18 ਸਾਲ ਦੇ ਨਵੇਂ ਵੋਟਰਾਂ ਦੀ ਵੋਟ ਬਨਵਾਉਣ ਸਬੰਧੀ ਸਕੂਲਾਂ ਅਤੇ ਕਾਲਜਾਂ ਦੇ ਨੋਡਲ ਅਫ਼ਸਰਾਂ ਨਾਲ ਜ਼ਿਲ੍ਹਾ ਸਵੀਪ ਟੀਮ ਵੱਲੋਂ ਮੀਟਿੰਗ
ਪਟਿਆਲਾ, 8 ਦਸੰਬਰ:
ਪਟਿਆਲਾ ਜ਼ਿਲ੍ਹੇ ਵਿਚ ਚੱਲ ਰਹੀ ਵਿਸ਼ੇਸ਼ ਸਰਸਰੀ ਸੁਧਾਈ 2022 ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਸਵੀਪ ਸੈੱਲ ਵੱਲੋਂ ਵਧੀਕ ਡਿਪਟੀ ਕਮਿਸ਼ਨਰ ਕਮ- ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਦੀ ਅਗਵਾਈ ਵਿੱਚ ਸਕੂਲਾਂ ਤੇ ਕਾਲਜਾਂ ਦੇ ਸਵੀਪ ਨੋਡਲ ਅਫ਼ਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਗੁਰਪ੍ਰੀਤ ਸਿੰਘ ਥਿੰਦ ਨੇ ਕਿਹਾ ਕਿ ਨੌਜਵਾਨਾਂ ਦੀ ਵੋਟਾਂ ਦੌਰਾਨ 100 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਉਣ ਲਈ 18 ਸਾਲ ਦੀ ਉਮਰ ਦੇ ਹਰੇਕ ਨੌਜਵਾਨ ਦੀ ਵੋਟ ਬਣਾਉਣ ਲਈ ਸਕੂਲਾਂ ਤੇ ਕਾਲਜਾਂ ਵਿਚ ਮੁਹਿੰਮ ਚਲਾਈ ਜਾਵੇ ਤਾਂ ਜੋ ਜ਼ਿਲ੍ਹੇ ਵਿਚ 100 ਫ਼ੀਸਦੀ ਯੋਗ ਨੌਜਵਾਨ ਵੋਟਰਾਂ ਦਾ ਪੰਜੀਕਰਨ ਦਾ ਟੀਚਾ ਪੂਰਾ ਕੀਤਾ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਵਿਸ਼ੇਸ਼ ਸਰਸਰੀ ਸੁਧਾਈ ਦੌਰਾਨ ਵਿਸ਼ੇਸ਼ ਕੈਂਪ ਜੋ ਕਿ 19-20 ਨਵੰਬਰ ਅਤੇ 3-4 ਦਸੰਬਰ ਨੂੰ ਲਾਏ ਗਏ ਵਿਚ ਨਵੀਂਆਂ ਵੋਟਾਂ ਲਈ 8998 ਫਾਰਮ ਪ੍ਰਾਪਤ ਹੋਏ ਹਨ ਅਤੇ ਆਧਾਰ ਕਾਰਡ ਨਾਲ ਵੋਟਰ ਕਾਰਡ ਨੂੰ ਲਿੰਕ ਕਰਨ ਲਈ 33879 ਫਾਰਮ ਭਰੇ ਗਏ। ਪ੍ਰੋ. ਅੰਟਾਲ ਨੇ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 70.49 ਫ਼ੀਸਦੀ ਵੋਟਰ ਕਾਰਡ ਅਧਾਰ ਨਾਲ ਲਿੰਕ ਕੀਤੇ ਜਾ ਚੁੱਕੇ ਹਨ। ਉਹਨਾਂ ਦੱਸਿਆ ਕਿ ਵੋਟਰ ਜਾਗਰੂਕਤਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕਾਲਜਾਂ ਅਤੇ ਸਕੂਲਾਂ ਵਿਚ 222 ਸਵੀਪ ਨੋਡਲ ਅਫ਼ਸਰ ਅਤੇ 444 ਕੈਂਪਸ ਅੰਬੇ ਡਰ ਨਿਯੁਕਤ ਕੀਤੇ ਗਏ ਹਨ ਅਤੇ ਹਰ ਇਕ ਅਸੈਂਬਲੀ ਹਲਕੇ ਦਾ ਇੱਕ ਨੋਡਲ ਅਫ਼ਸਰ ਸਵੀਪ ਨਿਯੁਕਤ ਕੀਤਾ ਗਿਆ ਹੈ। ਜ਼ਿਲ੍ਹੇ ਦੀਆਂ ਸਮੂਹ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਵਿੱਚ ਵੋਟਰ ਸਾਖਰਤਾ ਕਲੱਬਾਂ ਦਾ ਗਠਨ ਕੀਤਾ ਗਿਆ ਹੈ।
ਚੋਣ ਤਹਿਸੀਲਦਾਰ ਰਾਮ ਜੀ ਲਾਲ ਨੇ ਸਮੂਹ ਕਾਲਜਾਂ ਦੇ ਨੋਡਲ ਅਧਿਕਾਰੀਆਂ ਨੂੰ ਹਰ ਇਕ ਯੋਗ ਵੋਟਰ ਦਾ ਪੰਜੀਕਰਨ ਕਰਵਾਉਣ ਲਈ ਅਪੀਲ ਕੀਤੀ। ਅੱਜ ਦੀ ਮੀਟਿੰਗ ਦੌਰਾਨ ਹਲਕਾ ਪਟਿਆਲਾ ਦੇ ਨੋਡਲ ਅਫ਼ਸਰ ਰੁਪਿੰਦਰ ਸਿੰਘ, ਸ਼ੁਤਰਾਣਾ ਦੇ ਡਾ ਗੁਰਦੀਪ ਸਿੰਘ, ਹਲਕਾ ਪਟਿਆਲਾ ਦਿਹਾਤੀ ਦੇ ਨਰਿੰਦਰ ਸਿੰਘ ਢੀਂਡਸਾ, ਹਲਕਾ ਰਾਮਪੁਰਾ ਦੇ ਪ੍ਰੋ ਰਮਨਦੀਪ ਸਿੰਘ ਪ੍ਰੋ ਸੋਢੀ, ਹਲਕਾ ਨਾਭਾ ਦੇ ਪ੍ਰੋ ਸੰਜੀਵ ਪੁਰੀ ਹਲਕਾ ਸਮਾਣਾ ਤੋਂ ਨਛੱਤਰ ਸਿੰਘ, ਅਤੇ ਬੀ ਪੀ ਓ ਸਮਾਣਾ ਗੁਰਪ੍ਰੀਤ ਸਿੰਘ ਅਤੇ ਹਲਕਾ ਸਨੌਰ ਦੇ ਨੋਡਲ ਅਫ਼ਸਰ ਸਤਵੀਰ ਸਿੰਘ ਗਿੱਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਰਾਹੁਲ ਸਿੱਧੂ ਨੇ ਸ਼ਿਰਕਤ ਕੀਤੀ