ਈਟ ਰਾਈਟ ਮਿਲੇਟਸ ਮੇਲੇ ‘ਚ ਲੱਗੀਆਂ ਮੋਟੇ ਅਨਾਜ ਤੋਂ ਬਣੇ ਪਦਾਰਥਾਂ ਦੀਆਂ 19 ਸਟਾਲਾਂ ਨੇ ਪਟਿਆਲਵੀਆਂ ਦੇ ਜ਼ਾਇਕੇ ‘ਚ ਲਿਆਂਦਾ ਹੋਰ ਨਿਖਾਰ
Harpreet Kaur ( The Mirror Time )
ਪਟਿਆਲਾ, 23 ਅਪ੍ਰੈਲ:
ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੀ ਅਗਵਾਈ ‘ਚ ਅਤੇ ਸਹਾਇਕ ਕਮਿਸ਼ਨਰ (ਯੂ.ਟੀ) ਡਾ. ਅਕਸ਼ਿਤਾ ਗੁਪਤਾ ਦੀ ਦੇਖ ਰੇਖ ‘ਚ ਈਟ ਰਾਈਟ ਮਿਲੇਟਸ ਮੇਲਾ ਲਗਾਇਆ ਗਿਆ, ਜਿਸ ‘ਚ ਮੋਟੇ ਅਨਾਜ ਤੋਂ ਤਿਆਰ ਵੱਖ ਵੱਖ ਖਾਣ ਅਤੇ ਪੀਣ ਵਾਲੀਆਂ ਵਸਤਾਂ ਦੀਆਂ ਲੱਗੀਆਂ 19 ਸਟਾਲਾਂ ਨੇ ਪਟਿਆਲਵੀਆਂ ਦੇ ਜ਼ਾਇਕੇ ‘ਚ ਅੱਜ ਹੋਰ ਨਿਖਾਰ ਲੈ ਆਉਦਾ ਹੈ।
ਡਾ. ਅਕਸ਼ਿਤਾ ਗੁਪਤਾ ਨੇ ਮੇਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਈਟ ਰਾਈਟ ਮੇਲੇ ਨੂੰ ਕਰਵਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਮਿਲੇਟ ਸਾਲ-2023 ਦੇ ਮੱਦੇਨਜ਼ਰ ਫੂਡ ਸੇਫਟੀ ਐਂਡ ਡਰੱਗ ਐਡਮਨਿਸਟਰੇਸ਼ਨ, ਪੰਜਾਬ (ਐਫ.ਡੀ.ਏ) ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ‘ਆਪਣਾ ਵਿਰਸਾ, ਮੂਲ ਅਨਾਜ ਤਹਿਤ ਕਰਵਾਏ ਇਸ ਮੇਲੇ ਦਾ ਜਿਥੇ ਆਮ ਲੋਕਾਂ ਨੇ ਲਾਭ ਲਿਆ ਹੈ, ਉਥੇ ਹੀ ਕੁਦਰਤੀ ਖੇਤੀ ਕਰਨ ਵਾਲਿਆਂ ਨੂੰ ਵੀ ਹੌਸਲਾ ਅਫ਼ਜ਼ਾਈ ਮਿਲੀ ਹੈ।
ਸਰਕਾਰੀ ਬਹੁ ਤਕਨੀਕੀ ਕਾਲਜ ਦੇ ਮੈਦਾਨ ‘ਚ ਲੱਗੀਆਂ ਸਟਾਲਾਂ ‘ਚ ਖੇੜਾ ਜੱਟਾ ਤੋਂ ਆਏ ਮਨਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਹਿਫ਼ਾਜ਼ਤ ਫਾਰਮ ਵੱਲੋਂ ਚਲਾਇਆ ਜਾ ਰਿਹਾ ਹੈ ਜਿਸ ‘ਚ ਕੁਦਰਤੀ ਖੇਤੀ ਕੀਤੀ ਜਾਂਦੀ ਹੈ ਅਤੇ ਹੁਣ ਲੋਕ ਇਸ ਪ੍ਰਤੀ ਜਾਗਰੂਕ ਵੀ ਹੋ ਰਹੇ ਹਨ। ਇਸੇ ਤਰ੍ਹਾਂ ਡਾ. ਰੋਜ਼ੀ ਸਿੰਗਲਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ੀ ਫੂਡ ਨਾਮ ਹੇਠ ਮਿਲਟੇਸ ਦਾ ਕੰਮ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਇਨ੍ਹਾਂ ਦੇ ਲਾਭ ਬਾਰੇ ਦੱਸਿਆ ਜਾ ਸਕੇ।
ਮੇਲੇ ‘ਚ ਪਾਤੜਾਂ ਤੋਂ ਆਏ ਅਤੇ ਗਰੋਅ ਹੈਲਥੀ ਨਾਮ ਹੇਠ ਆਰਗੈਨਿਕ ਖੇਤੀ ਕਰਦੇ ਅਤਿੰਦਰ ਪਾਲ ਸਿੰਘ (ਜੋਲੀ) ਨੇ ਕਿਹਾ ਕਿ ਸਰਕਾਰ ਵੱਲੋਂ ਮਿਲੇਟਸ ਦੀ ਖੇਤੀ ਕਰਨ ਲਈ ਉਤਸ਼ਾਹਤ ਕੀਤਾ ਜਾ ਰਿਹਾ ਹੈ ਤੇ ਇਸ ‘ਚ ਰਵਾਇਤੀ ਫ਼ਸਲ ਦੇ ਮੁਕਾਬਲੇ ਜ਼ਿਆਦਾ ਆਮਦਨ ਵੀ ਹੈ।
ਇਸ ਮੌਕੇ ਡਾ. ਆਜ਼ਾਦ ਨੇਚਰ ਵੱਲੋਂ ਵਿਸ਼ੇਸ਼ ਤੌਰ ‘ਤੇ ਪੁੱਜੇ ਡਾ. ਅਨੁਪਮ ਆਜ਼ਾਦ ਨੇ ਦੱਸਿਆ ਕਿ ਅਸੀਂ ਮੁੱਖ ਤੌਰ ‘ਤੇ ਮਿਲਟੇਸ ਨੂੰ ਉਤਸ਼ਾਹਤ ਕਰਨ ਲਈ ਕੰਮ ਕਰ ਰਹੇ ਹਾਂ ਤਾਂ ਜੋ ਲੋਕ ਮਿਲਟੇਸ ਖਾਕੇ ਐਲੋਪੈਥੀ ਦਵਾਈਆਂ ਤੋਂ ਛੁਟਕਾਰਾ ਪਾ ਸਕਣ। ਵੀਫਰੀ ਦੇ ਹਰਿੰਦਰਪਾਲ ਸਿੰਘ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕੌਮਾਂਤਰੀ ਪੱਧਰ ‘ਤੇ ਮਿਲਟੇਸ ਦੀ ਵਪਾਰ ਕੀਤਾ ਜਾ ਰਿਹਾ ਹੈ, ਜਿਸ ਨੂੰ ਚੰਗਾ ਹੁਲਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਫੂਡ ਪ੍ਰੋਸੈਸਿੰਗ ਨੂੰ ਹੋਰ ਉਤਸ਼ਾਹਤ ਕਰਨ ਦੀ ਜੋ ਪਾਲਿਸੀ ਬਣਾਈ ਹੈ, ਉਸ ਨਾਲ ਇਸ ਖੇਤਰ ‘ਚ ਹੁਣ ਹੋਰ ਵੀ ਸੁਧਾਰ ਦੇਖਣ ਨੂੰ ਮਿਲੇਗਾ।