ਭਾਸ਼ਾ ਵਿਭਾਗ ਨੇ ਕਰਵਾਏ ਜ਼ਿਲ੍ਹਾ ਪੱਧਰੀ ਪੰਜਾਬੀ ਕੁਇਜ਼ ਮੁਕਾਬਲੇ
ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਸ੍ਰੀਮਤੀ ਚੰਦਨਦੀਪ ਕੌਰ ਦੀ ਅਗਵਾਈ ‘ਚ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਕਰਵਾਏ ਗਏ, ਜਿਸ ‘ਚ ਪਟਿਆਲੇ ਜ਼ਿਲ੍ਹੇ ਨਾਲ ਸਬੰਧਤ ਸਕੂਲਾਂ/ਕਾਲਜਾਂ ਦੇ ਵੱਡੀ ਗਿਣਤੀ ਵਿਦਿਆਰਥੀਆਂ ਨੇ ਭਾਗ ਲਿਆ।
ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆ ਸ੍ਰੀਮਤੀ ਚੰਦਨਦੀਪ ਕੌਰ ਨੇ ਦੱਸਿਆ ਕਿ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਡਾ. ਕਰਮਜੀਤ ਕੌਰ ਵੱਲੋਂ ਨਕਦ ਇਨਾਮਾਂ ਸਮੇਤ ਸਰਟੀਫਿਕੇਟ ਦੇਕੇ ਸਨਮਾਨਤ ਕੀਤਾ ਗਿਆ।
ਜੇਤੂ ਵਿਦਿਆਰਥੀਆਂ ਸਬੰਧੀ ਜਾਣਕਾਰੀ ਦਿੰਦਿਆ ਸ੍ਰੀਮਤੀ ਚੰਦਨਦੀਪ ਕੌਰ ਨੇ ਦੱਸਿਆ ਕਿ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਹੋਏ ਕੁਇਜ਼ ਮੁਕਾਬਲਿਆਂ ‘ਚ ਪਹਿਲਾਂ ਸਥਾਨ ਆਤਮਾ ਰਾਮ ਕੁਮਾਰ ਸਭਾ ਸੀਨੀਅਰ ਸੈਕੰਡਰੀ ਸਕੂਲ ਦੀ ਸੱਤਵੀਂ ਜਮਾਤ ਦੀ ਵਿਦਿਆਰਥਣ ਨੈਨਾ ਗੁਪਤਾ, ਦੂਜਾ ਸਥਾਨ ਸਰਕਾਰੀ ਹਾਈ ਸਕੂਲ, ਗਾਂਧੀ ਨਗਰ ਪਟਿਆਲਾ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਰੋਹਿਤ ਕੁਮਾਰ ਤੇ ਤੀਸਰਾ ਸਥਾਨ ਢੁਡਿਆਲ ਖਾਲਸਾ ਹਾਇਰ ਸੈਕੰਡਰੀ ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਜਗਰੂਪ ਸਿੰਘ ਨੇ ਹਾਸਲ ਕੀਤਾ।
ਚੰਦਨਦੀਪ ਕੌਰ ਨੇ ਦੱਸਿਆ ਕਿ ਨੌਵੀਂ ਤੋਂ ਬਾਰਵੀ ਜਮਾਤ ਦੇ ਵਿਦਿਆਰਥੀਆਂ ਦੇ ਹੋਏ ਮੁਕਾਬਲਿਆਂ ‘ਚ ਪਹਿਲਾ ਸਥਾਨ ਸਰਕਾਰੀ ਕੰਨ੍ਹਿਆਂ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਮਾਡਲ ਟਾਊਨ, ਪਟਿਆਲਾ ਦੀ ਪ੍ਰਿਯੰਕਾ ਨੇ, ਦੂਸਰਾ ਤੇ ਤੀਸਰਾ ਸਥਾਨ ਸਰਕਾਰੀ ਵਿਕਟੋਰੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਨੌਵੀਂ ਦੇ ਵਿਦਿਆਰਥੀ ਜਸ਼ਨਰਾਜ ਸਿੰਘ ਤੇ ਬਾਰ੍ਹਵੀਂ ਦੀ ਵਿਦਿਆਰਥਣ ਪੂਜਾ ਨੇ ਹਾਸਲ ਕੀਤਾ।
ਉਨ੍ਹਾਂ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਦੇ ਹੋਏ ਕੁਇਜ਼ ਮੁਕਾਬਲਿਆਂ ‘ਚ ਖਾਲਸਾ ਕਾਲਜ ਪਟਿਆਲਾ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਤਨਵੀਰ ਸਿੰਘ ਨੇ ਪਹਿਲਾ, ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਵਿਦਿਆਰਥੀ ਕ੍ਰਮਵਾਰ ਬੀ.ਏ.ਐਲ.ਐਲ.ਬੀ. ਭਾਗ ਤੀਜਾ ਦੀ ਸਿਮਰਤ ਕੌਰ ਨੇ ਦੂਜਾ ਤੇ ਬੀ.ਏ. ਆਨਰਜ਼ ਭਾਗ ਦੂਜਾ ਦੇ ਵਿਦਿਆਰਥੀ ਨੀਲੇਸ਼ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ ਵਿਚ ਵਿਭਾਗ ਦੇ ਅਧਿਕਾਰੀ ਸ੍ਰੀਮਤੀ ਨਵਨੀਤ ਕੌਰ, ਹਰਵਿੰਦਰ ਕੌਰ ਅਤੇ ਸੁਰੇਸ਼ ਕੁਮਾਰ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ।
ਕੈਪਸ਼ਨ : ਡਾਇਰੈਕਟਰ ਭਾਸ਼ਾ ਵਿਭਾਗ ਡਾ. ਕਰਮਜੀਤ ਕੌਰ ਜੇਤੂ ਵਿਦਿਆਰਥੀਆਂ ਨੂੰ ਸਨਮਾਨਤ ਕਰਦੇ ਹੋਏ।