ਸਕੂਲ ਸਿੱਖਿਆ ਵਿਭਾਗ ਵੱਲੋਂ 75ਵੇਂ ਆਜ਼ਾਦੀ ਦਿਵਸ ਸਬੰਧੀ ਵੱਖ-ਵੱਖ ਮੁਕਾਬਲੇ ਸ਼ੁਰੂ
ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਦੇਸ਼ ਦੇ 75ਵੇਂ ਆਜ਼ਾਦੀ ਦਿਵਸ ਦੇ ਸਬੰਧ ਵਿੱਚ ਸਕੂਲਾਂ ਨੂੰ ਲੇਖ, ਚਿੱਤਰਕਲਾ ਅਤੇ ਭਾਸ਼ਣ ਮੁਕਾਬਲੇ ਕਰਵਾਉਣ ਲਈ ਨਿਰਦੇਸ਼ ਜਾਰੀ ਕੀਤੇ ਹਨ। ਅਗਲੇ ਸਾਲ 15 ਅਗਸਤ 2022 ਨੂੰ ਮਨਾਏ ਜਾ ਰਹੇ 75ਵੇਂ ਅਜ਼ਾਦੀ ਦਿਵਸ ਤੋਂ 75 ਹਫਤੇ ਪਹਿਲਾਂ ‘ਆਜ਼ਾਦੀ ਕਾ ਅਮਰੁਤ ਮਹਾਂਓਤਸਵ’ ਨਾਂ ਦੇ ਹੇਠ ਦੇਸ਼ ਭਰ ਵਿੱਚ ਸ਼ੁਰੂ ਹੋ ਰਹੇ ਸਮਾਗਮਾਂ ਤਹਿਤ ਸਕੂਲ ਸਿੱਖਿਆ ਵਿਭਾਗ ਨੇ ਇਹ ਨਿਰਦੇਸ਼ ਜਾਰੀ ਕੀਤੇ ਹਨ।
ਜਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਹਰਿੰਦਰ ਕੌਰ ਅਤੇ ਜਿਲ੍ਹਾ ਸਿੱਖਿਆ ਅਫ਼ਸਰ (ਐਲੀ.ਸਿੱ.) ਇੰਜੀ ਅਮਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਅਜ਼ਾਦੀ ਸੰਘਰਸ਼ ਨਾਲ ਸਬੰਧਿਤ ਘਟਨਾਵਾਂ ਅਤੇ ਦੇਸ਼ ਭਗਤਾਂ ਦੇ ਯੋਗਦਾਨ ਦੇ ਸਬੰਧ ਵਿੱਚ ਲੇਖ, ਚਿੱਤਰਕਲਾ ਅਤੇ ਭਾਸ਼ਣ ਮੁਕਾਬਲੇ ਆਯੋਜਿਤ ਕਰਵਾਉਣ ਲਈ ਆਖਿਆ ਗਿਆ ਹੈ। ਇਹ ਮੁਕਾਬਲੇ ਸਕੂਲਾਂ ਦੀ ਸਮਾਂ ਸਾਰਣੀ ਅਨੁਸਾਰ ਸਬੰਧਿਤ ਜਮਾਤਾਂ ਦੇ ਪੀਰੀਅਡ ਦੌਰਾਨ ਕਰਵਾਏ ਜਾਣਗੇ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਕੂਲ ਪੱਧਰ ‘ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇਨਾਂ ਮੁਕਾਬਲਿਆਂ ਵਿੱਚ ਨਾਨ ਬੋਰਡ ਕਲਾਸਾਂ ਛੇਵੀਂ, ਸੱਤਵੀਂ, ਨੌਵੀਂ ਅਤੇ ਗਿਆਰਵੀਂ ਨੂੰ ਪੂਰੀ ਤਰਾਂ ਸਰਗਰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਵੇਰ ਦੀ ਸਭਾ ਦੌਰਾਨ ਆਜ਼ਾਦੀ ਸੰਘਰਸ਼ ਦੀਆਂ ਘਟਨਾਵਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਲਈ ਵੀ ਆਖਿਆ ਗਿਆ ਹੈ।
ਉਹਨਾਂ ਦੱਸਿਆ ਕਿ ਸਕੂਲ ਮੁਖੀ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਬਿਹਤਰੀਨ ਪੇਸ਼ਕਾਰੀਆਂ ਦੀ ਚੋਣ ਕਰਕੇ ਸਕੂਲਾਂ ਦੇ ਸ਼ੋਸ਼ਲ ਮੀਡੀਆ ਪੇਜ ਤੇ ਅਪਲੋਡ ਕਰਨਗੇ। ਇਹਨਾਂ ਵਿੱਚੋਂ ਬਿਹਤਰੀਨ ਪੇਸ਼ਕਾਰੀਆਂ ਨੂੰ ਜਿਲ੍ਹਾ ਮੈਂਟਰ (ਅੰਗਰੇਜ਼ੀ/ਐੱਸ.ਐੱਸ.) ਰਾਹੀਂ ਮੁੱਖ ਦਫ਼ਤਰ ਦੇ ਸਟੇਟ ਰਿਸੋਰਸ ਪਰਸਨ (ਅੰਗਰੇਜ਼ੀ/ਐੱਸ.ਐੱਸ.) ਨੂੰ ਭੇਜੀਆਂ ਜਾਣਗੀਆਂ।