ਸੁਸਾਇਟੀ ਫ਼ਾਰ ਵੈੱਲਫੇਅਰ ਆਫ਼ ਦੀ ਹੈਂਡੀਕੈਪਡ ਨੂੰ ਰਾਸ਼ਟਰਪਤੀ ਵੱਲੋਂ ਸਰਵੋਤਮ ਐਨ.ਜੀ.ਓ ਪੁਰਸਕਾਰ
Shiv Kumar:
ਪਟਿਆਲਾ, 7 ਦਸੰਬਰ: ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ ਪਟਿਆਲਾ ਦੀ ਗੈਰ ਸਰਕਾਰੀ ਸੰਸਥਾ ਸੁਸਾਇਟੀ ਫ਼ਾਰ ਦੀ ਵੈੱਲਫੇਅਰ ਆਫ਼ ਦੀ ਹੈਂਡੀਕੈਪਡ ਨੂੰ ਵਿਸ਼ੇਸ਼ ਸਿੱਖਿਆ ਅਤੇ ਬਾਲ ਸੰਭਾਲ ਦੇ ਖੇਤਰ ‘ਚ ਬਿਹਤਰੀਨ ਕੰਮ ਕਰਨ ‘ਤੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਕਰਵਾਏ ਸਮਾਗਮ ਦੌਰਾਨ ਰਾਸ਼ਟਰੀ ਪੁਰਸਕਾਰ ਦੇਕੇ ਸਨਮਾਨਤ ਕੀਤਾ ਗਿਆ ਹੈ।
ਸੰਸਥਾ ਦੀ ਪ੍ਰਾਪਤੀ ‘ਤੇ ਵਧਾਈ ਦਿੰਦਿਆ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਇਹ ਪਟਿਆਲਾ ਲਈ ਮਾਣ ਵਾਲੀ ਗੱਲ ਹੈ ਕਿ ਸੰਸਥਾ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਕੰਮ ਨੂੰ ਕੌਮੀ ਪੱਧਰ ‘ਤੇ ਪਹਿਚਾਣ ਮਿਲੀ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਬੰਧਕਾਂ ਦੀ ਅਣਥੱਕ ਮਿਹਨਤ ਦਾ ਹੀ ਨਤੀਜਾ ਹੈ ਕਿ ਸੰਸਥਾ ਨੂੰ ਦੂਸਰੀ ਵਾਰ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਹੈ।
ਸੰਸਥਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਪੁਰਸਕਾਰ ਪ੍ਰਾਪਤ ਕਰਨ ਉਪਰੰਤ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿਵਿਆਂਗ ਬੱਚਿਆਂ ਦੇ ਵਿੱਦਿਅਕ ਸਸ਼ਕਤੀਕਰਨ ਨੂੰ ਉਤਸ਼ਾਹਤ ਕਰਨ ‘ਚ ਸੰਸਥਾ ਵੱਲੋਂ ਪਾਏ ਯੋਗਦਾਨ ਨੂੰ ਮਾਨਤਾ ਦਿੰਦਿਆ ਦਿਵਿਆਂਗ ਵਿਅਕਤੀਆਂ (ਸਮੇਤ ਸਿੱਖਿਆ) ਦੇ ਸਸ਼ਕਤੀਕਰਨ ਲਈ ਸਰਵੋਤਮ ਸੰਸਥਾ ਦੀ ਸ਼੍ਰੇਣੀ ‘ਚ ਰਾਸ਼ਟਰੀ ਪੁਰਸਕਾਰ ਦਿੱਤੀ ਗਿਆ ਹੈ। ਉਨ੍ਹਾਂ ਦੱਸਿਆ ਕਿ 3 ਦਸੰਬਰ ਨੂੰ ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋਏ ਸਮਾਗਮ ਦੌਰਾਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵੱਲੋਂ 2 ਲੱਖ ਰੁਪਏ ਦਾ ਨਕਦ ਇਨਾਮ ਅਤੇ ਪ੍ਰਸੰਸਾ ਪੱਤਰ ਦਿੱਤਾ ਗਿਆ ਹੈ।ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਪਟਿਆਲਾ ਅਤੇ ਪੰਜਾਬ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਕਿ ਸੁਸਾਇਟੀ ਫ਼ਾਰ ਵੈੱਲਫੇਅਰ ਆਫ਼ ਦੀ ਹੈਂਡੀਕੈਪਡ ਭਾਰਤ ‘ਚ ਦੋ ਰਾਸ਼ਟਰੀ ਪੁਰਸਕਾਰ ਪ੍ਰਾਪਤ ਕਰਨ ਵਾਲੀ ਇੱਕਮਾਤਰ ਪਹਿਲੀ ਐਨ.ਜੀ.ਓ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ 2015 ‘ਚ ਭਾਰਤ ਦੇ ਰਾਸ਼ਟਰਪਤੀ ਵੱਲੋਂ ਚਾਈਲਡ ਕੇਅਰ ਲਈ ਸੰਸਥਾ ਨੂੰ ਭਾਰਤ ‘ਚ ਸਰਵੋਤਮ ਐਨ.ਜੀ.ਓ ਵਜੋਂ ਸਨਮਾਨਤ ਕੀਤਾ ਗਿਆ ਸੀ।
ਉਨ੍ਹਾਂ ਦੱਸਿਆ ਕਿ 1967 ‘ਚ ਹੋਂਦ ਵਿਚ ਆਈ ਸੁਸਾਇਟੀ ਅਧੀਨ ਚਾਰ ਸੰਸਥਾਵਾਂ ਕੰਮ ਕਰ ਰਹੀਆਂ ਹਨ, ਜਿਨ੍ਹਾਂ ‘ਚ 13 ਰਾਜਾਂ ਦੇ 400 ਤੋਂ ਵੱਧ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ।
ਕੈਪਸ਼ਨ: ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਪਾਸੋਂ ਸੰਸਥਾ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਸਨਮਾਨ ਪ੍ਰਾਪਤ ਕਰਦੇ ਹੋਏ।