ਸੂਰਾਂ ਦੀ ਬਿਮਾਰੀ ਅਫ਼ਰੀਕਨ ਸਵਾਇਨ ਫੀਵਰ ਦਾ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ-ਸਾਕਸ਼ੀ ਸਾਹਨੀ
ਪਟਿਆਲਾ, 19 ਅਗਸਤ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਅੱਜ ਚੀਕਾ ਰੋਡ, ਪਿੰਡ ਬਿਲਾਸਪੁਰ ਅਤੇ ਸਨੌਰੀ ਅੱਡਾ ਦੇ ਇਲਾਕਿਆਂ ‘ਚ ਸੂਰਾਂ ਵਿੱਚ ਅਫ਼ਰੀਕਨ ਸਵਾਇਨ ਫੀਵਰ ਦੀ ਬਿਮਾਰੀ ਸਾਹਮਣੇ ਆਉਣ ‘ਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਅਫ਼ਰੀਕਨ ਸਵਾਇਨ ਫੀਵਰ ਬਿਮਾਰੀ ਨੂੰ ਨੋਟੀਫਾਈ ਕਰ ਦਿੱਤਾ ਗਿਆ ਹੈ। ਇਸ ਲਈ ਕਾਨੂੰਨ ਮੁਤਾਬਕ ਅਤੇ ਪ੍ਰਾਪਤ ਹਦਾਇਤਾਂ ਅਨੁਸਾਰ ਬਿਮਾਰੀ ਨਾਲ ਨਜਿੱਠਣ ਲਈ ਇਸ ਦੇ ਬਿਮਾਰੀ ਦੇ ਫੈਲਣ ਦੇ ਧੁਰੇ ਤੋਂ ਲੈਕੇ ਪ੍ਰਭਾਵਤ ਜ਼ੋਨ ਤੇ ਸਰਵੇਲੈਂਸ ਜ਼ੋਨਾਂ ਅੰਦਰ ਵਿਭਾਗ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।
ਸਾਕਸ਼ੀ ਸਾਹਨੀ ਨੇ ਅੱਗੇ ਦੱਸਿਆ ਕਿ ਅੱਜ ਤੱਕ ਉਪਲਬਧ ਰੀਪੋਰਟਾਂ ਮੁਤਾਬਕ ਅਫ਼ਰੀਕਨ ਸਵਾਇਨ ਫੀਵਰ ਬਿਮਾਰੀ ਦਾ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਜ਼ਿਲ੍ਹੇ ਅੰਦਰਲੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਸੂਰਾਂ ਵਿੱਚ ਤੇਜ ਬੁਖ਼ਾਰ, ਕੰਨਾਂ ਜਾਂ ਪੇਟ ‘ਤੇ ਖ਼ੂਨ ਦੇ ਧੱਬੇ ਅਤੇ ਅਚਾਨਕ ਜ਼ਿਆਦਾ ਗਿਣਤੀ ‘ਚ ਮੌਤ ਹੋਣ ਦੀ ਸੂਰਤ ‘ਚ ਨਜ਼ਦੀਕੀ ਪਸ਼ੂ ਸੰਸਥਾ ਵਿਖੇ ਸੰਪਰਕ ਕੀਤਾ ਜਾਵੇ। ਇਸ ਤੋਂ ਬਿਨ੍ਹਾਂ ਵਧੇਰੇ ਜਾਣਕਾਰੀ ਵਾਸਤੇ ਹੈਲਪਲਾਈਨ ਫੋਨ ਨੰਬਰ 0175-2970225 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜਾਰੀ ਕੀਤੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਤੰਦਰੁਸਤ ਸੂਰਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅਤੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਇਹਤਿਹਾਤ ਵਜੋਂ ਸੂਰ ਪਾਲਣ ਦਾ ਕੰਮ ਕਰਦੇ ਵਿਅਕਤੀ ਇਸ ਬਿਮਾਰੀ ਤੋਂ ਪ੍ਰਭਾਵਤ ਇਲਾਕੇ ਤੋਂ ਬਾਹਰ ਨਹੀਂ ਜਾਣਗੇ ਅਤੇ ਬਾਹਰਲੇ ਵਿਅਕਤੀ ਬਿਮਾਰੀ ਤੋਂ ਪ੍ਰਭਾਵਤ ਇਲਾਕੇ ਵਿੱਚ ਨਹੀਂ ਆਉਣਗੇ।
ਉਨ੍ਹਾਂ ਆਦੇਸ਼ ਜਾਰੀ ਕੀਤੇ ਕਿ ਸੂਰਾਂ ਦੀ ਹਰ ਕਿਸਮ ਦੀ ਆਵਾਜਾਈ ‘ਤੇ ਜ਼ਿਲ੍ਹਾ ਪਟਿਆਲਾ ਦੀ ਹਦੂਦ ਨਾਲ ਲੱਗਦੇ ਸੂਬੇ ਤੋਂ ਵੀ ਸੂਰਾਂ ਅਤੇ ਸੂਰਾਂ ਤੋਂ ਬਣੇ ਪਦਾਰਥ ਲੈਕੇ ਜਾਣਾ ਜਾਂ ਲੈਕੇ ਆਉਣ ‘ਤੇ ਵੀ ਪਾਬੰਦੀ ਹੋਵੇਗੀ। ਕੋਈ ਜਿੰਦਾ ਜਾਂ ਮ੍ਰਿਤਕ ਸੂਰ (ਜੰਗਲੀ ਸੂਰ ਆਦਿ), ਸੂਰ ਦਾ ਮੀਟ, ਸੂਰਾਂ ਦੀ ਫੀਡ, ਸੂਰ ਫਾਰਮ ਦਾ ਕੋਈ ਸਾਮਾਨ/ਮਸ਼ੀਨਰੀ ਦੀ, ਪ੍ਰਭਾਵਤ ਇਲਾਕੇ ਤੋਂ ਬਾਹਰ ਜਾਂ ਬਾਹਰਲੇ ਇਲਾਕੇ ਤੋਂ ਪ੍ਰਭਾਵਤ ਇਲਾਕੇ ਵਿੱਚ ਲਿਜਾਣ ਦੀ ਵੀ ਮਨਾਹੀ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਪ੍ਰਭਾਵਤ ਇਲਾਕੇ ਦੇ 10 ਕਿਲੋਮੀਟਰ ਇਲਾਕੇ ਦੇ ਘੇਰੇ ਵਿੱਚ ਇਹਤਿਆਤੀ ਤੌਰ ‘ਤੇ ਖ਼ੂਨ ਤੇ ਨੇਜਲ ਸਵੈਬ ਦੇ ਸੈਂਪਲ ਲਏ ਜਾ ਰਹੇ ਹਨ। ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਸਹਾਇਕ ਡਾ. ਗੁਰਚਰਨ ਸਿੰਘ, ਡਾਇਰੈਕਟਰ ਡਾ. ਗੁਰਦਰਸ਼ਨ ਸਿੰਘ ਤੇ ਵੈਟਰਨਰੀ ਅਫ਼ਸਰ ਡਾ. ਜੀਵਨ ਗੁਪਤਾ ਨਾਲ ਮੀਟਿੰਗ ਕਰਕੇ ਹਦਾਇਤ ਕੀਤੀ ਕਿ ਪ੍ਰਾਪਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।