Punjab-Chandigarh

ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕੀਤਾ ਸ਼ਹੀਦ ਕਿਸਾਨ ਸਮਾਰਕ ਦਾ ਉਦਘਾਟਨ

Shiv Kumar:

ਚੰਡੀਗੜ/ਸੰਗਰੂਰ, 8 ਦਸੰਬਰ: ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰੂ ਜੀ ਦੀ ਮਹਾਨ ਸ਼ਹਾਦਤ ਪ੍ਰਤੀ ਨਤਮਸਤਕ ਹੁੰਦੇ ਹੋਏ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਸੰਗਰੂਰ ਵਿਖੇ ਸ਼ਹੀਦ ਕਿਸਾਨ ਸਮਾਰਕ ‘ਯਾਦਗਾਰ-ਏ-ਸ਼ਹੀਦਾਂ’ ਦਾ ਉਦਘਾਟਨ ਕੀਤਾ। ਇਸ ਸਮਾਰਕ ਵਿੱਚ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਸੰਗਰੂਰ ਜ਼ਿਲੇ ਦੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਮ ਲਿਖੇ ਗਏ ਹਨ। ਸ਼੍ਰੀ ਸਿੰਗਲਾ ਨੇ ਗੁਰੂ ਜੀ ਦੀ ਮਹਾਨ ਦੇਣ ਨੂੰ ਯਾਦ ਕਰਦਿਆਂ ਕਿਹਾ ਕਿ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਦੀ ਰਾਖੀ ਲਈ ਆਪਣੀ ਮਹਾਨ ਕੁਰਬਾਨੀ ਦਿੱਤੀ ਅਤੇ ਉਨਾਂ ਦੁਆਰਾ ਦਿਖਾਏ ਹੱਕ ਤੇ ਸੱਚ ਦੇ ਮਾਰਗ ’ਤੇ ਚਲਦਿਆਂ ਸਾਡੇ ਕਿਸਾਨ ਤੇ ਮਜ਼ਦੂਰ ਭਰਾਵਾਂ ਨੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਖਿਲਾਫ਼ ਇਕਜੁਟਤਾ ਨਾਲ ਟੱਕਰ ਲਈ ਅਤੇ ਜਾਨ ਦੀਆਂ ਕੁਰਬਾਨੀਆਂ ਦੇਣ ਵਿੱਚ ਵੀ ਪਿਛਾਂਹ ਨਾ ਹਟਣ ਦਾ ਜੇਰਾ ਦਿਖਾ ਕੇ ਇਤਿਹਾਸ ਬਣਾ ਦਿੱਤਾ ਹੈ।

ਸਮਾਰਕ ਦਾ ਉਦਘਾਟਨ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਇਸ ਕਿਸਾਨ ਅੰਦੋਲਨ ਵਿਚ ਪੰਜਾਬ ਦੇ ਸਾਰੇ ਤਬਕਿਆਂ ਨੇ ਵੱਧ ਚੜ ਕੇ ਹਿੱਸਾ ਪਾਇਆ ਹੈ ਭਾਵੇਂ ਉਹ ਕਿਸਾਨ ਸਨ ਜਾਂ ਮਜ਼ਦੂਰ ਜਾਂ ਫੇਰ ਕੋਈ ਦੁਕਾਨਦਾਰ । ਉਨਾਂ ਕਿਹਾ ਕਿ ਇਹ ਅੰਦੋਲਨ ਪੰਜਾਬੀਅਤ ਦੀ ਸੱਚੀ ਨੁਮਾਇੰਦਗੀ ਕਰਦਾ ਹੈ ਜਿੱਥੇ ਲੋਕ ਕਿਸੇ ਮੁੱਕਦੱਸ ਮਕਸਦ ਲਈ ਸਿਰ ਜੋੜ ਕੇ ਲੜੇ ।
ਸ੍ਰੀ ਸਿੰਗਲਾ ਨੇ ਸਾਫ ਸ਼ਬਦਾਂ ਵਿੱਚ ਕਿਹਾ ਕਿ ਉਹ ਪਹਿਲਾਂ ਪੰਜਾਬੀ ਹਨ ਅਤੇ ਉਹਨਾਂ ਨੂੰ ਇਸ ਗੱਲ ‘ਤੇ ਮਾਣ ਹੈ ਕਿ ਪੰਜਾਬੀਆਂ ਨੇ ਪੂਰੇ ਮੁਲਕ ਦੀ ਅਗਵਾਈ ਕੀਤੀ ਅਤੇ ਭਾਰਤ ਦੇ ਸਭ ਕਿਸਾਨ ਮਜ਼ਦੂਰਾਂ ਨੂੰ ਕੇਂਦਰ ਸਰਕਾਰ ਵੱਲੋਂ ਥੋਪੇ ਜਾ ਰਹੇ ਕਾਲੇ ਕਨੂੰਨਾਂ ਖਿਲਾਫ ਲਾਮਬੰਦ ਕੀਤਾ।
ਸ੍ਰੀ ਸਿੰਗਲਾ ਨੇ ਕਿਹਾ ਕਿ ਪੰਜਾਬੀਆਂ ਨੇ ਡੱਟ ਕੇ ਇਹ ਲੜਾਈ ਲੜੀ ਅਤੇ ਇੱਕ ਜਾਬਰ ਕੇਂਦਰ ਸਰਕਾਰ ਨੂੰ ਆਪਣੇ ਕਦਮ ਪਿੱਛੇ ਖਿੱਚਣ ਲਈ ਮਜਬੂਰ ਕੀਤਾ । ਲੋਕ ਨਿਰਮਾਣ ਮੰਤਰੀ ਨੇ ਇਹ ਵੀ ਕਿਹਾ ਇਸ ਇਤਿਹਾਸਕ ਅੰਦੋਲਨ ਵਿਚ 700 ਤੋਂ ਵੱਧ  ਸ਼ਹੀਦ ਹੋਏ ਹਨ ਅਤੇ ਸਾਡੇ ਪੰਜਾਬ ਚ ਸ਼ਹਾਦਤਾਂ ਨੂੰ ਮਨਾਉਣ ਦਾ ਦਸਤੂਰ ਹੈ । ਉਹਨਾਂ ਨੇ ਕਿਹਾ ਕਿ ਪੰਜਾਬੀ ਹੋਣ ਦੇ ਨਾਂ ‘ਤੇ ਉਹਨਾਂ ਦਾ ਪਹਿਲਾ ਨੈਤਿਕ ਫਰਜ਼ ਬਣਦਾ ਹੈ ਕਿ ਉਹ ਸ਼ਹੀਦ ਹੋਈਆਂ ਰੂਹਾਂ ਦੀ ਕਦਰ ਕਰਨ ਅਤੇ ਉਹਨਾਂ ਦੇ ਪਰਿਵਾਰਾਂ ਦਾ ਖਿਆਲ ਰੱਖਣ । ਉਹਨਾਂ ਨੇ ਕਿਹਾ ਕਿ ਸੰਗਰੂਰ ਜ਼ਿਲੇ ਦੇ ਸਾਰੇ ਸ਼ਹੀਦਾਂ ਦੇ ਨਾਮ ਇਸ ਸਮਾਰਕ ਵਿਚ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ ।

ਸਿੰਗਲਾ ਨੇ ਫਿਰਕਾਪਰਸਤ ਆਰਐਸਐਸ ਨੂੰ ਪੰਜਾਬ ਦੀ ਦੁਸ਼ਮਣ ਜਮਾਤ ਗਾਰਦਾਣਦਿਆਂ ਕਿਹਾ ਕਿ ਇਹ ਲੋਕ ਸਮਾਜ ਵਿਚ ਧਰਮ ਅਤੇ ਜਾਤ ਦੇ ਨਾਮ ‘ਤੇ ਵੰਡੀਆਂ ਪਾਉਂਦੇ ਹਨ ਅਤੇ ਇੱਕ ਇਨਸਾਨ ਨੂੰ ਦੂਜੇ ਇਨਸਾਨ ਦਾ ਦੁਸ਼ਮਣ ਬਣਾਉਂਦੇ ਹਨ । ਉਨਾਂ ਨੇ ਇਹ ਵੀ ਕਿਹਾ ਕਿ ਪੰਜਾਬੀ ਸਮਝਦਾਰ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਲੋਕ ਪੰਜਾਬ ਵਿਚ ਕਦੇ ਵੀ ਆਰ ਐਸ ਐਸ ਦੇ ਅਤੇ ਉਸ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਇਸ ਮੌਕੇ ਕਿਸਾਨਾਂ ਦੇ ਵਾਰਸਾਂ ਨੇ ਸ੍ਰੀ ਸਿੰਗਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਦਿੱਲੀ ਮੋਰਚੇ ਵਿੱਚ ਸਹੀਦ ਹੋਏ ਕਿਸਾਨਾਂ ਤੇ ਮਜਦੂਰਾਂ ਨੂੰ ਸਮਰਪਿਤ ਨਾ ਕੇਵਲ ਪੰਜਾਬ ਦੀ ਬਲਕਿ ਦੇਸ ਦੀ ਪਹਿਲੀ ਵਿਲੱਖਣ ਯਾਦਗਾਰ ਹੈ ਜਿਸ ਨੇ ਉਨਾਂ ਦੀਆਂ ਕੁਰਬਾਨੀਆਂ ਨੂੰ ਸਦੀਵੀ ਅਮਰ ਕਰ ਦਿੱਤਾ ਹੈ।
ਇਸ ਮੌਕੇ ਸਾਮਿਲ ਹੋਏ ਜਲਿਾ ਸੰਗਰੂਰ ਨਾਲ ਸਬੰਧਤ ਸਹੀਦ ਹੋਏ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ਅਤੇ ਵਿਸਵਾਸ ਦਿਵਾਇਆ ਕਿ ਪੰਜਾਬ ਸਰਕਾਰ ਅਤੇ ਪ੍ਰਸਾਸਨ ਵੱਲੋਂ ਉਨਾਂ ਨੂੰ ਹਮੇਸਾਂ ਸਹਿਯੋਗ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਕਿਸਾਨ ਅੰਦੋਲਨ ਦੌਰਾਨ ਪਹਿਲੇ ਦਿਨ ਤੋਂ ਹੀ ਕਿਸਾਨਾਂ ਨਾਲ ਖੜੀ ਹੈ ਅਤੇ ਭਵਿੱਖ ਵਿੱਚ ਵੀ ਚੱਟਾਨ ਵਾਂਗ ਖੜੀ ਰਹੇਗੀ। ਇਸ ਮੌਕੇ ਡਿਪਟੀ ਕਮਿਸਨਰ ਸ੍ਰੀ ਰਾਮਵੀਰ, ਐਸ ਐਸ ਪੀ ਸ੍ਰੀ ਸਵਪਨ ਸਰਮਾ ਸਮੇਤ ਹੋਰ ਸਖਸੀਅਤਾਂ ਵੀ ਹਾਜਰ ਸਨ।    

Spread the love

Leave a Reply

Your email address will not be published. Required fields are marked *

Back to top button