Punjab-ChandigarhTop News

ਜਮਾਂਦਰੂ ਦਿਲ ਦੀ ਬਿਮਾਰੀ ਵਾਲੇ 179 ਬੱਚਿਆਂ ਦੇ ਮੁਫ਼ਤ ਆਪ੍ਰੇਸ਼ਨ ਕੀਤੇ : ਚੇਤਨ ਸਿੰਘ ਜੌੜਾਮਾਜਰਾ

ਚੰਡੀਗੜ੍ਹ- 13-09-2022

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ, ਭਵਿੱਖ ਦੇ ਨਾਗਰਿਕ ਹੋਣ ਦੇ ਨਾਤੇ ਬੱਚਿਆਂ ਦੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਬਹੁਤ ਗੰਭੀਰ ਹੈ ।ਸਰਕਾਰ ਜਨਮ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਵਿੱਚ ਜਨਮ ਸਮੇਂ ਨੁਕਸ, ਜਮਾਂਦਰੂ ਊਣਤਾਈਆਂ, ਬਚਪਨ ਦੀਆਂ ਬਿਮਾਰੀਆਂ, ਅਪੰਗਤਾ ਸਮੇਤ ਵਿਕਾਸ ਵਿੱਚ ਦੇਰੀ ਬਾਰੇ ਛੇਤੀ ਤੋਂ ਛੇਤੀ ਪਤਾ ਲਗਾਉਣ ਤੇ ਜੋਰ ਦੇ ਰਹੀ ਹੈ। ਇਸ ਉਦੇਸ਼ ਨੂੰ ਪੂਰਾ ਕਰਨ ਲਈ ਰਾਸ਼ਟਰੀ ਬਾਲ ਸਿਹਤ ਕਾਰਜਕ੍ਰਮ (ਆਰ.ਬੀ.ਐੱਸ.ਕੇ.) ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ । ਹਾਲਾਂਕਿ ਬਾਲ ਮੌਤ ਦਰ ਨੂੰ ਘਟਾਉਣ ਵਿੱਚ ਤਰੱਕੀ ਹੋਈ ਹੈ, ਪਰ ਬੱਚੇ ਦੇ ਵਿਕਾਸ ਨਤੀਜਿਆਂ ਵਿੱਚ ਸੁਧਾਰ ਕਰਨ ਦੀ ਸਖ਼ਤ ਲੋੜ ਹੈ। ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬੱਚੇ ਦੇ ਜੀਵਨ ਦੇ ਸ਼ੁਰੂਆਤੀ ਸਾਲ ਬਚਾਅ ਅਤੇ ਵਿਕਾਸ ਦੋਵਾਂ ਲਈ ਸਭ ਤੋਂ ਮਹੱਤਵਪੂਰਨ ਹੁੰਦੇ ਹਨ ਅਤੇ ਇਹ ਪ੍ਰੋਗਰਾਮ ਬੱਚਿਆਂ ਦੀ ਜਾਂਚ ਕਰਨ, ਡਾਕਟਰੀ ਸਹਾਇਤਾ ਦੀ ਲੋੜ ਵਾਲੀਆਂ ਸਿਹਤ ਸਥਿਤੀਆਂ ਦੀ ਪਛਾਣ ਕਰਨ ਲਈ ਇੱਕ ਮਹੱਤਵਪੂਰਣ ਪ੍ਰੋਗਰਾਮ ਹੈ।

ਇਸ ਬਾਲ ਸਿਹਤ ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਹੋਰ ਵੇਰਵੇ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿ ਫਰਵਰੀ, 2022 ਤੋਂ ਜੁਲਾਈ, 2022 ਤੱਕ ਇਸ ਸਰਕਾਰ ਦੇ ਪਹਿਲੇ ਛੇ ਮਹੀਨਿਆਂ ਦੌਰਾਨ ਸਿਹਤ ਨੂੰ ਸਭ ਤੋਂ ਵੱਧ ਤਰਜੀਹ ਦੇਣ ਦੇ ਵਾਅਦੇ ਨੂੰ ਮੁੱਖ ਰੱਖਦਿਆਂ ਬੇਮਿਸਾਲ ਉਪਰਾਲੇ ਕੀਤੇ ਗਏ ਹਨ। ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਪ੍ਰੋਗਰਾਮ ਤਹਿਤ ਸੂਬੇ ਦੇ 14096 ਆਂਗਣਵਾੜੀਆਂ ਵਿੱਚ 346502 ਬੱਚਿਆਂ ਅਤੇ 6090 ਸਰਕਾਰੀ ਸਕੂਲਾਂ ਵਿੱਚ 542150 ਬੱਚਿਆਂ ਦੀ ਮੋਬਾਈਲ ਹੈਲਥ ਟੀਮਾਂ ਵੱਲੋਂ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਡਿਲੀਵਰੀ ਪੁਆਇੰਟਾਂ ‘ਤੇ 64563 ਨਵੇਂ ਜਨਮੇ ਬੱਚਿਆਂ ਦੀ ਜਾਂਚ ਕੀਤੀ ਗਈ। ਇਸ ਸਮੇਂ ਦੌਰਾਨ 179 ਗਰੀਬ ਅਤੇ ਬੇਸਹਾਰਾ ਪਰਿਵਾਰਾਂ ਦੇ 179 ਬੱਚਿਆਂ ਦਾ ਦਿਲ ਦੀ ਜਮਾਂਦਰੂ ਬੀਮਾਰੀ (ਦਿਲ ਵਿੱਚ ਛੇਕ) ਦਾ ਵੱਡੇ ਪ੍ਰਾਈਵੇਟ ਹਸਪਤਾਲਾਂ ਵਿੱਚ ਆਪ੍ਰੇਸ਼ਨ ਰਾਹੀਂ ਮੁਫਤ ਇਲਾਜ ਕੀਤਾ ਗਿਆ ਅਤੇ ਸਰਕਾਰ ਵੱਲੋਂ ਉਨ੍ਹਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਗਈ। ਅਜਿਹੇ ਅਪਰੇਸ਼ਨਾਂ ਦੇ ਇਲਾਜ ਦੀ ਲਾਗਤ ਗਰੀਬ ਪਰਿਵਾਰਾਂ ਲਈ ਬਹੁਤ ਜ਼ਿਆਦਾ ਹੈ ਅਤੇ ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਆਪਣੇ ਨਾਗਰਿਕਾਂ ਦੀ ਜਾਨ ਅਤੇ ਮਾਲ਼ ਦੀ ਰਾਖੀ ਲਈ ਵਚਨਬੱਧ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿਹਤ ਵਿਭਾਗ ਪੰਜਾਬ ਦੇ ਸਾਰੇ ਬੱਚਿਆਂ ਦੀ ਸਿਹਤ ਰੱਖਿਆ ਅਤੇ ਉਨ੍ਹਾਂ ਨੂੰ ਭਵਿੱਖ ਦੇ ਸਿਹਤਮੰਦ ਨਾਗਰਿਕ ਬਣਾਉਣ ਲਈ ਯਤਨਸ਼ੀਲ ਹੈ।

ਸ੍ਰੀ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਨੇ ਮੋਬਾਈਲ ਸਿਹਤ ਟੀਮਾਂ ਤਾਇਨਾਤ ਕੀਤੀਆਂ ਹਨ, ਹਰੇਕ ਟੀਮ ਵਿੱਚ- ਦੋ ਡਾਕਟਰ (ਆਯੂਸ਼) ਇੱਕ ਮਰਦ ਅਤੇ ਇੱਕ ਔਰਤ, ਇੱਕ ਏਐਨਐਮ/ਸਟਾਫ਼ ਨਰਸ ਅਤੇ ਇੱਕ ਫਾਰਮਾਸਿਸਟ ਹੁੰਦਾ ਹੈ । ਹਰੇਕ ਮੋਬਾਈਲ ਟੀਮ ਨੂੰ ਸਕੂਲਾਂ ਅਤੇ ਆਂਗਨਵਾੜੀਆਂ ਦਾ ਦੌਰਾ ਕਰਨ ਲਈ ਇੱਕ ਵਾਹਨ ਮੁਹੱਈਆ ਕਰਵਾਇਆ ਗਿਆ ਹੈ ਅਤੇ ਉਹ ਲੋੜੀਂਦੇ ਟੈਸਟਿੰਗ ਟੂਲ ਅਤੇ ਦਵਾਈਆਂ ਨਾਲ ਲੈਸ ਹਨ। ਹਰੇਕ ਬੱਚੇ ਲਈ ਇੱਕ ਹੈਲਥ ਕਾਰਡ ਰੱਖਿਆ ਜਾਂਦਾ ਹੈ ਜਿਸ ਵਿੱਚ ਨਾ ਸਿਰਫ਼ ਬੱਚੇ ਦਾ ਸੰਬੰਧਿਤ ਮੈਡੀਕਲ ਰਿਕਾਰਡ ਹੁੰਦਾ ਹੈ, ਸਗੋਂ ਬੱਚੇ ਦੇ ਸਰੀਰਕ ਵਿਕਾਸ ਬਾਰੇ ਵੀ ਜਾਣਕਾਰੀ ਹੁੰਦੀ ਹੈ ਅਤੇ ਇਸ ਕਾਰਡ ਰਾਹੀਂ ਬੱਚੇ ਦੇ ਵਿਕਾਸ ਦਾ ਮੁਲਾਂਕਣ ਵੀ ਕੀਤਾ ਜਾਂਦਾ ਹੈ।

 ਇਸ ਮੌਕੇ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ: ਰਵਿੰਦਰਪਾਲ ਕੌਰ ਨੇ  ਗਰੀਬ ਬੱਚਿਆਂ ਦੇ ਭਵਿੱਖ ਨੂੰ ਉੱਜਲ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਰਕਾਰ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਸਿਹਤ ਮੰਤਰੀ ਸ਼੍ਰੀ ਜੌੜਾਮਾਜਰਾ ਵੱਲੋਂ ਵਿਭਾਗ ਨੂੰ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ । 

Spread the love

Leave a Reply

Your email address will not be published. Required fields are marked *

Back to top button