ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਲਗਾਇਆ ਮੁਫ਼ਤ ਮੈਡੀਕਲ ਕੈਂਪ
ਪਟਿਆਲਾ, 7 ਅਪ੍ਰੈਲ:
ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਅਤੇ ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਜ਼ਿਲ੍ਹਾ ਅੰਗਹੀਣ ਪੁਨਰਵਾਸ ਕੇਂਦਰ ਵਿਖੇ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ‘ਚ 250 ਦੇ ਕਰੀਬ ਮਰੀਜ਼ਾਂ ਦੀ ਸਿਹਤ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈ ਉਪਲਬਧ ਕਰਵਾਈਆਂ ਗਈਆਂ।
ਡਿਪਟੀ ਕਮਿਸ਼ਨਰ -ਕਮ- ਚੇਅਰਪਰਸਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਲਗਾਏ ਗਏ ਇਸ ਮੈਡੀਕਲ ਕੈਂਪ ‘ਚ ਵੱਖ ਵੱਖ ਬਿਮਾਰੀਆਂ ਦੇ ਮਾਹਰ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਸਕੱਤਰ ਰੈਡ ਕਰਾਸ ਡਾ. ਪ੍ਰਿਤਪਾਲ ਸਿੰਘ ਸਿੱਧੂ ਨੇ ਤੰਦਰੁਸਤ ਸਿਹਤ ਲਈ ਸਰਕਾਰ ਵੱਲੋਂ ਉਪਲਬਧ ਸਿਹਤ ਸਹੂਲਤਾਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਲੋਕਾਂ ਕੋਵਿਡ ਤੋਂ ਬਚਾਅ ਲਈ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਭੀੜ ਵਾਲੇ ਸਥਾਨਾਂ ਤੇ ਮਾਸਕ ਦੀ ਵਰਤੋਂ ‘ਤੇ ਕਰਨ ਦੀ ਅਪੀਲ ਕੀਤੀ। ਪਟਿਆਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਜੈ ਕੁਮਾਰ ਗੋਇਲ ਨੇ ਕਿਹਾ ਕਿ ਸੰਸਥਾ ਵੱਲੋਂ ਅਜਿਹੇ ਮੈਡੀਕਲ ਕੈਂਪ ਸਮੇਂ ਸਮੇਂ ‘ਤੇ ਲਗਾਏ ਜਾਣਗੇ ਤਾਂ ਜੋ ਲੋਕਾਂ ਨੂੰ ਸਿਹਤ ਸੰਭਾਲ ਸਬੰਧੀ ਹੋਰ ਸੁਚੇਤ ਕੀਤਾ ਜਾ ਸਕੇ।
ਮੈਡੀਕਲ ਕੈਂਪ ‘ਚ ਐਮ.ਓ. ਮੈਡੀਸਨ ਡਾ. ਸੁਖਵਿੰਦਰ ਠਾਕੁਰ, ਐਮ. ਓ. ਆਰਥੋ ਡਾ. ਜਸਨਪ੍ਰੀਤ, ਐਮ.ਓ.ਆਈ ਡਾ. ਪ੍ਰਿਆ ਮਿੱਤਲ, ਗਾਇਨੀ ਦੇ ਮਾਹਰ ਡਾ. ਅਮਿਸ਼ਾ, ਬੱਚਿਆਂ ਦੇ ਮਾਹਰ ਡਾ. ਵਾਸੂ ਅਤੇ ਡਾ. ਵਿਕਾਸ ਗੋਇਲ ਅਤੇ ਡਾ. ਸੁਮੀ ਭੁਟਾਨੀ ਦੀ ਦੇਖ ਰੇਖ ਵਿੱਚ ਮਰੀਜਾਂ ਦੀ ਜਾਂਚ ਕੀਤੀ ਗਈ ਅਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ।
ਇਸ ਮੌਕੇ ਡਾ. ਸ਼ਾਮ ਜਿੰਦਲ, ਦੀਪਕ ਜੈਨ, ਰਾਕੇਸ਼ ਜਿੰਦਲ, ਅਸ਼ੋਕ ਗਰਗ, ਡਾ. ਪ੍ਰਸ਼ੋਤਮ ਗੋਇਲ, ਦੇਵੀ ਦਿਆਲ ਗੋਇਲ, ਹਰਬੰਸ ਬਾਂਸਲ, ਰਾਕੇਸ਼ ਸਿੰਗਲਾ, ਡਾ ਕਿਰਨਜੋਤ ਕੌਰ, ਰੀਮਾ ਸ਼ਰਮਾ, ਸੁਨੀਤਾ ਰਾਣੀ, ਮਹਾਜਨ ਸਿੰਘ ਸਮੇਤ ਵੱਡੀ ਗਿਣਤੀ ਲੋਕ ਹਾਜ਼ਰ ਸਨ।