ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ 16 ਤੇ 17 ਦਸੰਬਰ ਨੂੰ ਸਬ-ਡਵੀਜ਼ਨ ਪੱਧਰ ‘ਤੇ ਲੱਗਣਗੇ ਸੁਵਿਧਾ ਕੈਂਪ : ਡਿਪਟੀ ਕਮਿਸ਼ਨਰ
Shiv Kumar:
ਪਟਿਆਲਾ, 15 ਦਸੰਬਰ: ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਦੀ ਸਹੂਲਤ ਲਈ ਸਬ-ਡਵੀਜ਼ਨ ਪੱਧਰ ‘ਤੇ ਸੁਵਿਧਾ ਕੈਂਪ 16 ਅਤੇ 17 ਦਸੰਬਰ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਬ-ਡਵੀਜ਼ਨ ਪਟਿਆਲਾ ਦੇ ਪੰਚਾਇਤ ਘਰ ਸਿੱਧੂਵਾਲ ਵਿਖੇ 16 ਦਸੰਬਰ ਨੂੰ ਤੇ ਮਿੰਨੀ ਸਕੱਤਰੇਤ ਪਟਿਆਲਾ ਦੇ ਡੀ ਬਲਾਕ ਦੇ ਪਿੱਛੇ 17 ਦਸੰਬਰ ਨੂੰ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਨਾਭਾ ਸਬ-ਡਵੀਜ਼ਨ ਵਿਖੇ ਰੋਟਰੀ ਕਲੱਬ, ਨਾਭਾ ਵਿਖੇ 16 ਦਸੰਬਰ ਤੇ ਨਗਰ ਪੰਚਾਇਤ ਦਫ਼ਤਰ ਭਾਦਸੋਂ ਵਿਖੇ 17 ਦਸੰਬਰ ਨੂੰ ਕੈਂਪ ਲਗਾਇਆ ਜਾਵੇਗਾ। ਇਸੇ ਤਰ੍ਹਾਂ ਸਮਾਣਾ ਸਬ-ਡਵੀਜ਼ਨ ਦਾ ਕੈਂਪ ਪਿੰਡ ਫਤਿਹਮਾਜਰੀ ਸਥਾਨ ਕਮਿਊਨਿਟੀ ਸੈਂਟਰ, ਫੋਕਲ ਪੁਆਇੰਟ ‘ਚ 16 ਨੂੰ ਤੇ ਪਿੰਡ ਖੱਤਰੀਵਾਲਾ ਉਰਫ਼ ਭਗਵਾਨ ਪੁਰਾ ਸਥਾਨ ਮਿਡਲ ਸਕੂਲ ਖੱਤਰੀਵਾਲਾ ਵਿਖੇ 17 ਦਸੰਬਰ ਨੂੰ ਲਗਾਇਆ ਜਾ ਰਿਹਾ ਹੈ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਰਾਜਪੁਰਾ ਸਬ-ਡਵੀਜ਼ਨ ‘ਚ ਯੂਨੀਵਰਸਿਟੀ ਕਾਲਜ ਘਨੌਰ ਵਿਖੇ 16 ਦਸੰਬਰ ਤੇ ਮਿੰਨੀ ਸਕੱਤਰੇਤ ਕੰਪਲੈਕਸ, ਰਾਜਪੁਰਾ ਵਿਖੇ 17 ਦਸੰਬਰ ਨੂੰ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਤੜਾਂ ਵਿਖੇ 16 ਤੇ 17 ਦਸੰਬਰ ਨੂੰ ਸੁਵਿਧਾ ਕੈਂਪ ਤਹਿਸੀਲ ਕੰਪਲੈਕਸ ਦੇ ਪਿਛਲੇ ਪਾਸੇ ਲਗਾਇਆ ਜਾ ਰਿਹਾ ਹੈ ਤੇ ਦੁਧਨਸਾਧਾਂ ਵਿਖੇ ਵੀ 16 ਤੇ 17 ਦਸੰਬਰ ਨੂੰ ਸੁਵਿਧਾ ਕੈਂਪ ਤਹਿਸੀਲ ਦਫ਼ਤਰ ਦੁਧਨਸਾਧਾਂ ਵਿਖੇ ਕੈਂਪ ਲੱਗੇਗਾ।
ਡਿਪਟੀ ਕਮਿਸ਼ਨਰ ਨੇ ਲਗਾਏ ਜਾ ਰਹੇ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਚੁੱਕਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਪ੍ਰਸ਼ਾਸਨ ਦੇਣ ਵਿਚ ਕੋਈ ਕਮੀ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਬਿਜਲੀ ਮੁਆਫ਼ੀ ਤੇ ਸਰਕਾਰ ਦੀਆਂ ਵੱਖ-ਵੱਖ ਭਲਾਈ ਸਕੀਮਾਂ, ਯੋਜਨਾਵਾਂ ਦਾ ਲਾਭ ਦੇਣ ਅਤੇ ਉਨ੍ਹਾਂ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਮੁਸ਼ਕਲਾਂ ਦੇ ਹੱਲ ਲਈ ਹੀ ਇਹ ਸਬ-ਡਵੀਜ਼ਨ ਪੱਧਰ ‘ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਇਨ੍ਹਾਂ ਕੈਂਪਾਂ ਵਿਚ ਹਾਜ਼ਰ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਵਿਧਾ ਕੈਂਪਾਂ ਵਿਚ 2 ਕਿਲੋ ਵਾਟ ਤੱਕ ਦੇ ਬਿਜਲੀ ਦੇ ਏਰੀਅਰ ਦੇ ਮੁਆਫ਼ੀ ਦੇ ਸਰਟੀਫਿਕੇਟ, 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ, ਘਰ ਦੀ ਸਥਿਤੀ ਕੱਚਾ-ਪੱਕਾ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ, ਐਲ.ਪੀ.ਜੀ. ਗੈਸ ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਲਈ ਸਕਾਲਰਸ਼ਿਪ ਸਕੀਮ, ਐਸ.ਸੀ., ਬੀ.ਸੀ. ਕਾਰਪੋਰੇਸ਼ਨ, ਬੈਂਕ ਫਿੰਕੋ ਤੋਂ ਕਰਜ਼ਾ, ਬੱਸ ਪਾਸ, ਵੇਟਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜਾਬ ਕਾਰਡ, ਪੈਂਡਿੰਗ ਸੀ.ਐਲ.ਯੂ. ਨਕਸ਼ੇ ਆਦਿ ਤੋਂ ਇਲਾਵਾ ਹੋਰ ਵੀ ਸਕੀਮਾਂ/ਸਹੂਲਤਾਂ ਦਾ ਲਾਭ ਪਹੁੰਚਾਇਆ ਜਾਵੇਗਾ।