ਰੈਡ ਕਰਾਸ ਨੇ ਜਨ ਔਸ਼ਧੀ ਦਿਵਸ ‘ਤੇ ਲਗਾਇਆ ਜਾਗਰੂਕਤਾ ਕੈਂਪ
ਰੈਡ ਕਰਾਸ ਸੁਸਾਇਟੀ ਪਟਿਆਲਾ ਵੱਲੋਂ ਦਫ਼ਤਰ ਰੈਡ ਕਰਾਸ ਭਵਨ ਵਿਖੇ ਜਨ ਔਸ਼ਧੀ ਦਿਵਸ ‘ਤੇ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਕੇ ਆਮ ਲੋਕਾਂ ਨੂੰ ਚੰਗੀ ਸਿਹਤ ਅਤੇ ਪ੍ਰਾਚੀਨ ਭਾਰਤੀ ਉਪਚਾਰ ਪ੍ਰਣਾਲੀ ਅਤੇ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਔਸ਼ਧੀ ਪਰੀਯੋਜਨਾ ਸਬੰਧੀ ਜਾਗਰੂਕ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ ਨੇ ਆਪਣੇ ਵਿਚਾਰ ਪੇਸ਼ ਕਰਦਿਆ ਕਿਹਾ ਕੇ ਸਰਕਾਰ ਦਾ ਇਹ ਬਹੁਤ ਵੱਡਾ ਉਪਰਾਲਾ ਹੈ ਜਿਸ ਨਾਲ ਆਮ ਅਤੇ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਫ਼ਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਕਈ ਵਾਰ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਆਮ ਲੋਕ ਵਾਂਝੇ ਰਹਿ ਜਾਂਦੇ ਹਨ ਕਿਉਂਕਿ ਉਨ੍ਹਾਂ ਤੱਕ ਸਰਕਾਰ ਦੀਆਂ ਸਕੀਮਾਂ ਦੀ ਸਹੀ ਜਾਣਕਾਰੀ ਹੀ ਨਹੀਂ ਪਹੁੰਚਦੀ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਕਮ- ਪ੍ਰਧਾਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਪਟਿਆਲਾ ਦੀ ਸਰਪ੍ਰਸਤੀ ਹੇਠ ਰੈਡ ਕਰਾਸ ਪਟਿਆਲਾ ਵੱਲੋਂ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਜਨ ਔਸ਼ਧੀ ਪਰੀਯੋਜਨਾ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸੇ ਲੜੀ ਵਿੱਚ ਜਨ ਔਸ਼ਧੀ ਜਾਗਰੂਕਤਾ ਹਫ਼ਤਾ ਮਨਾਇਆ ਗਿਆ। ਜਿਸ ਵਿਚ ਵੱਧ-ਵੱਧ ਲੋਕਾਂ ਨੂੰ ਜਨ ਔਸ਼ਧੀ ਦਵਾਈਆਂ ਬਾਰੇ ਜਾਣਕਾਰੀ ਦਿੱਤੀ ਗਈ ਤਾਂ ਜੋ ਲੋਕ ਇਸ ਸਕੀਮ ਤੋਂ ਫ਼ਾਇਦਾ ਲੈ ਸਕਣ।
ਇਸ ਮੌਕੇ ਜਿਲ੍ਹਾ ਟਰੇਨਿੰਗ ਅਫ਼ਸਰ ਸੇਂਟ ਜੋਹਨ ਸ. ਜਸਪਾਲ ਸਿੰਘ ਤੇ ਐਚ.ਐਸ. ਕਰੀਰ ਨੇ ਜਨ ਔਸ਼ਧੀ ਦੇ ਵਿੱਕਰੀ ਕਾਊਂਟਰਾਂ ਤੋਂ ਮਿਆਰੀ ਅਤੇ ਸਸਤੀਆਂ ਦਵਾਈਆਂ ਦੀ ਖਰੀਦ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕਿਹਾ ਕਿ ਇਹ ਦਵਾਈਆਂ ਸਸਤੀਆਂ ਹੁੰਦੀਆਂ ਹਨ ਅਤੇ ਮਹਿੰਗੀਆਂ ਦਵਾਈਆਂ ਦੇ ਬਰਾਬਰ ਕੰਮ ਕਰਦੀਆਂ ਹਨ ਇਸ ਲਈ ਜਨ ਔਸ਼ਧੀ ਤੋਂ ਦਵਾਈਆਂ ਖਰੀਦਣੀ ਚਾਹੀਦੀਆਂ ਹਨ, ਜਿਸ ਨਾਲ ਆਮ ਲੋਕਾਂ ਅਤੇ ਗਰੀਬ ਲੋਕਾਂ ਨੂੰ ਪੈਸੇ ਦੀ ਬਹੁਤ ਬਚਤ ਹੋਵੇਗੀ।
ਸਮਾਗਮ ‘ਚ ਸੁਨੀਤਾ ਰਾਣੀ, ਰੀਮਾ ਸ਼ਰਮਾ, ਕਰਤਾਰ ਸਿੰਘ, ਅਮਰੀਕ ਸਿੰਘ, ਮਹਾਜਨ ਸਿੰਘ, ਗੁਰਵਿੰਦਰ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।