Punjab-Chandigarh

ਪਟਿਆਲਾ ਜ਼ਿਲ੍ਹਾ ਸਹਿਕਾਰੀ ਬੈਂਕ ਨੇ 68ਵਾਂ ਸਰਵ ਭਾਰਤੀ ਸਹਿਕਾਰੀ ਸਪਤਾਹ ਮਨਾਇਆ

Shiv Kumar:

ਪਟਿਆਲਾ, 18 ਨਵੰਬਰ: ਸਹਿਕਾਰਤਾ ਵਿਭਾਗ, ਪੰਜਾਬ ਵੱਲੋਂ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਨੂੰ ਸਮਰਪਿਤ 14 ਨਵੰਬਰ ਤੋਂ 20 ਨਵੰਬਰ ਤੱਕ ਮਨਾਏ ਜਾ ਰਹੇ 68ਵੇਂ ਸਰਵ ਭਾਰਤੀ ਸਹਿਕਾਰੀ ਸਪਤਾਹ ਤਹਿਤ ਇੱਥੇ ਮਾਲ ਰੋਡ ਵਿਖੇ ਪਟਿਆਲਾ ਕੇਂਦਰੀ ਸਹਿਕਾਰੀ ਬੈਂਕ ਲਿਮਟਿਡ ਨੇ ਵੀ ਇੱਕ ਸਮਾਰੋਹ ਕਰਵਾਇਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਰਾਜਪੁਰਾ ਦੇ ਵਿਧਾਇਕ ਸ੍ਰੀ ਹਰਦਿਆਲ ਸਿੰਘ ਕੰਬੋਜ, ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਅਤੇ ਸਮਾਣਾ ਦੇ ਵਿਧਾਇਕ ਸ੍ਰੀ ਰਾਜਿੰਦਰ ਸਿੰਘ ਨੇ ਸ਼ਿਰਕਤ ਕੀਤੀ।
ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਨੇ ਕਿਹਾ ਕਿ ਸਹਿਕਾਰੀ ਬੈਂਕਾਂ ਜਰੀਏ ਹੀ ਅੱਜ ਕਿਸਾਨ ਪ੍ਰਫੁਲਤ ਹੋਇਆ ਹੈ ਕਿਉਂਕਿ ਕਿਸਾਨਾਂ ਨੂੰ ਲੋੜੀਂਦੀ ਸਹਾਇਤਾ ਤੇ ਸਹੂਲਤ ਸਮੇਂ-ਸਮੇਂ ਸਿਰ ਇਹਨਾਂ ਬੈਂਕਾਂ ਰਾਹੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਡੇ ਇਹ ਸਹਿਕਾਰੀ ਬੈਂਕ ਸਿਰਫ 4  ਪ੍ਰਤੀਸ਼ਤ ‘ਤੇ ਕਿਸਾਨਾਂ ਨੂੰ ਕਰਜ਼ਾ ਦਿੰਦੀ ਹੈ, ਜੋ ਨਾ ਮਾਤਰ ਹੈ ਅਤੇ ਬਹੁਤ ਸਾਰੀਆਂ ਸਕੀਮਾਂ ਜੋ ਮਜਦੂਰ, ਵਰਗ ਅਤੇ ਸਹਾਇਕ ਧੰਦਿਆਂ ਲਈ ਕਾਫੀ ਲਾਹੇਵੰਦ ਹਨ।
ਸ੍ਰੀ ਮਦਨ ਲਾਲ ਨੇ ਕਿਹਾ ਕਿ ਅੱਜ ਪੇਂਡੂ ਔਰਤਾਂ ਨੂੰ ਵੀ ਆਪਣੇ ਪੈਰ੍ਹਾਂ ‘ਤੇ ਖੜ੍ਹੇ ਹੋਣ ਲਈ ਕਰੋੜਾਂ ਰੁਪਏ ਜਾਰੀ ਕੀਤੇ ਜਾ ਰਹੇ ਹਨ, ਤਾਂ ਜੋ ਉਹ ਮਹਿਲਾ ਗਰੁੱਪਾਂ ਦੇ ਜਰੀਏ ਆਪਣੇ ਘਰ ਬੈਠਕੇ ਕੰਮ ਕਰ ਸਕਣ ਅਤੇ ਆਪਣੇ ਪਰਿਵਾਰ ਦੀ ਆਰਥਿਕਤਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾ ਸਕਣ। ਹੁਣ ਇਹ ਬੈਂਕ ਅਧੂਨਿਕ ਬੈਂਕ ਬਣ ਚੁੱਕੇ ਹਨ ਅਤੇ ਕਮਰਸ਼ੀਅਲ ਬੈਂਕ ਦੇ ਮੁਕਾਬਲੇ ਹਰ ਸੁਵਿਧਾ ਇਹਨਾਂ ਬੈਂਕਾਂ ਵਿੱਚ ਉਪਲੱਬਧ ਹੈ।
ਵਿਧਾਇਕ ਜਲਾਲਪੁਰ ਨੇ ਦੱਸਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਤੇ ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੰਜਾਬ ਸਰਕਾਰ ਸਹਿਕਾਰੀ ਬੈਂਕਾਂ ਦੇ ਨਾਲ ਹਮੇਸ਼ਾ ਹੀ ਖੜ੍ਹੀ ਰਹੀ ਹੈ, ਸਟਾਫ ਦੀ ਘਾਟ ਨੂੰ ਦੇਖਦਿਆਂ ਸਹਿਕਾਰਤਾ ਮੰਤਰੀ ਸ੍ਰੀ ਰੰਧਾਵਾ ਦੀ ਬਦੌਲਤ ਕਲਰਕ ਤੋਂ ਲੈ ਕੇ ਸੀਨੀਅਰ ਮੈਨੇਜਰ ਤੱਕ ਦੀ ਨਵੀ ਭਰਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਖੇਤੀ ਸਭਾਵਾਂ ‘ਚ ਵੀ ਸਟਾਫ਼ ਦੀ ਜਲਦ ਪੂਰਤੀ ਕਰ ਲਈ ਜਾਵੇਗੀ ਤਾਂ ਜੋ ਕਿਸਾਨ ਅਤੇ ਮੈਂਬਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਨਾ ਆਵੇ।
ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਤੇ ਸ. ਰਜਿੰਦਰ ਸਿੰਘ ਨੇ ਸਹਿਕਾਰਤਾ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਸਹਿਕਾਰਤਾ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਸਮਾਗਮ ਦੀ ਸਫ਼ਲਤਾ ਲਈ ਵਧਾਈ ਦਿੱਤੀ।
ਦੀ ਪੰਜਾਬ ਰਾਜ ਸਹਿਕਾਰੀ ਬੈਂਕ ਲਿਮਟਿਡ ਚੰਡੀਗੜ੍ਹ ਦੇ ਪ੍ਰਬੰਧਕ ਨਿਰਦੇਸ਼ਕ ਰਾਜੇਸ ਧੀਮਾਨ ਨੇ ਕਿਹਾ ਕਿ ਮਰਹੂਮ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਹਿਕਾਰਤਾ ਲਹਿਰ ਵਿੱਚ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਹਿਕਾਰੀ ਹਫ਼ਤੇ ਦੌਰਾਨ ਸਹਿਕਾਰਤਾ ਲਹਿਰ ਨੂੰ ਪ੍ਰਫੁਲਤ ਕਰਨ ਲਈ ਸਹਿਕਾਰੀਆਂ ਦੇ ਸੁਝਾਅ ਲਏ ਜਾਂਦੇ ਹਨ। ਸ੍ਰੀ ਧੀਮਾਨ ਨੇ ਹੋਰ ਕਿਹਾ ਕਿ ਬੈਂਕ ਵਲੋਂ ਪੇਂਡੂ ਇਸਤਰੀਆਂ ਲਈ ਨਾਬਾਰਡ ਦੀ ਜੇ.ਐਲ.ਜੀ ਸਕੀਮ ਤਹਿਤ 110 ਗਰੁੱਪਾਂ ਨੂੰ ਅੱਜ 150 ਕਰੋੜ ਰੁਪਏ ਮੰਨਜੂਰ ਕਰਕੇ ਪ੍ਰਵਾਨਗੀ ਪੱਤਰ ਵੀ ਗਰੁਪਾਂ ਨੂੰ ਦਿੱਤੇ ਗਏ ਹਨ।
ਬੈਂਕ ਦੇ ਪ੍ਰਬੰਧਕ ਨਿਰਦੇਸ਼ਕ ਗੁਰਬਾਜ ਸਿੰਘ ਨੇ ਅਧਿਕਾਰੀਆਂ ਤੇ ਸਹਿਕਾਰੀ ਬੈਂਕ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਬੈਂਕ ਦੀ ਕਾਰਗੁਜਾਰੀ ਦੀ ਰਿਪੋਰਟ ਪੇਸ਼ ਕੀਤੀ। ਉੁਨ੍ਹਾਂ ਦੱਸਿਆ ਕਿ ਇਸ ਸਮੇਂ ਬੈਂਕ ਦੀਆਂ 43 ਬ੍ਰਾਂਚਾਂ ਆਧੁਨਿਕ ਤਰੀਕੇ ਨਾਲ ਕੰਮ ਕਰ ਰਹੀਆਂ ਹਨ।
ਸ. ਗੁਰਬਾਜ ਸਿੰਘ ਨੇ ਦੱਸਿਆ ਕਿ ਬੈਂਕ ਵਲੋਂ ਸਿਮਾਂਤ ਕਿਸਾਨਾਂ ਨੂੰ 2.50 ਏਕੜ ਤੱਕ 123916 ਮੈਂਬਰਾਂ ਨੂੰ 149 ਕਰੋੜ ਰੁਪਏ, ਛੋਟੇ ਕਿਸਾਨਾਂ ਨੂੰ 5 ਏਕੜ ਤੱਕ 11634 ਮੈਂਬਰਾਂ ਨੂੰ 99.92 ਕਰੋੜ, ਬੇ-ਜਮੀਨੇ ਕਿਸਾਨਾ ਅਤੇ ਖੇਤੀ ਮਜਦੂਰ 35642 ਮੈਂਬਰਾਂ ਨੂੰ  40.45 ਕਰੋੜ ਰੁਪਏ ਤੱਕ ਦਾ ਕਰਜਾ ਮੁਆਫ ਕੀਤਾ ਗਿਆ ਹੈ। ਇਹਨਾਂ ਤੋਂ ਇਲਾਵਾ ਬੈਂਕ ਵਿੱਚ ਅਮਾਨਤਾਂ ਰੱਖਣ ਤੇ ਸਾਰੇ ਸਟਾਫ ਨਾਲ ਸਮੇਂ ਸਮੇਂ ਸਿਰ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਇਸ ਸਮਾਗਮ ਦਾ ਮੰਚ ਸੰਚਾਲਨ ਸਤਪਾਲ ਸਿੰਘ ਘੁੰਮਣ ਨੇ ਕੀਤਾ।
ਇਸ ਮੌਕੇ ਸੰਯੁੁਕਤ ਰਜਿਸਟਰਾਰ ਜਤਿੰਦਰਪਾਲ ਸਿੰਘ, ਐਮ.ਡੀ ਮੋਹਾਲੀ ਤੇ ਫਤਿਹਗੜ੍ਹ ਸਾਹਿਬ ਭਾਸਕਰ ਕਟਾਰੀਆ, ਆਡਿਟ ਅਫ਼ਸਰ ਗਗਨਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਮੈਨੇਜਰ ਅਸ਼ੋਕ ਸਿੰਘ ਮਾਨ, ਸੀਨੀਅਰ ਮੈਨੇਜਰ ਅਜਨੀਸ਼ ਕੁਮਾਰ, ਜਨਰਲ ਮੈਨੇਜਰ ਮਿਲਕ ਪਲਾਂਟ ਗੁਰਮੇਲ ਸਿੰਘ, ਕਲਸਟਰ ਹੈੱਡ ਨਾਬਾਰਡ ਪਰਵਿੰਦਰ ਕੌਰ ਨਾਗਰਾ, ਸਮੂਹ ਸਹਾਇਕ ਰਜਿਸਟਰਾਰ, ਸਹਿਕਾਰੀ ਸਭਾਵਾਂ ਤੇ ਜ਼ਿਲ੍ਹੇ ਦੇ ਸਮੂਹ ਸਹਿਕਾਰੀਆਂ ਨੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ।

Spread the love

Leave a Reply

Your email address will not be published. Required fields are marked *

Back to top button