ਸਰਕਾਰੀ ਹਸਪਤਾਲ ਰਾਜਪੁਰਾ ਦੇ ਕੁਆਟਰਾਂ ਵਿਚ ਹੋ ਰਹੀ ਲਿੰਗ ਜਾਂਚ ਦੀ ਘਟਨਾ ਮੰਦਭਾਗੀ : ਸਿਵਲ ਸਰਜਨ
Story by Baljeet Singh:
ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੀ ਸਬ ਡਵੀਜ਼ਨ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ ਗੈਰ-ਕਾਨੂੰਨੀ ਢੰਗ ਨਾਲ ਭਰੂਣ ਟੈਸਟ ਕੀਤੇ ਜਾਣ ਦਾ ਇਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।
ਗਵਾਂਢੀ ਸੂਬੇ ਹਰਿਆਣਾ ਦੀ PNDT ਟੀਮ ਵਲੋਂ ਕੀਤੀ ਗਈ ਰੇਡ ਦੌਰਾਨ ਹਸਪਤਾਲ ਦੇ ਸਰਕਾਰੀ ਕਵਾਟਰਾਂ ਵਿਚ 25 ਹਜ਼ਾਰ ਰੁਪਏ ਵਿਚ ਅਲਟਰਾਸਾਊਂਡ ਕਰਨ ਵਾਲੇ ਗਰੋਹ ਦੇ ਚਾਰ ਮੈਂਬਰਾਂ ਨੂੰ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਇਸ ਗੈਰ-ਕਾਨੂੰਨੀ ਕੰਮ ਨੂੰ ਅੰਜਾਮ ਦੇਣ ਵਾਲੇ ਇਸ ਗਿਰੋਹ ਨੇ ਰਾਜਪੁਰਾ ਦੇ ਏਪੀ ਜੈਨ ਸਰਕਾਰੀ ਹਸਪਤਾਲ ਦੇ ਇਕ ਕਵਾਟਰ ਵਿਚ ਅਲਟਰਾਸਾਊਂਡ ਮਸ਼ੀਨ ਲਗਾ ਕੇ ਭਰੂਣ ਲਿੰਗ ਟੈਸਟ ਕਰਨ ਦਾ ਇਹ ਕੰਮ ਕੀਤਾ ਜਾ ਰਿਹਾ ਸੀ। ਮੌਕੇ ਤੇ ਕਾਬੂ ਕੀਤੇ ਗਏ ਆਰੋਪੀ 25 ਹਜ਼ਾਰ ਰੁਪਏ ਲੈਕੇ ਇਹ ਕੰਮ ਕਰਦੇ ਸਨ।
ਹਰਿਆਣਾ ਦੇ ਸਰਕਾਰੀ ਜਨਰਲ ਹਸਪਤਾਲ ਕਰਨਾਲ ਦੀ PNDT ਟੀਮ ਨੇ ਗੁਪਤ ਸੂਚਨਾ ਦੇ ਆਧਾਰ ਤੇ ਛਾਪਾ ਮਾਰਕੇ ਇਸ ਗੈਰ ਕਾਨੂੰਨੀ ਕੰਮ ਦਾ ਭਾਂਡਾ ਭੰਨਿਆ।
ਉਪ ਸਿਵਲ ਸਰਜਨ ਅਤੇ ਨੋਡਲ ਅਫ਼ਸਰ ਪੀ ਐਨ ਡੀ ਟੀ ਡਾਕਟਰ ਸੀਨੂ ਚੌਧਰੀ ਨੇ ਦੱਸਿਆ ਕਿ ਸਿਵਲ ਸਰਜਨ ਦਫ਼ਤਰ ਨੂੰ ਖੁਫੀਆ ਸੂਚਨਾ ਮਿਲ ਰਹੀਆਂ ਸਨ ਕਿ ਹਰਿਆਣੇ ਦੇ ਨਾਲ ਲਗਦੇ ਪੰਜਾਬ ਰਾਜ ਦੇ ਏਰੀਏ ਵਿੱਚ ਗੈਰ-ਕਾਨੂੰਨੀ ਢੰਗ ਨਾਲ ਗਰਭਵਤੀ ਮਹਿਲਾਵਾਂ ਦੇ ਗਰਭ ਵਿੱਚ ਪਲ ਰਹੇ ਬੱਚਿਆਂ ਦੀ ਲਿੰਗ ਜਾਂਚ ਦਾ ਨਾਜਾਇਜ਼ ਕਾਰੋਬਾਰ ਚੱਲ ਰਿਹਾ ਹੈ। ਜਿਸ ਕਰਕੇ ਕਰਨਾਲ ਜ਼ਿਲੇ ਦੀ ਪੀਐਨਡੀਟੀ ਟੀਮ ਵਲੋਂ ਪੀਸੀ ਐਂਡ ਪੀਐਨਡੀਟੀ ਐਕਟ ਦੇ ਤਹਿਤ ਰਾਜਪੁਰਾ ਵਿੱਚ ਸਫ਼ਲ ਰੇਡ ਕਰਕੇ ਇਹ ਨਾਜਾਇਜ਼ ਕਾਲ਼ਾ ਕਾਰੋਬਾਰ ਕਰਨ ਵਾਲੇ ਚਾਰ ਦੋਸ਼ੀਆਂ ਨੂੰ ਕਾਬੂ ਕੀਤਾ ਕਰ ਲਿਆ ਹੈ ਤੇ ਹੋਰ ਜਾਂਚ ਕੀਤੀ ਜਾ ਰਹੀ ਹੈ।
ਰੇਡ ਦੌਰਾਨ ਇਸ ਟੀਮ ਵਲੋਂ ਲਿੰਗ ਦੀ ਜਾਂਚ ਲਈ ਦਲਾਲ ਰਾਹੀਂ ਤੈਅ ਕੀਤੇ ਸੌਦੇ (ਰੇਟ) ਅਨੁਸਾਰ 25 ਹਜ਼ਾਰ ਵਿੱਚੋਂ 24 ਹਜ਼ਾਰ ਰੁਪਏ ਦੇ ਕੇ ਇਕ ਨਕਲ਼ੀ ਗਰਭਵਤੀ ਮਹਿਲਾ ਨੂੰ ਉਸਦੇ ਨਾਲ ਭੇਜਿਆ ਗਿਆ। ਦਲਾਲ ਇਸ ਮਹਿਲਾ ਨੂੰ ਜਿਵੇਂ ਹੀ ਭਰੂਣ ਦੀ ਜਾਂਚ ਲਈ ਹਸਪਤਾਲ ਦੇ ਦੋ ਨੰਬਰ ਕਵਾਟਰ ਵਿਚ ਡਾਕਟਰ ਦੇ ਕਮਰੇ ਵਿੱਚ ਲੈਕੇ ਗਿਆ ਤਾਂ ਟੀਮ ਵਲੋਂ ਤੁਰੰਤ ਰੇਡ ਕਰਕੇ ਦਲਾਲ ਰਾਮ ਮੂਰਤੀ ਅਤੇ ਕ੍ਰਿਸ਼ਨ ਗੋਪਾਲ ਉਰਫ਼ ਸੋਨੂੰ ਬਜਾਜ ਨੂੰ ਕਾਬੂ ਕਰਕੇ ਉਹਨਾਂ ਤੋਂ ਸਾਰੇ ਪੈਸੇ ਵੀ ਬਰਾਮਦ ਕਰ ਲਏ ਗਏ । ਜਿਹੜੇ ਕਿ ਨੰਬਰਾਂ ਦੀ ਨਿਸ਼ਾਨੀ ਕਰਕੇ ਇਸ ਮਹਿਲਾ ਰਾਹੀਂ ਦਿੱਤੇ ਗਏ ਸਨ। ਟੀਮ ਵਲੋਂ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਨੂੰ ਵੀ ਮੌਕੇ ਤੇ ਹੀ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
ਇਹਨਾਂ ਆਰੋਪੀਆਂ ਦੇ ਵਿਰੁੱਧ ਪੀਐਨਡੀਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਸਿਟੀ ਥਾਣਾ ਰਾਜਪੁਰਾ ਵਿੱਚ ਕੇਸ ਦਰਜ਼ ਕੀਤਾ ਗਿਆ ਹੈ। ਇਹ ਵੀ ਪਤਾ ਲੱਗਾ ਹੈ ਕਿ ਕ੍ਰਿਸ਼ਨ ਗੋਪਾਲ ਖ਼ਿਲਾਫ਼ ਪੀਐਨਡੀਟੀ ਐਕਟ ਤਹਿਤ ਪਹਿਲਾਂ ਵੀ ਚਾਰ ਮਾਮਲੇ ਦਰਜ਼ ਹਨ।
ਇੱਥੇ ਇਹ ਸਵਾਲ ਖੜਾ ਹੁੰਦਾ ਹੈ ਕਿ ਦੁਜੇ ਰਾਜ ਦੇ ਅਧਿਕਾਰੀਆਂ ਨੂੰ ਤਾਂ ਭਰੂਣ ਲਿੰਗ ਜਾਂਚ ਦੇ ਇਸ ਗੈਰ-ਕਾਨੂੰਨੀ ਧੰਦੇ ਦੀ ਸੂਚਨਾ ਮਿਲ ਗਈ ਪਰੰਤੂ ਇੱਥੋਂ ਦੇ ਸਿਹਤ ਅਧਿਕਾਰੀਆਂ ਦੀ ਨੱਕ ਹੇਠਾਂ ਇਹ ਗੈਰ-ਕਾਨੂੰਨੀ ਕੰਮ ਸਰਕਾਰੀ ਹਸਪਤਾਲ ਦੇ ਕਵਾਟਰਾਂ ਵਿਚ ਹੀ ਕਿਵੇਂ ਚਲਦਾ ਰਿਹਾ ਤੇ ਇਹਨਾਂ ਨੂੰ ਸੂਹ ਤੱਕ ਕਿਉਂ ਨਾ ਮਿਲ ਸਕੀ। ਜਦ ਕਿ ਹਰਿਆਣਾ ਦੀ ਟੀਮ ਨੇ ਆ ਕੇ ਭਾਂਡਾ ਭੰਨਿਆ ਹੈ