Punjab-ChandigarhTop News

ਹਸਪਤਾਲਾਂ ਦੀ ਜ਼ਮੀਨੀ ਹਕੀਕਤ ਨੂੰ ਜਾਣਨ ਲਈ ਸਿਹਤ ਮੰਤਰੀ ਵੱਲੋਂ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਜਾਰੀ

Ajay Verma ( The Mirror Time)

ਨਾਭਾ/ਪਟਿਆਲਾ, 28 ਜੁਲਾਈ:
  ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਨਾਭਾ ਦੇ ਸਿਵਲ ਹਸਪਤਾਲ ਦਾ ਦੌਰਾ ਕਰਕੇ ਹਸਪਤਾਲ ‘ਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਬਾਰੀਕੀ ਨਾਲ ਸਮੀਖਿਆ ਕੀਤੀ।
  ਇਸ ਮੌਕੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸਿਹਤ ਸਹੂਲਤਾਂ ਦੇ ਖੇਤਰ ਵਿੱਚ ਵੱਡੇ ਪੱਧਰ ‘ਤੇ ਸੁਧਾਰ ਲਿਆਉਣ ਲਈ ਪੂਰੀ ਸੁਹਿਰਦਤਾ ਨਾਲ ਕੰਮ ਕਰ ਰਹੀ ਹੈ ਅਤੇ ਸਿਹਤ ਪਾਲਿਸੀ ਲਿਆਉਣ ਤੋਂ ਪਹਿਲਾਂ ਉਨ੍ਹਾਂ ਵਲੋਂ ਸਿਵਲ ਹਸਪਤਾਲਾਂ ਅਤੇ ਸਬ ਡਵੀਜ਼ਨ ਪੱਧਰ ਦੇ ਹਸਪਤਾਲਾਂ ਆਦਿ ਦਾ ਦੌਰਾ ਕਰਕੇ ਜ਼ਮੀਨੀ ਹਕੀਕਤਾਂ ਜਾਣੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਦੀ ਸਹੂਲਤ ਅਨੁਸਾਰ ਅਗਲੇ ਕਦਮ ਚੁੱਕੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਕਾਰਵਾਈ ਆਰੰਭ ਦਿੱਤੀ ਗਈ ਹੈ ਜਿਸ ਦੇ ਨਤੀਜੇ ਆਉਂਦੇ ਸਮੇਂ ਵਿੱਚ ਪ੍ਰਤੱਖ ਦਿਖਾਈ ਦੇਣਗੇ।
  ਸਿਵਲ ਹਸਪਤਾਲ ਦਾ ਦੌਰਾ ਕਰਦਿਆਂ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਫ਼ਤਰੀ ਰਿਕਾਰਡ ਅਤੇ ਸਾਜੋ ਸਮਾਨ ਦੀਆਂ ਸੂਚੀਆਂ ਦੀ ਸਮੇਂ ਸਮੇਂ ‘ਤੇ ਸੁਧਾਈ ਕੀਤੀ ਜਾਵੇ ਅਤੇ ਰਿਕਾਰਡ ਸਬੰਧੀ ਜਾਣਕਾਰੀ ਸਪਸ਼ਟ ਸ਼ਬਦਾਂ ‘ਚ ਰਿਕਾਰਡ ਵਾਲੇ ਸਥਾਨ ‘ਤੇ ਲਗਾਈ ਜਾਵੇ। ਉਨ੍ਹਾਂ ਹਸਪਤਾਲ ਦੀ ਖਾਲੀ ਪਈ ਜਗ੍ਹਾ ‘ਤੇ ਉੱਗੇ ਵੱਡੇ ਘਾਹ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਅਜਿਹੇ ਸਥਾਨ ਬਿਮਾਰੀਆਂ ਨੂੰ ਸੱਦਾ ਦਿੰਦੇ ਹਨ ਇਨ੍ਹਾਂ ਸਥਾਨਾਂ ਨੂੰ ਪਾਰਕ ‘ਚ ਤਬਦੀਲ ਕੀਤਾ ਜਾਵੇ।  ਉਨ੍ਹਾਂ ਹਸਪਤਾਲ ਦੇ ਵੱਖ ਵੱਖ ਵਾਰਡਾਂ ਦਾ ਦੌਰਾ ਕਰਦਿਆਂ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਮਰੀਜ਼ਾਂ ਪਾਸੋਂ ਇਲਾਜ ਸਬੰਧੀ ਫੀਡਬੈਕ ਵੀ ਪ੍ਰਾਪਤ ਕੀਤੀ। ਉਨ੍ਹਾਂ ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਅਤੇ ਅਧਿਕਾਰੀਆਂ ਨੂੰ ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਦੇ ਬੈਠਣ ਦੇ ਵਧੀਆਂ ਪ੍ਰਬੰਧ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ 30 ਬੈਡਾਂ ਵਾਲੀ ਨਵੀਂ ਉਸਾਰੀ ਅਧੀਨ ਇਮਾਰਤ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ ਕੰਮ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ।


  ਸ. ਚੇਤਨ ਸਿੰਘ ਜੌੜਾਮਾਜਰਾ ਨੇ ਹਸਪਤਾਲ ਪ੍ਰਸ਼ਾਸਨ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਿਹਤ ਸਬੰਧੀ ਦਿੱਤੀਆਂ ਜਾ ਰਹੀਆਂ ਸੇਵਾਵਾਂ ਦੀ ਸੂਚੀ ਹਸਪਤਾਲ ਦੀ ਓ.ਪੀ.ਡੀ. ਦੇ ਬਾਹਰ ਲਗਾਈ ਜਾਵੇ ਅਤੇ ਇਲਾਜ ਅਧੀਨ ਮਰੀਜ਼ ਦਾ ਇਲਾਜ ਕਾਰਡ ਮਰੀਜ਼ ਦੇ ਬੈਡ ‘ਤੇ ਲੱਗਿਆ ਹੋਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹਸਪਤਾਲ ਦੀ ਸਫ਼ਾਈ ਅਤੇ ਹਸਪਤਾਲ ਦੇ ਪਖਾਨਿਆਂ ਦੀ ਸਫ਼ਾਈ ਨਿਯਮਤ ਰੂਪ ‘ਚ ਕਰਨ ਨੂੰ ਯਕੀਨੀ ਬਣਾਇਆ ਜਾਵੇ।
  ਸਿਹਤ ਮੰਤਰੀ ਨੇ ਸਿਵਲ ਹਸਪਤਾਲ ਦਾ ਦੌਰਾ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਨ ਦਾ ਮੁੱਖ ਮਕਸਦ ਜ਼ਮੀਨੀ ਹਕੀਕਤ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਭਵਿੱਖ ਦੀਆਂ ਯੋਜਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨਾ ਹੈ ਤਾਂ ਜੋ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਵੀ ਸਰਕਾਰੀ ਹਸਪਤਾਲਾਂ ਦਾ ਦੌਰਾ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਸਿਵਲ ਸਰਜਨ ਡਾ. ਰਾਜੂ ਧੀਰ, ਡਾ. ਲਵੀਕੇਸ਼ ਕੁਮਾਰ ਤੇ ਹਸਪਤਾਲ ਦਾ ਸਮੂਹ ਸਟਾਫ਼ ਮੌਜੂਦ ਸੀ।
  ਇਸ ਮੌਕੇ ਸਿਵਲ ਹਸਪਤਾਲ ਦੇ ਸਟਾਫ਼ ਵੱਲੋਂ ਸਿਹਤ ਮੰਤਰੀ ਨੂੰ ਹਸਪਤਾਲ ‘ਚ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਸਬੰਧੀ ਜਾਣੂ ਕਰਵਾਇਆ ਗਿਆ ਅਤੇ ਹੋਰ ਸੁਧਾਰ ਲਈ ਸਰਕਾਰੀ ਪੱਧਰ ‘ਤੇ ਉੱਠੇ ਜਾ ਸਕਣ ਵਾਲੇ ਮਸਲਿਆਂ ਸਬੰਧੀ ਪ੍ਰੈਜ਼ਨਟੇਸ਼ਨ ਦਿੱਤੀ ਗਈ। ਸਿਹਤ ਮੰਤਰੀ ਨੇ ਕਿਹਾ ਕਿ ਹਸਪਤਾਲ ‘ਚ ਹੋਰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਜਲਦੀ ਹੀ ਢੁਕਵੇਂ ਕਦਮ ਉਠਾਏ ਜਾਣਗੇ।

Spread the love

Leave a Reply

Your email address will not be published. Required fields are marked *

Back to top button