ਵਿਸਾਖੀ ਜੋੜ ਮੇਲ ‘ਚ ਅਧਿਆਪਕਾਂ ਨੇ ਕੀਤਾ ਸਰਕਾਰੀ ਸਕੂਲਾਂ ਦਾ ਪ੍ਰਚਾਰ

ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਤੇ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਪ੍ਰੇਰਨਾ ਨਾਲ ਚਲਾਈ ਜਾ ਰਹੀ ਦਾਖਲਾ ਮੁਹਿੰਮ ਤਹਿਤ ਅੱਜ ਇਤਿਹਾਸਿਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਖੇ ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਸਬੰਧੀ ਸਜੇ ਜੋੜ ਮੇਲ ਮੌਕੇ ਅਧਿਆਪਕਾਂ ਨੇ ਵੱਖ-ਵੱਖ ਤਰੀਕਿਆਂ ਨਾਲ ਸਰਕਾਰੀ ਸਕੂਲਾਂ ਦੀਆਂ ਖੂਬੀਆਂ ਤੇ ਸਹੂਲਤਾਂ ਦਾ ਪ੍ਰਚਾਰ ਕੀਤਾ।
ਜਿਲ੍ਹਾ ਸਿੱਖਿਆ ਅਫਸਰ (ਐਲੀ.ਸਿੱ.) ਇੰਜੀ. ਅਮਰਜੀਤ ਸਿੰਘ ਦੀ ਸਰਪ੍ਰਸਤੀ ‘ਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੁਰਜੀਤ ਸਿੰਘ ਦੀ ਦੇਖ-ਰੇਖ ‘ਚ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਫਲੈਕਸ, ਪੈੱਫਲਿਟਾਂ ਤੇ ਨੁੱਕੜ ਨਾਟਕ ਰਾਹੀਂ ਦਾਖਲਾ ਮੁਹਿੰਮ ਤਹਿਤ ਪ੍ਰਚਾਰ ਕੀਤਾ। ਇਸ ਮੌਕੇ ਮਾ. ਲਖਵਿੰਦਰ ਸਿੰਘ ਕੌਲੀ ਜਿਲ੍ਹਾ ਸਮਾਰਟ ਸਕੂਲ ਕੋਆਰਡੀਨੇਟਰ, ਧਨਵੰਤ ਸਿੰਘ, ਸੰਦੀਪ ਸਿੰਘ, ਸੁਖਮਨਵਿੰਦਰ ਸਿੰਘ, ਦਿਲਪ੍ਰੀਤ ਸਿੰਘ, ਕੁਲਦੀਪ ਸਿੰਘ, ਪਰਨੀਤ ਕੌਰ, ਰਪਿੰਦਰ ਕੁਲਦੀਪ ਸਿੰਘ, ਜਨਕ ਦੁਲਾਰੀ ਮਾੜੂ, ਨੇ ਫਲੈਕਸ ਫੜ ਕੇ ਮੇਲੇ ‘ਚ ਰੈਲੀ ਕੱਢੀ ਅਤੇ ਪੈਫਲਿੱਟ ਵੰਡੇ। ਇਸ ਮੌਕੇ ਬਹੁਤ ਸਾਰੇ ਲੋਕਾਂ ਨੇ ਅਧਿਆਪਕਾਂ ਤੋਂ ਸਰਕਾਰੀ ਸਕੂਲਾਂ ਦੀ ਦਾਖਲਾ ਪ੍ਰਕਿਰਿਆ ਬਾਰੇ ਜਾਣਕਾਰੀ ਵੀ ਹਾਸਿਲ ਕੀਤੀ।
ਇਸ ਦੌਰਾਨ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਦੇ ਵਿਦਿਆਰਥੀਆਂ ਨੇ ਡਾ. ਸੁਖਦਰਸ਼ਨ ਸਿੰਘ ਚਹਿਲ ਦੇ ਲਿਖੇ ਤੇ ਨਿਰਦੇਸ਼ਤ ਕੀਤੇ ਨੁੱਕੜ ਨਾਟਕ ‘ਤੀਹਰੀ ਖੁਸ਼ੀ’ ਦੇ ਮੰਚਨ ਰਾਹੀਂ ਸਰਕਾਰੀ ਸਕੂਲਾਂ ਦੀ ਪ੍ਰਾਪਤੀਆਂ ਤੇ ਸਰਗਰਮੀਆਂ ਦੀ ਪੇਸ਼ਕਾਰੀ ਕੀਤੀ। ਇਸ ਨਾਟਕ ‘ਚ ਜਸ਼ਨਪ੍ਰੀਤ ਤਾਣਾ, ਸਿਮਰਤਰਾਜ ਸਿੰਘ ਖਾਲਸਾ, ਹਰਪ੍ਰੀਤ ਸਿੰਘ ਸੂਹਰੋਂ, ਮਨਿੰਦਰ ਸਿੰਘ, ਸ਼ਰਨਦੀਪ ਚੀਮਾਂ ਤੇ ਸ਼ਰਨਜੀਤ ਸੰਧੂ ਨੇ ਖੂਬਸੂਰਤ ਅਦਾਕਾਰੀ ਰਾਹੀਂ ਨਾਟਕ ਨੂੰ ਸਫਲ ਬਣਾ ਦਿੱਤਾ। ਬੀ.ਪੀ.ਈ.ਓ. ਸੁਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ‘ਚ ਸਥਾਪਤ ਹੋ ਚੁੱਕੀਆਂ ਵਿੱਦਿਅਕ ਸਹੂਲਤਾਂ ਦਾ ਕੋਈ ਸਾਨੀ ਨਹੀਂ ਰਿਹਾ। ਅੱਜ ਸਰਕਾਰੀ ਸਕੂਲਾਂ ਦੇ ਅਧਿਆਪਕ ਬਹੁਤ ਮਾਣ ਨਾਲ ਆਪਣੇ ਸਕੂਲਾਂ ਦਾ ਪ੍ਰਚਾਰ ਕਰ ਰਹੇ ਹਨ ਅਤੇ ਧੜਾ-ਧੜ ਹੋਰਨਾਂ ਸਕੂਲਾਂ ‘ਚ ਬੱਚੇ ਹੱਟਕੇ, ਸਰਕਾਰੀ ਸਕੂਲਾਂ ‘ਚ ਦਾਖਲਾ ਲੈ ਰਹੇ ਹਨ। ਜੋ ਵਿਭਾਗ ਦੇ ਅਧਿਕਾਰੀਆਂ ਤੇ ਅਧਿਆਪਕਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ‘ਚ ਦਾਖਲ ਕਰਵਾਉਣ।