ਕੇਂਦਰ ਤੋਂ ਗਊ ਨੂੰ ਰਾਸ਼ਟਰੀ ਜੀਵ ਦਾ ਐਲਾਨ ਕਰਵਾਉਣ ਲਈ ਦਸਤਖ਼ਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ-ਸਚਿਨ ਸ਼ਰਮਾ
ਪਟਿਆਲਾ, 13 ਸਤੰਬਰ:
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਗਊ ਮਾਤਾ ਨੂੰ ਰਾਸ਼ਟਰੀ ਜੀਵ ਦਾ ਐਲਾਨ ਕਰਵਾਉਣ ਲਈ ਉਠਾਈ ਆਪਣੀ ਮੰਗ ਪੂਰੀ ਕਰਵਾਉਣ ਲਈ ਇੱਕ ਦਸਤਖ਼ਤੀ ਮੁਹਿੰਮ ਵਿੱਢਣ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਹਿੰਦੂ ਸਨਾਤਨੀ ਬ੍ਰਾਹਮਣਾ ਨਾਲ ਕੀਤੀ ਇੱਕ ਬੈਠਕ ‘ਚ ਸ੍ਰੀ ਸਚਿਨ ਸ਼ਰਮਾ ਨੇ ਇਸ ਗੱਲ ਦਾ ਸੰਕਲਪ ਲਿਆ ਕਿ ਗਊ ਮਾਤਾ ਦੀ ਰੱਖਿਆ ਕਰਨ ਤੇ ਗਊ ਹੱਤਿਆ ਰੋਕਣ ਲਈ ਭਾਰਤੀ ਸੰਸਕ੍ਰਿਤੀ ਦੀ ਜਿਉਂਦੀ ਜਾਗਦੀ ਤਸਵੀਰ ਗਊ ਮਾਤਾ ਨੂੰ ਰਾਸ਼ਟਰੀ ਜੀਵ ਐਲਾਨਿਆ ਜਾਣਾ ਬੇਹੱਦ ਜਰੂਰੀ ਹੈ। ਉਨ੍ਹਾਂ ਨੇ ਸਾਰੇ ਬ੍ਰਾਹਮਣਾ ਦਾ ਇਸ ਗੱਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਵਲੋਂ ਦਸਤਖ਼ਤੀ ਮੁਹਿੰਮ ‘ਚ ਸਾਥ ਦੇਣ ਦਾ ਭਰੋਸਾ ਦਿੱਤਾ ਹੈ।
ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਗਊ ਸੇਵਾ ਕਮਿਸ਼ਨ ਨੇ ਗਉਧਨ ਦੇ ਕਲਿਆਣ ਲਈ ਅਹਿਮ ਕਾਰਜ ਕੀਤੇ ਹਨ, ਜਿਸ ‘ਚ ਮੈਡੀਕਲ ਕੈਂਪ, ਸੇਵਾ ਸੰਭਾਲ, ਹਰਾ ਚਾਰਾ, ਤੂੜੀ, ਸਾਫ਼ ਪਾਣੀ, ਬਿਜਲੀ, ਨਸਲ ਸੁਧਾਰ ‘ਤੇ ਅਹਿਮ ਕਾਰਜ ਕੀਤੇ ਹਨ। ਉਨ੍ਹਾਂ ਦੱਸਿਆ ਕਿ ਰਾਜ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ 200 ਦੇ ਕਰੀਬ ਗਊ ਭਲਾਈ ਮੈਡੀਕਲ ਕੈਂਪ ਲਗਾਏ ਗਏ। ਇਸ ਤੋਂ ਬਿਨ੍ਹਾਂ ਦੇਸੀ ਨਸਲ ਨੂੰ ਪ੍ਰਫੁਲਤ ਕਰਨ ਲਈ ਸਾਹੀਵਾਲ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਗਈ।
ਸ੍ਰੀ ਸਚਿਨ ਸ਼ਰਮਾ ਨੇ ਹੋਰ ਕਿਹਾ ਕਿ ਗਊ ਰੱਖਿਆ ਲਈ ਕਮਿਸ਼ਨ ਨੇ ਸਮੁੱਚੇ ਡਿਪਟੀ ਕਮਿਸ਼ਨਰਾਂ ਤੇ ਐਸ.ਐਸ.ਪੀਜ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰਕੇ ਚੈਕ ਪੋਸਟਾਂ ‘ਤੇ ਸੁਰੱਖਿਆ ਹੋਰ ਪੁੱਖ਼ਤਾ ਕਰਕੇ ਗਊ ਤਸਕਰੀ ਰੋਕਣ ਦੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਵਿਡ ਦੌਰਾਨ ਜਿੱਥੇ ਸਰਕਾਰ ਨੇ ਆਮ ਲੋਕਾਂ ਲਈ ਹਰ ਪ੍ਰਕਾਰ ਦੇ ਯਤਨ ਕੀਤੇ ਉਥੇ ਹੀ ਗਊਵੰਸ਼ ਨੂੰ ਹਰਾ ਚਾਰਾ, ਤੁੂੜੀ ਤੇ ਮੈਡੀਕਲ ਸੇਵਾਵਾਂ ਵੀ ਪ੍ਰਦਾਨ ਕੀਤੀਆਂ।
ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਆਪਣੇ ਵੱਲੋਂ ਭਾਰਤ ਸਰਕਾਰ ਨੂੰ ਲਿਖੇ ਪੱਤਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਸਨਾਤਨ ਧਰਮ ਦੀ ਰੀੜ ਗਊਮਾਤਾ ਅਤੇ ਗਊਵੰਸ਼ ਨੂੰ ਬਚਾਉਣ ਹਿੱਤ ਕੇਂਦਰ ਸਰਕਾਰ ਦੇ ਪੱਧਰ ‘ਤੇ ਜਰੂਰੀ ਉਪਰਾਲੇ ਕੀਤੇ ਜਾਣੇ ਬੇਹੱਦ ਲਾਜਮੀ ਹਨ। ਜਿਸ ਲਈ ਉਹ ਇੱਕ ਦਸਤਖ਼ਤੀ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਤਾਂ ਕਿ ਲੋਕਾਂ ਦੀ ਆਵਾਜ ਨੂੰ ਕੇਂਦਰ ਸਰਕਾਰ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਨੇ ਮੰਗ ਕੀਤੀ ਕਿ ਦੇਸ਼ ਦੀ ਗਊਚਰਾਂਦ ਭੂਮੀ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ, ਤਾਂ ਕਿ ਅਜਿਹੀਆਂ ਜਮੀਨਾਂ ਤੋਂ ਨਜਾਇਜ਼ ਕਬਜੇ ਛੁਡਵਾਏ ਜਾ ਸਕਣ ਅਤੇ ਸੜਕਾਂ ‘ਤੇ ਹਾਦਸਿਆਂ ਦਾ ਕਾਰਨ ਬਣਦੇ ਬੇਸਹਾਰਾ ਘੁੰਮ ਰਹੇ ਗਊਵੰਸ਼ ਨੂੰ ਸਥਾਈ ਸਹਾਰਾ ਦਿੱਤਾ ਜਾ ਸਕੇ।
ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸ੍ਰੀ ਸ਼ਰਮਾ ਨੇ ਭਾਰਤ ਦੇ ਸੰਵਿਧਾਨ ਦੇ ਅਧਿਆਏ 4 ਦੇ ਅਨੁਸ਼ੇਦ 48 ‘ਚ ਸੋਧ ਕਰਕੇ ਗਊ ਹੱਤਿਆ ‘ਤੇ ਪੂਰਨ ਪਾਬੰਦੀ ਲਗਾਉਣ ਦੀ ਵੀ ਮੰਗ ਉਠਾਈ ਤਾਂ ਕਿ ਇਸ ਕਾਨੂੰਨ ਨੂੰ ਸਾਰੇ ਦੇਸ਼ ‘ਚ ਇਕਸਾਰ ਲਾਗੂ ਕੀਤਾ ਜਾ ਸਕੇ। ਸ੍ਰੀ ਸ਼ਰਮਾ ਨੇ ਸਾਰੇ ਗਊ ਭਗਤਾਂ, ਹਿੰਦੂ ਸਨਾਤਨੀ ਸੋਚ ਨਾਲ ਜੁੜੇ ਸਾਧੂ ਸੰਤਾਂ, ਬੁੱਧੀਜੀਵੀਆਂ ਤੇ ਗ਼ੈਰ ਸਰਕਾਰੀ ਗਊਸ਼ਾਲਾਵਾਂ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਦਸਤਖ਼ਤੀ ਮੁਹਿੰਮ ਦਾ ਸਾਥ ਦੇਣ।