ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਦੁੱਲੜ ਦੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦੇ ਤਿੰਨ ਸਾਲ਼ੀ ਪਟੇ ਦੇ ਨਿਯਮਾਂ ਮੁਤਾਬਿਕ ਪੈਸੇ ਭਰਵਾਉਣ ਦੀ ਕੀਤੀ ਮੰਗ
ਸਮਾਣਾ ਬਲਾਕ ਦੇ ਪਿੰਡ ਦੁੱਲੜ ਦੇ ਸਰਪੰਚ ਦੁਆਰਾ ਦਲਿਤਾਂ ਦੀ ਰਿਜ਼ਰਵ ਪੰਚਾਇਤੀ ਜ਼ਮੀਨ ਉੱਪਰ ਨਜਾਇਜ਼ ਕਬਜ਼ਾ ਕਰਵਾਉਣ ਦੀ ਸਾਜ਼ਿਸ਼ ਦੇ ਹੇਠ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀ ਸੀ ਦਫ਼ਤਰ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ।
ਜ਼ਿਕਰਯੋਗ ਹੈ ਕਿ ਪਿੰਡ ਦੁੱਲੜ ਦੇ ਦਲਿਤਾਂ ਨੇ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਦਲਿਤਾਂ ਦੀ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਛੁਡਵਾ ਕੇ ਜ਼ਮੀਨ ਪ੍ਰਾਪਤ ਕੀਤੀ। ਹਾਲਾਂਕਿ ਪਿੰਡ ਵਿੱਚ ਦਲਤਾਂ ਦੇ ਤੀਜੇ ਹਿੱਸੇ ਦੀ 76 ਏਕੜ ਜ਼ਮੀਨ ਬਣਦੀ ਹੈ । ਪਿਛਲੇ ਸਾਲ 60 ਏਕੜ ਦੇ ਪੈਸੇ ਭਰਵਾਉਣ ਦੇ ਬਾਵਜੂਦ 52 ਏਕੜ ਤੇ ਕਬਜਾ ਦਿੱਤਾ ਗਿਆ ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਪ੍ਰਧਾਨ ਮੁਕੇਸ਼ ਮਲੌਦ ਅਤੇ ਅਮਰੀਕ ਦੁੱਲੜ ਕਿਹਾ ਕਿ ਪਿੰਡ ਦੇ ਸਰਪੰਚ ਦੁਆਰਾ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਤਹਿਤ ਜ਼ਮੀਨ ਦੀ ਮੁੜ ਖੁੱਲ੍ਹੀ ਬੋਲੀ ਕਰਵਾਉਣ ਦੀ ਕੋਸ਼ਿਸ਼ ਕਰਕੇ ਜ਼ਮੀਨ ਨੂੰ ਮੁੜ ਨਜਾਇਜ਼ ਕਬਜ਼ੇ ਵਿਚ ਲਿਆਉਣ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ।
ਧਰਨਾ ਪ੍ਰਦਰਸ਼ਨ ਦੇ ਦਬਾਅ ਸਦਕਾ ਡੀਡੀਪੀਓ ਨੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਆਉਂਦੇ ਮੰਗਲਵਾਰ ਤੱਕ ਤਿੰਨ ਸਾਲੀ ਪਟੇ ਦੇ ਮੁਤਾਬਕ ਬਣਦੀ ਰਾਸ਼ੀ ਜਮ੍ਹਾਂ ਕਰਵਾਈ ਜਾਏਗੀ ਅਤੇ ਜ਼ਮੀਨ ਦਲਿਤਾਂ ਨੂੰ ਦਿੱਤੀ ਜਾਵੇਗੀ।
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮੰਗਲਵਾਰ ਤਕ 3 ਸਾਲੀ ਪਟੇ ਦੀਆਂ ਬਣਦੀਆਂ ਸ਼ਰਤਾਂ ਦੇ ਤਹਿਤ ਪੈਸੇ ਜਮਾਂ ਕਰਵਾ ਕੇ ਦਲਿਤਾਂ ਨੂੰ ਨਾ ਦਿੱਤੀ ਗਈ, 76 ਏਕੜ ਜ਼ਮੀਨ ਪੂਰੀ ਨਾ ਕੀਤੀ ਗਈ ਤਾਂ ਬੁੱਧਵਾਰ ਤੋਂ ਡੀ. ਸੀ ਦਫ਼ਤਰ ਸਾਹਮਣੇ ਪੱਕਾ ਮੋਰਚਾ ਸ਼ੁਰੂ ਕੀਤਾ ਜਾਵੇਗਾ।