ਪੰਜਾਬ ਪੱਧਰੀ ਵਿਗਿਆਨ ਪ੍ਰਦਰਸ਼ਨੀਆਂ ‘ਚੋਂ ਅਯੂਸ਼ ਚੰਦ ਰਿਹਾ ਅੱਵਲ
ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ‘ਚ ਵਿਗਿਆਨਿਕ ਰੁਚੀਆਂ ਪੈਦਾ ਕਰਨ ਦੇ ਮਨਸੂਬੇ ਨਾਲ ਲਗਵਾਈਆਂ ਜਾ ਰਹੀਆਂ ਵਿਗਿਆਨ ਪ੍ਰਦਰਸ਼ਨੀਆਂ ਤਹਿਤ ਜਿਲ੍ਹਾ ਪਟਿਆਲਾ ਦੇ ਵੱਖ-ਵੱਖ ਸਕੂਲਾਂ, ਬਲਾਕਾਂ ਤੇ ਜਿਲ੍ਹਾ ਪੱਧਰੀ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਹਰਿੰਦਰ ਕੌਰ ਦੀ ਅਗਵਾਈ ‘ਚ ਨੇਪਰੇ ਚੜੀਆਂ ਇਨ੍ਹਾਂ ਪ੍ਰਦਰਸ਼ਨੀਆਂ ਦੇ ਜੇਤੂਆਂ ਨੂੰ ਸਨਮਾਨਿਤ ਕਰਨ ਹਿੱਤ ਇੱਥੇ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਉਪ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.) ਸੁਖਵਿੰਦਰ ਖੋਸਲਾ ਅਤੇ ਮੇਜ਼ਬਾਨ ਸਕੂਲ ਦੇ ਪ੍ਰਿੰ. ਬਲਵੀਰ ਸਿੰਘ ਜੌੜਾ ਨੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।
ਸਾਇੰਸ ਵਿਸ਼ੇ ਦੀ ਜਿਲ੍ਹਾ ਮੈਂਟਰ ਗਗਨਦੀਪ ਕੌਰ ਅਨੁਸਾਰ ਪੰਜਾਬ ਪੱਧਰੀ ਪ੍ਰਦਰਸ਼ਨੀਆਂ ‘ਚ ਪਟਿਆਲਾ ਜਿਲ੍ਹੇ ਦੇ ਆਯੂਸ਼ ਚੰਦ ਨੇ ਮਿਡਲ ਵਰਗ ‘ਚ ਪਹਿਲਾ ਸਥਾਨ ਹਾਸਿਲ ਕੀਤਾ ਅਤੇ 51 ਸੌ ਰੁਪਏ ਦੇ ਇਨਾਮ ਦਾ ਹੱਕਦਾਰ ਬਣਿਆ ਅਤੇ ਹਾਈ ਵਰਗ ‘ਚੋਂ ਖੁਸ਼ੀ ਸਿੰਗਲਾ ਦੂਸਰੇ ਸਥਾਨ ‘ਤੇ ਰਹੀ ਅਤੇ 31 ਸੌ ਰੁਪਏ ਦੇ ਇਨਾਮ ਦੀ ਹੱਕਦਾਰ ਬਣੀ। ਜਿਲ੍ਹਾ ਪਟਿਆਲਾ ਦੀਆਂ ਪ੍ਰਦਰਸ਼ਨੀਆਂ ਤਹਿਤ ਮਿਡਲ ਵਰਗ ‘ਚੋਂ ਅਯੂਸ਼ ਚੰਦ ਸਰਕਾਰੀ ਕੰਨਿਆ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਪਹਿਲੇ, ਪਰਮੀਤ ਸਿੰਘ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੂਸਰੇ ਤੇ ਆਰਤੀ ਸ਼ਰਮਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਿਰ ਜੱਛ ਤੀਸਰੇ, ਹਾਈ ਵਰਗ ‘ਚ ਖੁਸ਼ੀ ਸਿੰਗਲਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਕਟੋਰੀਆ (ਪਟਿਆਲਾ) ਪਹਿਲੇ, ਮਨਬੀਰ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟੋਡਰਪੁਰ ਦੂਸਰੇ ਤੇ ਅਕਾਸ਼ ਗੋਇਲ ਸਰਕਾਰੀ ਕੰਨਿਆ ਮਲਟੀਪਰਪਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ ਤੀਸਰੇ ਸਥਾਨ ‘ਤੇ ਰਿਹਾ।
ਜਿਲ੍ਹਾ ਪੱਧਰ ਦੇ ਜੇਤੂਆਂ ਨੂੰ ਵੀ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ। ਇਸ ਮੌਕੇ ਨੈਸ਼ਨਲ ਐਵਾਰਡੀ ਜਸਵਿੰਦਰ ਸਿੰਘ ਕਲਿਆਣ, ਸਟੇਟ ਐਵਾਰਡੀ ਡਾ. ਦਿਨੇਸ਼ ਕੁਮਾਰ, ਨਤਾਲਿਆ ਸੂਦ, ਸਿੱਖਿਆ ਸੁਧਾਰ ਟੀਮ ਤੋਂ ਲਲਿਤ ਮੋਦਗਿਲ ਤੇ ਸੁਧੀਰ ਸ਼ਰਮਾ ਤੇ ਸਾਇੰਸ ਵਿਸ਼ੇ ਦੇ ਬਲਾਕ ਮੈਂਟਰ ਵੀ ਹਾਜ਼ਰ ਸਨ।