ਨਾਜਾਇਜ਼ ਸ਼ਰਾਬ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਤੀਜੇ ਦਿਨ ਵੀ ਵੱਡੀ ਕਾਰਵਾਈ -9 ਮਾਮਲੇ ਦਰਜ, 2540 ਲਿਟਰ ਲਾਹਣ ਤੇ 75 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ-ਐਸ.ਐਸ.ਪੀ. ਦੁੱਗਲ
ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਿਆਂ ਵਿਰੁੱਧ ਪਟਿਆਲਾ ਪੁਲਿਸ ਨੇ ਅੱਜ ਤੀਜੇ ਦਿਨ ਵੀ ਵੱਡੀ ਕਾਰਵਾਈ ਕਰਦਿਆਂ ਐਸ.ਐਸ.ਪੀ. ਸ੍ਰੀ ਵਿਕਰਮ ਜੀਤ ਦੁੱਗਲ ਦੀ ਅਗਵਾਈ ਹੇਠ ਛਾਪੇਮਾਰੀ ਕਰਕੇ ਕਈ ਥਾਵਾਂ ਤੋਂ ਚਾਲੂ ਭੱਠੀ, ਲਾਹਣ ਤੇ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ 9 ਮਾਮਲੇ ਦਰਜ ਕਰਕੇ ਕੁਲ 2540 ਲਿਟਰ ਲਾਹਣ ਅਤੇ 75 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕਰਕੇ 1 ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਦੋਂਕਿ ਪੁਲਿਸ ਨੂੰ ਦੇਖ ਕੇ ਫਰਾਰ ਹੋਏ 10 ਵਿਅਕਤੀਆਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਸ੍ਰੀ ਦੁੱਗਲ ਨੇ ਦੱਸਿਆ ਕਿ ਅੱਜ ਮੁੜ ਤੋਂ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ. ਜਾਂਚ ਸ੍ਰੀ ਕੇ.ਕੇ. ਪਾਂਥੇ ਦੀ ਅਗਵਾਈ ਹੇਠ ਥਾਣਾ ਖੇੜੀ ਗੰਢਿਆ ਅਤੇ ਥਾਣਾ ਘਨੌਰ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਘੱਗਰ ਦਰਿਆ ਦੇ ਨਾਲ-ਨਾਲ ਪਿੰਡ ਕਮਾਲਪੁਰ ਡੇਰਾ ਤੋਂ ਸੁਰਜੀਤ ਸਿੰਘ ਪੁੱਤਰ ਦੀਦਾਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਇਸ ਕੋਲੋਂ 500 ਲਿਟਰ ਲਾਹਣ ਅਤੇ 15 ਲਿਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਵਿਰੁੱਧ ਥਾਣਾ ਘਨੌਰ ਵਿਖੇ ਮਾਮਲਾ ਦਰਜ ਕਰ ਲਿਆ ਗਿਆ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਕਿਹਾ ਕਿ ਇਸੇ ਤਰ੍ਹਾਂ ਥਾਣਾ ਜੁਲਕਾ ਦੀ ਪੁਲਿਸ ਨੇ ਛਾਪੇਮਾਰੀ ਕਰਕੇ ਬਲਵੰਤ ਸਿੰਘ ਵਾਸੀ ਡੇਰਾ ਬ੍ਰਹਮਪੁਰਾ ਤੋਂ 200 ਲਿਟਰ ਲਾਹਣ ਬਰਾਮਦ ਕੀਤੀ। ਇਸੇ ਤਰ੍ਹਾਂ ਥਾਣਾ ਪਸਿਆਣਾ ਦੀ ਪੁਲਿਸ ਨੇ ਮਨੀ ਸਿੰਘ ਵਾਸੀ ਫਤਹਿਪੁਰ ਕੋਲੋਂ 45 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਜਦੋਂਕਿ ਥਾਣਾ ਸਮਾਣਾ ਸਦਰ ਪੁਲਿਸ ਨੇ ਪਿੰਡ ਮਰੌੜੀ ਤੋਂ ਇੱਕ ਚਾਲੂ ਭੱਠੀ ਫੜਕੇ 400 ਲਾਹਣ ਬਰਾਮਦ ਕੀਤੀ ਹੈ। ਇਸੇ ਤਰ੍ਹਾਂ ਸੀ.ਆਈ.ਏ. ਸਟਾਫ਼ ਸਮਾਣਾ ਪੁਲਿਸ ਨੇ ਪਿੰਡ ਕੂਕਾ ਤੋਂ 620 ਲਿਟਰ ਲਾਹਣ ਅਤੇ 15 ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਇੱਥੋਂ ਦੇ ਹਰਦੀਪ ਸਿੰਘ, ਦਵਿੰਦਰ ਸਿੰਘ, ਸਤਨਾਮ ਸਿੰਘ ਜਸਵਿੰਦਰ ਸਿੰਘ ਫਰਾਰ ਹਨ।
ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਆਬਕਾਰੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਛਾਪੇਮਾਰੀ ਦੌਰਾਨ ਸਬੰਧਤ ਥਾਣਿਆਂ ਦੀ ਪੁਲਿਸ ਅਤੇ ਸੀ.ਆਈ.ਏ. ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਸਨ।