ਭਾਸ਼ਾ ਵਿਭਾਗ ਵੱਲੋਂ ‘ਰੇਡੀਓ ਤੇ ਪੰਜਾਬੀ ਭਾਸ਼ਾ’ ‘ਤੇ ਕਰਵਾਏ ਅੰਤਰ ਰਾਸ਼ਟਰੀ ਵੈਬੀਨਾਰ ‘ਚ ਵੱਖ ਵੱਖ ਮੁਲਕਾਂ ਤੋਂ ਕਈ ਡੈਲੀਗੇਟਸ ਨੇ ਹਿੱਸਾ ਲਿਆ

Shiv Kumar:
ਪਟਿਆਲਾ, 7 ਦਸੰਬਰ: ਪੰਜਾਬ ਸਰਕਾਰ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਨੇ ਰਾਹੀਂ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਨੂੰ ਅੱਗੇ ਤੋਰਦਿਆਂ ਐਮ.ਐਮ.ਵੀ ਦੇ ਸਹਿਯੋਗ ਨਾਲ ‘ਰੇਡੀਓ ਅਤੇ ਪੰਜਾਬੀ ਭਾਸ਼ਾ’ ਵਿਸ਼ੇ ਉਪਰ ਇਕ ਅੰਤਰ ਰਾਸ਼ਟਰੀ ਵੈਬੀਨਾਰ ਕਰਵਾਇਆ, ਜਿਸ ‘ਚ ਵੱਖ ਵੱਖ ਮੁਲਕਾਂ ਤੋਂ ਅਨੇਕਾਂ ਡੈਲੀਗੇਟਸ ਨੇ ਹਿੱਸਾ ਲਿਆ।
ਨਵਜੋਤ ਢਿੱਲੋਂ (ਕੈਨੇਡਾ) ਤੇ ਰਮਨਪ੍ਰੀਤ ਕੌਰ (ਭਾਰਤ) ਦੀ ਪਹਿਲ ਕਦਮੀ ਸਦਕਾ ਉਨ੍ਹਾਂ ਦੇ ਪਿੱਤਰੀ ਕਾਲਜ ਹੰਸਰਾਜ ਮਹਿਲਾ ਮਹਾਂ ਵਿਦਿਆਲਾ ਦੇ ਸਹਿਯੋਗ ਨਾਲ ਕਰਵਾਏ ਇਸ ਸਮਾਗਮ ਦੇ ਆਰੰਭ ‘ਚ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਵੀਰਪਾਲ ਕੌਰ ਨੇ ਵਿਭਾਗੀ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਵੈਬੀਨਾਰ ‘ਚ ਜੁੜਨ ਵਾਲੇ ਸਮੂਹ ਡੈਲੀਗੇਟਸ ਨੂੰ ਜੀ ਆਇਆ ਆਖਿਆ। ਹੰਸਰਾਜ ਮਹਿਲਾ ਮਹਾਂਵਿਦਿਆਲਾ ਜਲੰਧਰ ਦੇ ਪ੍ਰਿੰਸੀਪਲ ਡਾ. ਸ੍ਰੀਮਤੀ ਅਜੇ ਸਰੀਨ ਨੇ ਕਾਲਜ ਨੂੰ ਇਸ ਪ੍ਰੋਗਰਾਮ ਨਾਲ ਜੋੜਨ ਲਈ ਭਾਸ਼ਾ ਵਿਭਾਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਰੇਡੀਓ ਰਾਹੀਂ ਪੰਜਾਬੀ ਭਾਸ਼ਾ ਦਾ ਵਿਕਾਸ ਲਗਭਗ ਪਿਛਲੇ 75 ਵਰਿਆਂ ਤੋਂ ਨਿਰੰਤਰ ਹੋ ਰਿਹਾ ਹੈ।
ਸਮਸ਼ੀਰ ਪ੍ਰੋਡੈਕਸਨ ਜਲੰਧਰ ਤੋਂ ਰਮਨਦੀਪ ਕੌਰ ਨੇ ਆਕਾਸ਼ਵਾਣੀ ਜਲੰਧਰ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਮੌਜੂਦਾ ਤਕਨੀਕ ਵਿਚ ਐਫ.ਐਮ. ਰੇਡੀਓ ਦੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ। ਸ਼ਮੀਲ ਜਸਬੀਰ ਨੇ ਟਰਾਂਟੋ ਤੋਂ ਚਲ ਰਹੇ ਐਫ.ਐਮ.ਚੈਨਲ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਪੰਜਾਬੀ ਰੇਡੀਓ ਹੀ ਇਕ ਅਜਿਹੀ ਵਿਧਾ ਹੈ ਜਿਸ ਨੇ ਮਨੁੱਖ ਦੀ ਇਕੱਲਤਾ ਨੂੰ ਦੂਰ ਕੀਤਾ ਹੈ।
ਮੀਡੀਆ ਪੰਜਾਬ ਦੇ ਮੁੱਖ ਸੰਪਾਦਕ ਗੁਰਦੀਸ਼ਪਾਲ ਕੌਰ ਬਾਜਵਾ ਨੇ ਦੱਸਿਆ ਕਿ ਜਰਮਨੀ ਜਿਹੇ ਦੇਸ਼ ਵਿਚ, ਜਿੱਥੇ ਅੰਗਰੇਜ਼ੀ ਵਰਗੀ ਭਾਸ਼ਾ ਦਾ ਚੱਲਣ ਸੰਭਵ ਨਹੀਂ ਪਰੰਤੂ ਉਥੇ ਪੰਜਾਬੀ ਰੇਡੀਓ ਵੱਲੋਂ ਆਪਣੇ ਸਫ਼ਰ ਵਿਚ ਅੱਗੇ ਵੱਧਣਾ ਬਹੁਤ ਹੀ ਮਾਣ ਵਾਲੀ ਗੱਲ ਹੈ।ਸ਼ੇਰੇ-ਏ-ਪੰਜਾਬ, ਵੈਨਕੁਅਰ ਤੋਂ ਨਵਜੋਤ ਢਿੱਲੋਂ ਨੇ ਰੇਡੀਓ ਅਤੇ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜਿੱਥੇ ਪੰਜਾਬੀ ਰੇਡੀਓ ਵਪਾਰਕ ਅਤੇ ਪੱਤਰਕਾਰੀ ਨੂੰ ਪਫ਼ੁਲਤ ਕਰਨ ਵਿਚ ਯੋਗਦਾਨ ਪਾ ਰਹੇ ਹਨ ਉਥੇ ਇਹ ਰੇਡੀਓ ਪੰਜਾਬੀ ਭਾਈਚਾਰੇ ਦੀਆਂ ਆਪਸੀ ਤੰਦਾਂ ਨੂੰ ਮਜ਼ਬੂਤ ਕਰਨ ਵਿਚ ਵੀ ਵਿਲੱਖਣ ਯੋਗਦਾਨ ਪਾ ਰਿਹਾ ਹੈ।ਹਰਜਿੰਦਰ ਕੰਗ (ਕੈਲੀਫੋਰਨੀਆ) ਨੇ ਕਿਹਾ ਕਿ ਅਮਰੀਕਾ ਵਿਚ ਅਨੇਕਾਂ ਹੀ ਮੋਬਾਈਲ ਰੇਡੀਓਜ਼ ਸੁਵਿਧਾ ਉਪਲਬਧ ਹੈ।
ਇਸੇ ਤਰ੍ਹਾਂ ਹੀ ਰੇਡੀਓ ਸਪਾਈਸ ਆਕਲੈਂਡ (ਨਿਊਜ਼ੀਲੈਂਡ) ਤੋਂ ਹਰਜੀਤ ਕੌਰ ਰੇਡੀਓ ਨਾਲ ਜੁੜੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕੀਤੇ। ਪੰਜਾਬੀ ਲੈਗੂਏਜ ਐਸੋਸੀਏਸ਼ਨ ਕੈਨੇਡਾ ਤੋਂ ਬਲਵੰਤ ਸਿੰਘ ਸੰਘੇੜਾ ਨੇ ਭਾਸ਼ਾ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਚਰਚਾ ਵਿਚ ਬਲਵਿੰਦਰ ਸਿੰਘ ਚਹਿਲ, ਗੁਰਦਿਆਲ ਸਿੰਘ ਬਾਠ ਅਤੇ ਯੂ.ਕੇ ਤੋਂ ਅਜਾਇਬ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ।
ਸਹਾਇਕ ਡਾਇਰੈਕਟਰ ਤੇਜਿੰਦਰ ਸਿੰਘ ਗਿੱਲ ਤੇ ਸਤਨਾਮ ਸਿੰਘ ਨੇ ਸਮੂਹਿਕ ਤੌਰ ‘ਤੇ ਪੰਜਾਬ ਸਰਕਾਰ ਅਤੇ ਉਚੇਰੀ ਸਿੱਖਿਆ ਤੇ ਭਾਸ਼ਾ ਮੰਤਰੀ ਸ. ਪ੍ਰਗਟ ਸਿੰਘ ਅਤੇ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਮੈਡਮ ਕੁਲਜੀਤ ਕੌਰ ਨੇ ਨਿਭਾਇਆ।