ਭਾਸ਼ਾ ਵਿਭਾਗ ਨੇ ਨਾਟਕਕਾਰ ਗੁਰਸ਼ਰਨ ਸਿੰਘ ਦੇ ਜਨਮ ਦਿਨ ਮੌਕੇ ਕਰਵਾਇਆ ਸਮਾਗਮ
ਪਟਿਆਲਾ 16 ਸਤੰਬਰ:
ਭਾਸ਼ਾ ਵਿਭਾਗ ਪੰਜਾਬ ਵੱਲੋਂ ਇੱਥੇ ਮੁੱਖ ਦਫ਼ਤਰ ਵਿਖੇ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ (ਭਾਈ ਮੰਨਾ ਸਿੰਘ) ਦੇ ਜਨਮ ਦਿਹਾੜੇ ਮੌਕੇ ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਦੀ ਅਗਵਾਈ ‘ਚ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕਲਾਕ੍ਰਿਤੀ ਦੀ ਨਿਰਦੇਸ਼ਕਾ ਪਰਮਿੰਦਰਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉੱਘੇ ਨਾਟਕਕਾਰ ਡਾ. ਕੁਲਦੀਪ ਸਿੰਘ ਦੀਪ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਨਾਮਵਰ ਅਦਾਕਾਰ ਹਰਜੀਤ ਕੈਂਥ ਨੇ ਗੁਰਸ਼ਰਨ ਸਿੰਘ ਬਾਰੇ ਵਿਸ਼ੇਸ਼ ਭਾਸ਼ਣ ਦਿੱਤਾ। ਇਸ ਮੌਕੇ ਆਦਿ ਮੰਚ ਵੱਲੋਂ ਗੁਰਸ਼ਰਨ ਸਿੰਘ ਦਾ ਲਿਖਿਆ ਨਾਟਕ ‘ਕਿਵ ਕੂੜੈ ਤੁਟੈ ਪਾਲਿ’ ਦਾ ਹਰਜੀਤ ਕੈਂਥ ਦੀ ਨਿਰਦੇਸ਼ਨਾ ‘ਚ ਮੰਚਨ ਕੀਤਾ ਗਿਆ।
ਮੁੱਖ ਮਹਿਮਾਨ ਪਰਮਿੰਦਰਪਾਲ ਕੌਰ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਹਮੇਸ਼ਾ ਸੱਚ ‘ਤੇ ਪਹਿਰਾ ਦਿੱਤਾ ਅਤੇ ਬੇਜ਼ੁਬਾਨਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਆਪਣੇ ਨਾਟਕਾਂ ਰਾਹੀਂ ਸਮਾਜ ਨੂੰ ਜਾਗਰੂਕ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਗੁਰਸ਼ਰਨ ਸਿੰਘ ਤਤਕਾਲ ਦੇ ਨਾਟਕਕਾਰ ਸਨ ਭਾਵ ਉਨ੍ਹਾਂ ਨੇ ਆਪਣੇ 50 ਸਾਲਾਂ ਦੇ ਕਲਾਤਮਕ ਜੀਵਨ ਦੌਰਾਨ ਚੱਲੀਆਂ ਲਹਿਰਾਂ ‘ਤੇ ਆਪਣੇ ਨਾਟਕਾਂ ਰਾਹੀਂ ਮੌਕੇ ‘ਤੇ ਹੀ ਟਿੱਪਣੀ ਕੀਤੀ ਅਤੇ ਲੋਕਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਦੱਸਿਆ ਕਿ ਭਾਅ ਜੀ ਨੇ 185 ਨਾਟਕ ਲਿਖੇ ਅਤੇ ਉਨ੍ਹਾਂ ਦੀਆਂ 12 ਹਜ਼ਾਰ ਦੇ ਕਰੀਬ ਪੇਸ਼ਕਾਰੀਆਂ ਕੀਤੀਆਂ। ਡਾ. ਦੀਪ ਨੇ ਕਿਹਾ ਕਿ ਗੁਰਸ਼ਰਨ ਸਿੰਘ ਨੇ ਆਪਣੇ ਨਾਟਕਾਂ ਰਾਹੀਂ ਇਤਿਹਾਸਿਕ ਘਟਨਾਵਾਂ ਨੂੰ ਸਮਕਾਲ ਨਾਲ ਜੋੜ ਕੇ ਪੇਸ਼ ਕੀਤਾ ਜੋ ਹਰੇਕ ਜ਼ਮਾਨੇ ‘ਚ ਪ੍ਰਸੰਗਿਕ ਰਹਿਣਗੀਆਂ। ਡਾ. ਦੀਪ ਨੇ ਕਿਹਾ ਭਾਅ ਜੀ ਨਾਟਕ ਤੋਂ ਇਲਾਵਾ ਅਖ਼ਬਾਰੀ ਕਾਲਮਾਂ, ਡਾਇਰੀ ਅਤੇ ਹੋਰਨਾਂ ਕ੍ਰਿਤਾਂ ਰਾਹੀਂ ਵੀ ਦੁਨੀਆ ਦੀ ਹਰ ਵੱਡੀ ਛੋਟੀ ਘਟਨਾ ‘ਤੇ ਬੇਬਾਕੀ ਨਾਲ ਟਿੱਪਣੀਆਂ ਕੀਤੀਆਂ ਜੋ ਪੜ੍ਹਨਯੋਗ ਹਨ। ਉਨ੍ਹਾਂ ਕਿਹਾ ਕਿ ਰੰਗਮੰਚ ਨੂੰ ਪਿੰਡਾਂ ਤੱਕ ਲਿਜਾਣ ‘ਚ ਭਾਈ ਮੰਨਾ ਸਿੰਘ ਦਾ ਯੋਗਦਾਨ ਕਦੇ ਭੁਲਾਇਆ ਨਹੀਂ ਜਾ ਸਕਦਾ।
ਮੁੱਖ ਬੁਲਾਰੇ ਹਰਜੀਤ ਕੈਂਥ ਨੇ ਗੁਰਸ਼ਰਨ ਸਿੰਘ ਨਾਲ ਜੁੜੀਆਂ ਬਹੁਤ ਸਾਰੀਆਂ ਯਾਦਾਂ ਸਾਂਝੀਆਂ ਕੀਤੀਆਂ। ਸ. ਕੈਂਥ ਨੇ ਕਿਹਾ ਕਿ ਉਨ੍ਹਾਂ ਆਪਣੇ ਨਾਟਕਾਂ ਰਾਹੀਂ ਲੋਕਾਂ ਨੂੰ ਕਠਪੁਤਲੀਆਂ ਬਣਨ ਦੀ ਥਾਂ ਯੋਧੇ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਹਰ ਲਹਿਰ ਦੌਰਾਨ ਜਾਨ ਹਥੇਲੀ ‘ਤੇ ਰੱਖ ਕੇ ਪਿੰਡ-ਪਿੰਡ ਨਾਟਕ ਖੇਡੇ। ਕੁਲਵੰਤ ਸਿੰਘ ਨਾਰੀਕੇ ਨੇ ਵਿਭਾਗ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਨਾਟਕ ‘ਕਿਵ ਕੂੜੈ ਤੁਟੈ ਪਾਲਿ’ ਦੇ ਨਿਰਦੇਸ਼ਕ ਹਰਜੀਤ ਕੈਂਥ, ਕਲਾਕਾਰ ਮਨਿੰਦਰ ਰੰਗੀਲਾ, ਅਵੀ, ਮਨਜੀਤ ਗੋਪਾਲਪੁਰੀ, ਜਸਕਰਨ ਸਿੰਘ ਤੇ ਅਨੁਰਾਗ ਨੂੰ ਭਾਸ਼ਾ ਵਿਭਾਗ ਵੱਲੋਂ ਸਨਮਾਨਿਤ ਕੀਤਾ। ਸਾਰੇ ਮਹਿਮਾਨਾਂ ਨੂੰ ਬੂਟਾ ਪ੍ਰਸ਼ਾਦ ਅਤੇ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਚੰਦਨਦੀਪ ਕੌਰ, ਸਹਾਇਕ ਨਿਰਦੇਸ਼ਕਾ ਹਰਭਜਨ ਕੌਰ, ਸਤਨਾਮ ਸਿੰਘ, ਅਮਰਿੰਦਰ ਸਿੰਘ, ਪਰਵੀਨ ਕੁਮਾਰ, ਤੇਜਿੰਦਰ ਸਿੰਘ ਗਿੱਲ ਅਤੇ ਵੱਡੀ ਗਿਣਤੀ ‘ਚ ਰੰਗਮੰਚ ਨਾਲ ਜੁੜੀਆਂ ਸ਼ਖ਼ਸੀਅਤਾਂ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਮੰਚ ਸੰਚਾਲਨ ਡਾ. ਮਨਜਿੰਦਰ ਸਿੰਘ ਨੇ ਕੀਤਾ। ਅਖੀਰ ਵਿੱਚ ਸਹਾਇਕ ਨਿਰਦੇਸ਼ਕ ਸਤਨਾਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ।
ਸੰਯੁਕਤ ਨਿਰਦੇਸ਼ਕਾ ਡਾ. ਵੀਰਪਾਲ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਭਾਸ਼ਾ ਵਿਭਾਗ ਵੱਲੋਂ ਨਾਮਵਰ ਲਿਖਾਰੀਆਂ ਤੇ ਰੰਗਕਰਮੀਆਂ ਨੂੰ ਸਤਿਕਾਰ ਦੇਣ ਲਈ ਕੀਤੇ ਜਾਂਦੇ ਉਪਰਾਲਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਵਿਭਾਗ ਨਿਰੰਤਰ ਸਿਰਜਣਾਤਮਕ ਸਰਗਰਮੀਆਂ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਰਹਿੰਦਾ ਹੈ।