ਕੀਟ ਹਮਲਿਆਂ ਤੋਂ ਫ਼ਸਲਾਂ ਦਾ ਉਜਾੜਾ ਰੋਕਣ ਲਈ ਡਰੋਨ ਤਕਨੀਕ ਦੀ ਵਰਤੋਂ ਕਰੇਗੀ ਪੰਜਾਬ ਸਰਕਾਰ -ਰਣਦੀਪ ਸਿੰਘ ਨਾਭਾ
Shiv Kumar:
ਰਾਜਪੁਰਾ, 25 ਨਵੰਬਰ: ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਫੂਡ ਪ੍ਰੋਸੈਸਿੰਗ ਵਿਭਾਗਾਂ ਦੇ ਮੰਤਰੀ ਸ. ਰਣਦੀਪ ਸਿੰਘ ਨਾਭਾ ਕਿਹਾ ਹੈ ਕਿ ਪੰਜਾਬ ਸਰਕਾਰ, ਰਾਜ ਵਿਚ ਕੀਟ ਹਮਲਿਆਂ ਤੋਂ ਫ਼ਸਲਾਂ ਦਾ ਉਜਾੜਾ ਰੋਕਣ ਵਾਸਤੇ ਡਰੋਨਾਂ ਰਾਹੀਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਸੈਟੇਲਾਈਟ ਇਮੇਜ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰੇਗੀ। ਸ. ਰਣਦੀਪ ਸਿੰਘ ਨਾਭਾ, ਯੁਵਾ ਭਾਗੀਦਾਰੀ ਫਾਊਂਡੇਸ਼ਨ ਵੱਲੋਂ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਅੱਜ ਕਰਵਾਏ ਗਏ ਵਿਦਿਆਰਥੀਆਂ ਦੇ ਰੂਬਰੂ ਪ੍ਰੋਗਰਾਮ ‘ਚ ਸ਼ਾਮਲ ਹੋਣ ਪੁੱਜੇ ਹੋਏ ਸਨ।ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਭਲਾਈ ਲਈ ਖੇਤੀ ‘ਤੇ ਇੱਕ ‘ਪੰਜਾਬ ਦਾ ਵਿਜ਼ਨ ਡਾਕੂਮੈਂਟ’ ਤਿਆਰ ਕੀਤਾ ਜਾ ਰਿਹਾ ਹੈ, ਇਸ ਤਹਿਤ ਸੂਬੇ ਨੂੰ ਚਾਰ ਜੋਨਾਂ ਵਿਚ ਵੰਡਕੇ ਖਿੱਤੇ ਮੁਤਾਬਕ ਆਧੁਨਿਕ ਤੇ ਵਿਭਿੰਨਤਾ ਅਧਾਰਤ ਖੇਤੀ ਕੀਤੀ ਜਾਵੇਗੀ ਅਤੇ ਵਿਦੇਸ਼ਾਂ, ਖਾਸ ਕਰਕੇ ਇਜ਼ਰਾਈਲ ਦੀ ਮਦਦ ਨਾਲ ਫੂਡ ਪ੍ਰਾਸੈਸਿੰਗ ਪਲਾਂਟ ਲਗਾਏ ਜਾਣਗੇ।
ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਦੇਸ਼ ਦੇ ਖੇਤਰਫਲ ਦੇ ਹਿਸਾਬ ਨਾਲ 1.5 ਫੀਸਦੀ ਜਮੀਨ ਹੋਣ ਦੇ ਬਾਵਜੂਦ ਪੰਜਾਬ ਖੇਤੀ ਪ੍ਰਧਾਨ ਸੂਬੇ ਵਜੋਂ ਹਿੰਦੁਸਤਾਨ ਦੇ ਅਨਾਜ ਭੰਡਾਰ ਵਿਚ 35 ਫੀਸਦੀ ਹਿੱਸਾ ਪਾਉਂਦਾ ਹੈ।ਉਨ੍ਹਾਂ ਕਿਹਾ ਕਿ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਯਤਨਾਂ ਸਦਕਾ 51 ਫੀਸਦੀ ਕਮੀ ਦਰਜ ਕੀਤੀ ਗਈ ਹੈ, ਜਿਸ ਦੀ ਪੁਸ਼ਟੀ ਕੌਮੀ ਗਰੀਨ ਟ੍ਰਿਬਿਊਨਲ ਨੇ ਵੀ ਕੀਤੀ ਹੈ।ਜਦਕਿ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਪ੍ਰਦੂਸ਼ਣ ਪਰਾਲੀ ਨੂੰ ਸਾੜਨ ਕਰਕੇ ਕੇਵਲ 4 ਤੋਂ 10 ਫੀਸਦੀ ਹੀ ਪ੍ਰਦੂਸ਼ਣ ਹੁੰਦਾ ਹੈ।
ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਮੁੱਦੇ ‘ਤੇ ਉਨ੍ਹਾਂ ਕਿਹਾ ਕਿ ਉਹ ਇਸ ਦਾ ਸਵਾਗਤ ਕਰਦੇ ਹਨ ਪਰੰਤੂ ਇਹ ਕਾਨੂੰਨ ਥੋਪੇ ਗਏ ਸਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਵਿੱਤੀ ਸਹਾਇਤਾ ਦਿੱਤੀ ਹੈ।
ਨੌਜਵਾਨਾਂ ਨੂੰ ਇੰਟਰਪ੍ਰੀਨਿਉਰਸ਼ਿਪ ਅਪਨਾਉਣ ਦੀ ਅਪੀਲ ਕਰਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਸਰਕਾਰ ਕੇਵਲ ਇੱਕ ਸੀਮਤ ਗਿਣਤੀ ਤੱਕ ਹੀ ਰੁਜਗਾਰ ਦੇ ਸਕਦੀ ਹੈ ਪਰ ਆਪਣੇ ਉਦਮ ਸ਼ੁਰੂ ਕਰਨ ਵਾਲਿਆਂ ਨੂੰ ਸਹਾਇਤਾ ਬੇਹਿਸਾਬ ਕੀਤੀ ਜਾ ਸਕਦੀ ਹੈ।
ਇਸ ਮੌਕੇ ਆਲ ਇੰਡੀਆ ਕਾਂਗਰਸ ਪਾਰਟੀ ਦੇ ਬੁਲਾਰੇ ਗੌਤਮ ਖੇੜਾ ਨੇ ਨੌਜਵਾਨਾਂ ਨੂੰ ਸਿਆਸਤ ਵਿੱਚ ਆਉਣ ਲਈ ਆਖਦਿਆਂ ਕਿਹਾ ਕਿ ਕਾਂਗਰਸ ਰਾਜ ਅੰਦਰ ਲੋਕਾਂ ਅਤੇ ਸਰਕਾਰ ਦਰਮਿਆਨ ਇਕ ਪੁਲ ਦਾ ਕੰਮ ਕਰ ਰਹੀ ਹੈ।ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਗੌਤਮ ਸੇਠ ਨੇ ਕਿਹਾ ਕਿ ਪੰਜਾਬ ਦੀ ਸਿੱਖਿਆ ਨੀਤੀ, ਸਰਕਾਰ, ਸਟਾਰਟਅਪ ਲਈ ਕਿਵੇਂ ਮਦਦ ਕਰੇ, ਨੌਜਵਾਨਾਂ ਨੂੰ ਪੰਜਾਬ ਦਾ ਭਵਿੱਖ ਕਿਵੇਂ ਬਣਾਇਆ ਜਾਵੇ, ਬਾਰੇ, ਵਿਦਿਆਰਥੀਆਂ ਦੇ ਵਿਚਾਰ ਬਹੁਤ ਲਾਹੇਵੰਦ ਸਾਬਤ ਹੋਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਸ. ਰਣਦੀਪ ਸਿੰਘ ਨੇ
ਸ. ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਸੂਬੇ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਦੇ ਹੱਲ ਕਰੇਗੀ, ਜਿਸ ਲਈ ਉਨਾਂ ਨੇ ਸਿਰਤੋੜ ਯਤਨ ਅਰੰਭ ਦਿੱਤੇ ਹਨ ਅਤੇ ਇਸਦੇ ਨਤੀਜੇ ਬਹੁਤ ਜਲਦ ਕਿਸਾਨਾਂ ਦੇ ਸਾਹਮਣੇ ਹੋਣਗੇ।ਸ. ਰਣਦੀਪ ਸਿੰਘ ਨੇ, ਪੱਤਰਕਾਰਾਂ ਵੱਲੋਂ, ਮੌਜੂਦਾ ਸਰਕਾਰ ਕੋਲ ਬਹੁਤ ਘੱਟ ਸਮਾਂ ਬਚਿਆ ਹੈ, ਬਾਰੇ ਪੁੱਛੇ ਸਵਾਲ ਦੇ ਜਵਾਬ ‘ਚ ਆਖਿਆ ਕਿ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਦੀ ਸਰਕਾਰ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਪੂਰੀ ਤਰ੍ਹਾਂ ਖਰ੍ਹੀ ਉਤਰ ਰਹੀ ਹੈ ਅਤੇ ਉਨ੍ਹਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ 2022 ‘ਚ ਕਾਂਗਰਸ ਪਾਰਟੀ ਮੁੜ ਤੋਂ ਆਪਣੀ ਸਰਕਾਰ ਬਣਾਏਗੀ।