ਮੰਡੀਆਂ ‘ਚ ਆਈ ਕਣਕ ਦੀ ਖਰੀਦ ਲਈ ਖਰੀਦ ਏਜੰਸੀਆਂ, ਖੁਰਾਕ ਸਪਲਾਈ ਵਿਭਾਗ ਤੇ ਮੰਡੀ ਬੋਰਡ ਦੇ 900 ਤੋਂ ਵਧੇਰੇ ਅਧਿਕਾਰੀ ਤੇ ਕਰਮਚਾਰੀ ਤਾਇਨਾਤ
News by- Shiv Kumar
ਪਟਿਆਲਾ ਜ਼ਿਲ੍ਹੇ ਦੀਆਂ ਵੱਖ-ਵੱਖ 110 ਮੰਡੀਆਂ ਅਤੇ ਕੋਵਿਡ ਦੀ ਲਾਗ ਤੋਂ ਬਚਾਅ ਲਈ ਬਣਾਏ ਗਏ 314 ਆਰਜੀ ਖਰੀਦ ਕੇਂਦਰਾਂ (ਕੁਲ ਮੰਡੀਆਂ 424) ‘ਚ ਕਿਸਾਨਾਂ ਵੱਲੋਂ ਵੇਚਣ ਲਈ ਲਿਆਂਦੀ ਆਪਣੀ ਕਣਕ ਦੀ ਫਸਲ ਦੀ ਸੁਚੱਜੀ ਖਰੀਦ, ਪੇਮੈਂਟ ਦੀ ਅਦਾਇਗੀ ਅਤੇ ਲਿਫਟਿੰਗ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 900 ਤੋਂ ਵਧੇਰੇ ਅਮਲਾ ਦਿਨ-ਰਾਤ ਸੇਵਾ ਨਿਭਾਉਣ ਲਈ ਤਾਇਨਾਤ ਹੈ। ਆੜਤੀਆਂ ਅਤੇ ਮਜ਼ਦੂਰਾਂ ਦੀ ਗਿਣਤੀ ਇਸ ਤੋਂ ਵੱਖਰੀ ਹੈ।
ਇਨ੍ਹਾਂ ਸਾਰੇ ਖਰੀਦ ਕੇਂਦਰਾਂ ‘ਚ ਰੱਬੀ ਸੀਜਨ 2021-22 ਕਣਕ ਦੀ ਖਰੀਦ ਵਿੱਚ ਪੰਜਾਬ ਰਾਜ ਖਰੀਦ ਏਜੰਸੀਆਂ ਦਾ ਕੁਲ 800 ਤੋਂ ਵੱਧ ਅਮਲਾ ਦਫ਼ਤਰੀ ਅਤੇ ਫੀਲਡ ਅਮਲਾ ਦਿਨ-ਰਾਤ ਸੇਵਾ ਨਿਭਾ ਰਿਹਾ ਹੈ। ਇਸ ‘ਚ ਪੰਜਾਬ ਸਰਕਾਰ ਦੀਆਂ ਵੱਖ-ਵੱਖ ਖਰੀਦ ਏਜੰਸੀਆਂ ਪਨਗ੍ਰੇਨ, ਮਾਰਕਫੈਡ, ਵੇਅਰਹਾਊਸ ਅਤੇ ਪਨਸਪ ਸਮੇਤ ਐਫ਼.ਸੀ.ਆਈ. ਦੇ ਮੰਡੀਆਂ ‘ਚ ਕਣਕ ਦੀ ਖਰੀਦ ਲਈ ਤਾਇਨਾਤ 175 ਖਰੀਦ ਅਮਲਾ/ਇੰਸਪੈਕਟਰ ਵੀ ਸ਼ਾਮਲ ਹਨ। ਜਦੋਂਕਿ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਪਟਿਆਲਾ, ਜੋਕਿ ਸਮੁੱਚੇ ਪ੍ਰਬੰਧਾਂ ਲਈ ਨੋਡਲ ਵਿਭਾਗ ਵਜੋਂ ਸੇਵਾ ਨਿਭਾ ਰਿਹਾ ਹੈ ਦੇ ਜ਼ਿਲ੍ਹਾ ਅਧਿਕਾਰੀ ਡੀ.ਐਫ.ਐਸ.ਸੀ. ਹਰਸ਼ਰਨਜੀਤ ਸਿੰਘ ਬਰਾੜ ਤੋਂ ਲੈਕੇ ਹੇਠਲੇ ਪੱਧਰ ਦਾ ਸਮੁੱਚਾ ਅਮਲਾ ਇਸ ਸੀਜਨ ਦੇ ਖਰੀਦ ਪ੍ਰਕ੍ਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੱਗਾ ਹੋਇਆ ਹੈ।
ਇਸ ਤੋਂ ਇਲਾਵਾ ਮੰਡੀ ਬੋਰਡ ਦੇ ਪਟਿਆਲਾ ਜ਼ਿਲ੍ਹਾ ਮੰਡੀ ਅਫ਼ਸਰ ਅਜੇਪਾਲ ਸਿੰਘ ਬਰਾੜ ਤੋਂ ਇਲਾਵਾ ਹੋਰ ਅਮਲੇ ਦੇ 102 ਕੁਲ ਮੈਂਬਰ ਤਾਇਨਾਤ ਹਨ। ਇਨ੍ਹਾਂ ‘ਚ 43 ਮੰਡੀ ਸੁਪਵਾਈਜ਼ਰ ਅਤੇ 59 ਬੋਲੀ ਕਲਰਕ/ਆਕਸ਼ਨ ਰਿਕਾਰਡਰ ਸ਼ਾਮਲ ਹਨ। ਇਸ ਤੋਂ ਬਿਨ੍ਹਾਂ ਮੰਡੀਆਂ ‘ਚ ਕੋਵਿਡ ਸੈਂਪਲ ਲੈਣ ਅਤੇ ਕੋਵਿਡ ਤੋਂ ਬਚਾਅ ਲਈ ਟੀਕਾਕਰਨ ਦੇ ਲਗਾਏ ਗਏ ਕੈਂਪਾਂ ‘ਚ ਸਿਹਤ ਵਿਭਾਗ ਦਾ ਅਮਲਾ ਵੱਖਰੇ ਤੌਰ ‘ਤੇ ਸੇਵਾ ਨਿਭਾ ਰਿਹਾ ਹੈ। ਜਦਕਿ ਸਾਰੇ ਖਰੀਦ ਕੇਂਦਰਾਂ ‘ਚ ਪੁਲਿਸ ਵੱਲੋਂ ਵੀ ਆਪਣੇ ਤੌਰ ‘ਤੇ ਸੁਰੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਸਾਰੀਆਂ ਸਬ-ਡਵੀਜਨਾਂ ‘ਚ ਸਬੰਧਤ ਸਬ ਡਵੀਜਨਲ ਮੈਜਿਸਟ੍ਰੇਟ ਆਪਣੀ ਨਿਗਰਾਨੀ ਰੱਖ ਰਹੇ ਹਨ ਅਤੇ ਜ਼ਿਲ੍ਹਾ ਪੱਧਰ ‘ਤੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਵੱਲੋਂ ਰੋਜ਼ਾਨਾ ਸ਼ਾਮ ਨੂੰ ਦਿਨ ਦੀ ਖਰੀਦ ਅਤੇ ਕਣਕ ਦੀ ਮੰਡੀਆਂ ‘ਚ ਆਮਦ ਸਮੇਤ ਹੋਰ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾਂਦੀ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਦੇਸ਼ਾਂ ‘ਤੇ ਇਸ ਸੀਜਨ ਦੇ ਸਾਰੇ ਖਰੀਦ ਪ੍ਰਬੰਧ ਸੁਚੱਜੇ ਢੰਗ ਨਾਲ ਅਗੇਤੇ ਹੀ ਕੀਤੇ ਗਏ ਸਨ ਤਾਂ ਕਿ ਕਿਸਾਨਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੰਡੀਆਂ ‘ਚ ਸੁਖਾਵਾਂ ਮਾਹੌਲ ਪ੍ਰਦਾਨ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਮੰਡੀਆਂ ‘ਚ ਤਾਇਨਾਤ ਅਨੁਸ਼ਾਸਨਬੱਧ ਅਮਲਾ ਹਰ ਵੇਲੇ ਕਿਸਾਨਾਂ ਦੀ ਸੇਵਾ ‘ਚ ਤਤਪਰ ਹੈ।