8 ਤੋਂ 20 ਸਤੰਬਰ ਤੱਕ ਚਲਾਈ ਜਾਣ ਵਾਲੀ ਪਲਸ ਪੋਲੀਓ ਮੁਹਿੰਮ ਦੀ ਸਫ਼ਲਤਾ ਲਈ ਵਿਭਾਗਾਂ ਨੂੰ ਹਦਾਇਤਾਂ
ਪਟਿਆਲਾ, 15 ਸਤੰਬਰ :
ਪਟਿਆਲਾ ਜ਼ਿਲ੍ਹੇ ਵਿੱਚ 18 ਸਤੰਬਰ ਤੋਂ 20 ਸਤੰਬਰ ਤੱਕ ਤਿੰਨ ਦਿਨਾ ਪਲਸ ਪੋਲੀਓ ਮੁਹਿੰਮ ਚਲਾਈ ਜਾਵੇਗੀ ਜਿਸ ਤਹਿਤ 0 ਤੋਂ 05 ਸਾਲ ਤੱਕ ਦੇ 1 ਲੱਖ 86 ਹਜ਼ਾਰ 780 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਮੁਹਿੰਮ ਦੀ ਸਫ਼ਲਤਾ ਲਈ ਅੱਜ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿਲ੍ਹਾ ਟਾਸਕ ਫੋਰਸ ਮੀਟਿੰਗ ਦੌਰਾਨ ਹਦਾਇਤਾਂ ਕੀਤੀਆਂ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦਹਾਕਿਆਂ ਦੀ ਮਿਹਨਤ ਬਾਅਦ ਦੇਸ਼ ਅੰਦਰੋਂ ਜੜ੍ਹ ਤੋਂ ਖਤਮ ਕੀਤੇ ਪੋਲੀਓ ਦੇ ਮਾਮਲੇ ਵਿੱਚ ਅਵੇਸਲੇ ਨਹੀਂ ਹੋਇਆ ਜਾ ਸਕਦਾ, ਸਗੋਂ ਹੋਰ ਮਿਹਨਤ ਕਰਕੇ ਇਸ ਮੁਕਾਮ ਨੂੰ ਬਰਕਰਾਰ ਰੱਖਣ ਲਈ ਸਾਰੇ ਲੋਕ ਪਲਸ ਪੋਲੀਓ ਮੁਹਿੰਮ ਦਾ ਹਿੱਸਾ ਬਣਨ ਤੇ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਵਿੱਚ ਸਹਿਯੋਗ ਦੇਣ।
ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਦੌਰਾਨ ਸਾਕਸ਼ੀ ਸਾਹਨੀ ਨੇ ਕਿਹਾ ਕਿ ਪਲਸ ਪੋਲੀਓ ਮੁਹਿੰਮ ਵਿੱਚ ਸਮਾਜ ਸੇਵੀ ਸੰਸਥਾ ਦਾ ਸਹਿਯੋਗ ਵੀ ਲਿਆ ਜਾਵੇ ਤਾਂ ਜੋ ਹਰੇਕ ਬੱਚੇ ਤੱਕ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਪਟਿਆਲਾ ਜ਼ਿਲ੍ਹੇ ਦੇ ਵਾਸੀਆਂ ਨੂੰ ਪਲਸ ਪੋਲੀਓ ਮੁਹਿੰਮ ਵਿੱਚ ਪੂਰਨ ਸਹਿਯੋਗ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮੁਹਿੰਮ ਸਾਰੇ ਲੋਕਾਂ ਦੇ ਸਾਥ ਨਾਲ ਹੀ ਸਫਲ ਹੋ ਸਕਦੀ ਹੈ।
ਸਿਵਲ ਸਰਜਨ ਡਾ. ਰਾਜੂ ਧੀਰ ਨੇ ਐਕਸ਼ਨ ਪਲਾਨ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ ਸਿਹਤ ਵਿਭਾਗ ਵੱਲੋਂ 18 ਸਤੰਬਰ ਨੂੰ ਜ਼ਿਲ੍ਹੇ ਵਿੱਚ 918 ਬੂਥ ਲਗਾਏ ਜਾਣਗੇ ਤੇ ਜੇਕਰ ਕੋਈ ਬੱਚਾ ਇਸ ਦਿਨ ਪੋਲੀਓ ਬੂੰਦ ਤੋਂ ਵਾਂਝਾ ਰਹਿ ਗਿਆ ਤਾਂ ਉਨ੍ਹਾਂ ਲਈ 19 ਤੇ 20 ਸਤੰਬਰ ਨੂੰ 1836 ਟੀਮਾਂ ਘਰ-ਘਰ ਜਾ ਕੇ ਪਲਸ ਪੋਲੀਓ ਬੂੰਦਾਂ ਪਿਲਾਉਣਗੀਆਂ। ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਵੀਨੂ ਗੋਇਲ ਨੇ ਕਿਹਾ ਕਿ 26 ਮੋਬਾਇਲ ਟੀਮਾਂ ਸਮੇਤ 33 ਟਰਾਂਸਿਟ ਪੁਆਇੰਟਸ, ਭੱਠਿਆਂ, ਸਲੱਮ ਬਸਤੀਆਂ, ਫੈਕਟਰੀਆਂ, ਉਸਾਰੀ ਥਾਵਾਂ ਆਦਿ ਸਮੇਤ ਜ਼ਿਲ੍ਹੇ ਦੇ 417 ਵੱਖ-ਵੱਖ ਸਥਾਨਾਂ ਜਿਵੇਂ ਕਿ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ, ਸੜਕਾਂ ਕਿਨਾਰੇ, ਫਾਰਮ ਹਾਊਸ, ਫੈਕਟਰੀਆਂ ਅਤੇ ਹੋਰ ਜਨਤਕ ਸਥਾਨਾਂ ‘ਤੇ ਬੱਚਿਆਂ ਨੂੰ ਪੋਲੀਓ ਰੱਖਿਅਕ ਬੂੰਦਾਂ ਪਿਲਾਉਣਗੀਆਂ।
ਉਨ੍ਹਾਂ ਦੱਸਿਆ ਕਿ 3 ਲੱਖ 85 ਹਜ਼ਾਰ 458 ਘਰਾਂ ‘ਚ ਜਾ ਕੇ ਕੁਲ 3372 ਵੈਕਸੀਨੇਟਰ ਪੋਲੀਓ ਬੂੰਦਾਂ ਪਿਲਾਉਣਗੇ ਅਤੇ ਇਨ੍ਹਾਂ ਟੀਮਾਂ ਦੀ ਨਿਗਰਾਨੀ ਲਈ 192 ਸੁਪਰਵਾਈਜ਼ਰ ਵੀ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ 18 ਸਤੰਬਰ ਨੂੰ ਬੂਥਾਂ ਉਤੇ ਅਤੇ 19 ਤੇ 20 ਸਤੰਬਰ ਨੂੰ ਘਰ-ਘਰ ਜਾ ਕੇ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਮੀਟਿੰਗ ‘ਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਸਮੇਤ ਸਿੱਖਿਆ, ਸਿਹਤ, ਪੁਲਿਸ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।