ਵਿਧਾਨ ਸਭਾ ਹਲਕਿਆਂ ‘ਚ ਵੋਟਰ ਜਾਗਰੂਕਤਾ ਲਈ ਵੈਨ ਰਵਾਨਾ
Shiv Kumar:
ਪਟਿਆਲਾ 18 ਦਸੰਬਰ: ਚੋਣ ਕਮਿਸ਼ਨ ਵੱਲੋਂ ਵੋਟਰ ਜਾਗਰੂਕਤਾ ਸਬੰਧੀ ਤਿਆਰ ਕੀਤੀਆਂ ਵੱਖ-ਵੱਖ ਐਪਸ ਦੇ ਪ੍ਰਚਾਰ ਲਈ ਅੱਜ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ) ਗੌਤਮ ਜੈਨ ਨੇ ਜ਼ਿਲ੍ਹਾ ਪ੍ਰੀਸ਼ਦ ਤੋਂ ਮੋਬਾਈਲ ਵੈਨ ਪਟਿਆਲਾ ਦਿਹਾਤੀ ਲਈ ਰਵਾਨਾ ਕੀਤੀ।
ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ ਨੇ ਇਸ ਮੌਕੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਆਦੇਸ਼ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਐਥੀਕਲ ਵੋਟਿੰਗ, ਸੀ-ਵੀਜ਼ੂਲ ਐਪ, ਵੋਟਰ ਹੈਲਪ ਲਾਈਨ ਤੇ ਹੋਰਨਾਂ ਐਪਸ ਦੀ ਵਰਤੋਂ ਸਬੰਧੀ ਜਾਗਰੂਕ ਕਰਨ ਲਈ ਮੋਬਾਇਲ ਵੈਨ ਤਿਆਰ ਕੀਤੀ ਗਈ ਹੈ, ਜੋ ਹਲਕੇ ‘ਚ ਪ੍ਰਚਾਰ ਕਰੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਵੋਟਰਾਂ ਦੀ ਸੁਵਿਧਾ ਲਈ ਕੁਝ ਐਪਸ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਬਾਰੇ ਵੋਟਰਾਂ ਨੂੰ ਜਾਣਕਾਰੀ ਦੇਣ ਲਈ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੱਖ-ਵੱਖ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਇਨਫੌਰਮਡ ਤੇ ਐਥੀਕਲ ਐਪ ਦਾ ਮਕਸਦ ਚੋਣ ਪ੍ਰਣਾਲੀ ਨੂੰ ਸੁਚਾਰੂ ਰੂਪ ‘ਚ ਚਲਾਉਣ ਲਈ ਵੋਟਰਾਂ ਨੂੰ ਚੇਤਨ ਕਰਨਾ ਹੈ। ਸੀ-ਵੀਜ਼ੂਲ ਐਪ ਦਾ ਮਨੋਰਥ ਮੱਤਦਾਨ ਤੋਂ ਪਹਿਲਾ ਜਾਂ ਮੌਕੇ ਕਿਸੇ ਵੀ ਤਰ੍ਹਾਂ ਦੇ ਗਲਤ ਢੰਗਾਂ ਦੀ ਵਰਤੋਂ ਕਰਨ ਵਾਲਿਆਂ ਦੀ ਚੋਣ ਕਮਿਸ਼ਨ ਨੂੰ ਜਾਣਕਾਰੀ ਦੇਣਾ ਹੈ, ਜਿਸ ਤਹਿਤ ਸੌ ਮਿੰਟ ‘ਚ ਕਾਰਵਾਈ ਕੀਤੀ ਜਾਵੇਗੀ। ਵੋਟਰ ਹੈਲਪ ਲਾਈਨ ਦਾ ਮਕਸਦ ਵੋਟਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਦੇਣਾ ਹੈ। ਜਿਸ ਦਾ ਵੋਟਰ ਲਾਭ ਉਠਾ ਸਕਣ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ ਨੇ ਦੱਸਿਆ ਕਿ ਇਨ੍ਹਾਂ ਵੈਨਾਂ ਲਈ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ‘ਚ ਜਾਣ ਸਬੰਧੀ ਰੂਪ-ਰੇਖਾ ਤਿਆਰ ਕਰ ਲਈ ਗਈ ਹੈ। ਜਿਸ ਤਹਿਤ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਵਿੱਚ ਮੋਬਾਇਲ ਵੈਨ ਜਨਤਕ ਥਾਵਾਂ ‘ਤੇ ਪੁੱਜਣਗੀਆਂ ਤੇ ਲੋਕਾਂ ਨੂੰ ਚੋਣ ਕਮਿਸ਼ਨ ਦੀ ਐਪਸ ਤੇ ਸਹੂਲਤਾਂ ਬਾਰੇ ਵੀਡੀਓਜ਼ ਰਾਹੀਂ ਜਾਣਕਾਰੀ ਦੇਣਗੀਆਂ। ਉਨ੍ਹਾਂ ਦੱਸਿਆ ਕਿ ਇਸ ਵੈਨ ਰਾਹੀਂ ਸੁਚਾਰੂ ਢੰਗ ਨਾਲ ਪ੍ਰਚਾਰ ਕਰਨ ਸਬੰਧੀ ਹਲਕੇ ਦੇ ਹਰੇਕ ਸੈਕਟਰ ਅਫ਼ਸਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸ ਮੌਕੇ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਪ੍ਰੋ. ਗੁਰਬਖਸ਼ੀਸ਼ ਸਿੰਘ ਅੰਟਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ, ਨੋਡਲ ਅਫ਼ਸਰ ਸਵੀਪ ਪਟਿਆਲਾ ਦਿਹਾਤੀ ਪ੍ਰੋ ਨਰਿੰਦਰ ਸਿੰਘ ਢੀਂਡਸਾ, ਸੈਕਟਰ ਅਫਸਰ ਹਰਿੰਦਰ ਸਿੰਘ ਤੇ ਹੋਰ ਹਾਜ਼ਰ ਸਨ।