ਨਾਜਾਇਜ਼ ਸ਼ਰਾਬ ਵਿਰੁੱਧ ਪਟਿਆਲਾ ਪੁਲਿਸ ਵੱਲੋਂ ਪੰਜਵੇਂ ਦਿਨ ਵੀ ਵੱਡੀ ਕਾਰਵਾਈ
ਪਟਿਆਲਾ ਪੁਲਿਸ ਵੱਲੋਂ ਨਾਜਾਇਜ਼ ਸ਼ਰਾਬ ਤਿਆਰ ਕਰਨ ਵਾਲਿਆਂ ਵਿਰੁੱਧ ਅੱਜ ਪੰਜਵੇਂ ਦਿਨ ਵੀ ਕਾਰਵਾਈ ਜਾਰੀ ਰੱਖੀ ਗਈ, ਇਸ ਸਬੰਧੀ ਜਾਣਕਾਰੀ ਦਿੰਦਿਆ ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਅੱਜ 12 ਮਾਮਲੇ ਦਰਜ਼ ਕਰਕੇ ਕੁੱਲ 595 ਲੀਟਰ ਲਾਹਣ, 869 ਬੋਤਲਾਂ ਸ਼ਰਾਬ ਬਰਾਮਦ ਕਰਕੇ 12 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਦੋਂ ਕਿ ਪੁਲਿਸ ਨੂੰ ਦੇਖ ਕੇ ਫ਼ਰਾਰ ਹੋਏ ਵਿਅਕਤੀਆਂ ਨੂੰ ਵੀ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਐਸ.ਐਸ.ਪੀ. ਦੁੱਗਲ ਨੇ ਦੱਸਿਆ ਕਿ ਐਸ.ਪੀ. ਜਾਂਚ ਹਰਮੀਤ ਸਿੰਘ ਹੁੰਦਲ ਅਤੇ ਡੀ.ਐਸ.ਪੀ. ਜਾਂਚ ਕੇ.ਕੇ. ਪਾਂਥੇ ਦੀ ਅਗਵਾਈ ਹੇਠ ਥਾਣਾ ਸ਼ੰਭੂ ਦੀ ਟੀਮ ਨੇ ਛਾਪੇਮਾਰੀ ਕਰਕੇ ਪਿੰਡ ਸਲੇਮਪੁਰ ਸੇਖਾਂ ਤੋਂ ਗੁਰਨਾਮ ਸਿੰਘ ਪੁੱਤਰ ਹਜਾਰਾ ਸਿੰਘ ਨੂੰ ਗ੍ਰਿਫ਼ਤਾਰ ਕਰਕੇ 400 ਲੀਟਰ ਲਾਹਣ ਅਤੇ 48 ਬੋਤਲਾਂ ਨਾਜਾਇਜ਼ ਸ਼ਰਾਬ ਦੀਆਂ ਵੀ ਬਰਾਮਦ ਕੀਤੀਆਂ।
ਐਸ.ਐਸ.ਪੀ. ਸ੍ਰੀ ਦੁੱਗਲ ਨੇ ਦੱਸਿਆ ਕਿ ਇਸੇ ਤਰਾਂ ਥਾਣਾ ਸਦਰ ਸਮਾਣਾ ਦੀਆਂ ਟੀਮਾਂ ਨੇ ਛਾਪੇਮਾਰੀ ਕਰਕੇ ਪਿੰਡ ਮਰੋੜੀ ਤੋਂ ਖੰਡੂ ਸਿੰਘ ਪੁੱਤਰ ਸੁੱਚਾ ਸਿੰਘ ਪਾਸੋਂ 100 ਲੀਟਰ ਲਾਹਣ ਅਤੇ ਥਾਣਾ ਘੱਗਾ ਦੀ ਟੀਮ ਨੇ ਘੱਗਾ ਵਿਖੇ ਛਾਪਾਮਾਰੀ ਕਰਕੇ ਸੁਖਜੀਤ ਸਿੰਘ ਪੁੱਤਰ ਰਾਮ ਸਿੰਘ ਨੂੰ ਗ੍ਰਿਫ਼ਤਾਰ ਕਰਕੇ 95 ਲੀਟਰ ਲਾਹਣ ਬਰਾਮਦ ਕੀਤੀ। ਜਦੋਂ ਕਿ ਥਾਣਾ ਖੇੜੀ ਗੰਡਿਆ ਦੀ ਪੁਲਿਸ ਨੇ ਨਿਰਮਲ ਕੌਰ ਪਤਨੀ ਸੁਖਦੇਵ ਸਿੰਘ ਵਾਸੀ ਪਿੰਡ ਅਜਰਾਵਰ ਨੂੰ ਗ੍ਰਿਫ਼ਤਾਰ ਕਰਕੇ 360 ਬੋਤਲਾਂ ਹਰਿਆਣਾ ਸ਼ਰਾਬ, ਥਾਣਾ ਸਦਰ ਨਾਭਾ ਦੀ ਪੁਲਿਸ ਨੇ ਮਨੋਜ਼ ਕੁਮਾਰ ਅਤੇ ਰਾਜ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ 276 ਬੋਤਲਾਂ ਸ਼ਰਾਬ ਹਰਿਆਣਾ ਅਤੇ ਭਾਦਸੋ ਦੀ ਪੁਿਲਸ ਨੇ ਮਦਨ ਲਾਲ ਪੁੱਤਰ ਜੀਤ ਰਾਮ ਵਾਸੀ ਨਾਨੂੰਵਾਲ ਨੂੰ ਗ੍ਰਿਫ਼ਤਾਰ ਕਰਕੇ 60 ਬੋਤਲਾਂ ਸ਼ਰਾਬ ਪੰਜਾਬ ਬਰਾਮਦ ਕੀਤੀਆ ਹਨ।
ਐਸ.ਐਸ.ਪੀ ਦੁੱਗਲ ਨੇ ਦੱਸਿਆ ਕਿ ਦੋਸ਼ੀਆਂ ਵਿਰੁੱਧ ਆਬਕਾਰੀ ਐਕਟ ਸਮੇਤ ਵੱਖ ਵੱਖ ਧਰਾਵਾਂ ਤਹਿਤ ਮਾਮਲੇ ਦਰਜ ਕੀਤੇ ਗਏ ਹਨ। ਇਸ ਛਾਪੇਮਾਰੀ ਦੌਰਾਨ ਸਬੰਧਤ ਥਾਣਿਆਂ ਦੀ ਪੁਲਿਸ ਅਤੇ ਸੀ.ਆਈ.ਏ ਸਟਾਫ਼ ਦੀਆਂ ਟੀਮਾਂ ਵੀ ਸ਼ਾਮਲ ਸਨ।