ਵਿਦਿਆਰਥੀਆਂ, ਜਸਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਨੂੰ ਸਰਕਾਰੀ ਮਲਟੀਪਰਪਜ ਸਕੂਲ ਵਿਖੇ ਛੇਵੀਂ ਜਮਾਤ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਬੱਚੇ ਗੁਬਾਰੇ ਵੇਚਦੇ ਸਨ ਅਤੇ ਇਨ੍ਹਾਂ ਦੇ ਪਿਤਾ ਰੇਹੜੀ ਲਾਉਂਦੇ ਸਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਕੂਲ ਆਨ ਵ੍ਹੀਲ ‘ਚ ਵਲੰਟੀਅਰ ਕਮਲ, ਰਜਨੀ, ਕੰਵਰ, ਚਾਰੂ ਤੇ ਗੁਰਦੀਪ ਸਿੰਘ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਵੋਕੇਸ਼ਨਲ ਟ੍ਰੇਨਿੰਗ ਵੀ ਦਿਵਾ ਰਹੇ ਹਨ। ਇਸ ਤੋਂ ਬਿਨ੍ਹਾਂ ਲੀਲ੍ਹਾ ਭਵਨ ਚੌਂਕ ਵਿਖੇ ਗੁਬਾਰੇ ਵੇਚਣ ਵਾਲੇ ਜਾਂ ਭੀਖ ਮੰਗਣ ਵਾਲੇ ਬੱਚਿਆਂ ਦੀਆਂ ਮਾਵਾਂ ਨੂੰ ਵੀ ਵੋਕੇਸ਼ਨਲ ਟ੍ਰੇਨਿੰਗ ਦਿਵਾ ਕੇ ਸਵੈ-ਰੋਜ਼ਗਾਰ ਦੇ ਕਾਬਲ ਬਣਾਉਣ ਲਈ ਮਹਿੰਦੀ ਲਗਾਉਣ, ਸਿਲਾਈ, ਕਢਾਈ ਤੇ ਪੇਟਿੰਗ ਸਮੇਤ ਹੋਰ ਹੱਥੀਂ ਕੰਮ ਕਰਨਾ ਸਿਖਾਇਆ ਜਾ ਰਿਹਾ ਹੈ ਤਾਂ ਕਿ ਇਹ ਭੀਖ ਨਾ ਮੰਗਣ ਸਗੋਂ ਆਪਣਾ ਕੰਮ ਕਰਕੇ ਜੀਵਨ ਨਿਰਬਾਹ ਕਰ ਸਕਣ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਵੀ ਸਕੂਲ ਆਨ ਵੀਲ੍ਹ ਦੇ ਵਿਦਿਆਰਥੀ ਬੱਚਿਆਂ ਨਾਲ ਮੁਲਾਕਾਤ ਕਰਦਿਆਂ ਕਿਹਾ ਸੀ ਕਿ ”ਇਹ ਬੱਚੇ ਕਿਸੇ ਵੀ ਪਾਸੋਂ ਵਿਹੂਣੇ ਨਹੀਂ ਸਗੋਂ ਵਿਲੱਖਣ ਕਲਾ ਦੇ ਮਾਲਕ ਹਨ ਪਰੰਤੂ ਇਨ੍ਹਾਂ ਨੂੰ ਸਰਪ੍ਰਸਤੀ ਦੀ ਲੋੜ ਹੈ, ਜਿਹੜੀ ਕਿ ਸਕੂਲ ਆਨ ਵੀਲ ਇਨ੍ਹਾਂ ਨੂੰ ਪ੍ਰਦਾਨ ਕਰ ਰਿਹਾ ਹੈ।” ਉਨ੍ਹਾਂ ਹੋਰ ਕਿਹਾ ਕਿ ਗੁਬਾਰੇ ਵੇਚਦੇ ਜਾਂ ਭੀਖ ਮੰਗਦੇ ਬੱਚਿਆਂ ਨੂੰ ‘ਭਿੱਖਿਆ ਦੇ ਰਾਹ ਤੋਂ ਸਿੱਖਿਆ’ ਦੇ ਰਾਹ ‘ਤੇ ਲਿਜਾਣ ਦੇ ਪ੍ਰਾਜੈਕਟ ਨੂੰ ਸਫ਼ਲ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਯਤਨਸ਼ੀਲ ਹੈ।