ਉੱਪ ਮੁੱਖ ਮੰਤਰੀ ਰੰਧਾਵਾ ਵੱਲੋਂ ਜੇਲ ਸੁਧਾਰਾਂ ਲਈ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ
Shiv Kumar:
ਪਟਿਆਲਾ, 6 ਦਸੰਬਰ: ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੀਆਂ ਜੇਲਾਂ ‘ਚ ਬੰਦੀਆਂ ਨੂੰ ਸੁਧਾਰਨ ਹਿੱਤ ਤਿੰਨ ਅਹਿਮ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇ ਪੰਜਾਬ ਸਰਕਾਰ ਨੇ ਬੰਦੀਆਂ ਲਈ ਸਜਾ ਮੁਆਫ਼ੀ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਬਹੁਤ ਜਲਦ ਪ੍ਰਵਾਨਗੀ ਮਿਲ ਜਾਵੇਗੀ।
ਸ. ਰੰਧਾਵਾ, ਅੱਜ ਪਟਿਆਲਾ ਦੀ ਕੇਂਦਰੀ ਜੇਲ ਵਿਖੇ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਜੇਲਾਂ ਦੇ ਬੰਦੀਆਂ ਨੂੰ ਖੇਡ ਭਾਵਨਾ ਰਾਹੀਂ ਇੱਕ ਚੰਗੇ ਨਾਗਰਿਕ ਬਣਨ ਦਾ ਮੌਕਾ ਪ੍ਰਦਾਨ ਕਰਨ ਲਈ ਕਰਵਾਈਆਂ ਗਈਆਂ ਤੀਜੀਆਂ ‘ਪੰਜਾਬ ਜੇਲ ਉਲੰਪਿਕ-2021’ ਖੇਡਾਂ ਦੀ ਸਮਾਪਤੀ ਮੌਕੇ, ਜੇਤੂ ਬੰਦੀ ਖਿਡਾਰੀਆਂ ਨੂੰ ਸਨਮਾਨਤ ਕਰਨ ਪੁੱਜੇ ਹੋਏ ਸਨ। ਇਨ੍ਹਾਂ ਖੇਡਾਂ ‘ਚ ਪਟਿਆਲਾ ਕੇਂਦਰੀ ਜੇਲ ਓਵਰਆਲ ਜੇਤੂ ਰਹੀ।
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੌਰਾਨ ਦੱਸਿਆ ਕਿ ਬੰਦੀਆਂ ਨੂੰ ਅਸਲ ਅਰਥਾਂ ‘ਚ ਸੁਧਾਰਨ ਲਈ, ਸ਼ੁਰੂ ਕੀਤੇ ਤਿੰਨੇ ਪ੍ਰਾਜੈਕਟਾਂ, ‘ਸਿੱਖਿਆ ਦੀ ਦਾਤ’, ਜਿਸ ‘ਚ ਬੰਦੀਆਂ ਨੂੰ ਸਿੱਖਿਅਤ ਕੀਤਾ ਜਾਵੇਗਾ ਸਮੇਤ ‘ਗਲਵਕੜੀ’, ਜਿਸ ਤਹਿਤ ਬੰਦੀਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਅ ਕੇ ਆਪਣੀ ਜਿੰਦਗੀ ਬਿਹਤਰ ਬਨਾਉਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ ਅਤੇ ‘ਸਮਾਧਾਨ’, ਜਿਸ ਨਾਲ ਬੰਦੀਆਂ ਨੂੰ ਜੇਲ ਪ੍ਰਸ਼ਾਸਨ ਨੂੰ ਹੋਰ ਬਿਹਤਰ ਬਨਾਉਣ ਲਈ ਅਤੇ ਆਪਣੀਆਂ ਸ਼ਿਕਾਇਤਾਂ ਦਰਜ ਕਰਵਾਉਣ ਲਈ 181 ਕਾਲ ਸੈਂਟਰ ‘ਤੇ ਫੋਨ ਕਾਲ ਕਰਨ ਦੀ ਸਹੂਲਤ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਅਰੰਭ ਕੀਤੇ ਗਏ ਜੇਲ ਸੁਧਾਰਾਂ ਨਾਲ ਅਗਲੇ ਦੋ ਸਾਲਾਂ ‘ਚ ਸਮੁੱਚੀਆਂ ਜੇਲਾਂ ਦੀ ਕਾਇਆਂ ਕਲਪ ਹੋ ਜਾਵੇਗੀ।
ਉੱਪ ਮੁੱਖ ਮੰਤਰੀ ਸ. ਰੰਧਾਵਾ ਨੇ ਇਸ ਤੋਂ ਪਹਿਲਾਂ ਪੱਤਰਕਾਰਾਂ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਦੱਸਿਆ ਕਿ ਬੰਦੀਆਂ ਨੂੰ ਹੁਨਰਮੰਦ ਬਨਾਉਣ ਲਈ ਕਪੂਰਥਲਾ ਜੇਲ ਤੋਂ 10 ਦਸੰਬਰ ਤੋਂ ਸਕਿਲ ਡਿਵੈਲਪਮੈਂਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਜਾਵੇਗੀ ਜਦਕਿ ਰਾਜ ਦੀਆਂ ਜੇਲਾਂ ‘ਚ ਬੰਦੀਆਂ ਭਲਾਈ ਲਈ ਫੰਡ ਜੁਟਾਉਣ ਲਈ 11 ਜੇਲਾਂ ‘ਚ ਪੈਟਰੋਲ ਪੰਪ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਲਾਂ ਦੇ ਆਧੁਨਿਕੀਕਰਨ ਸਮੇਤ ਬਾਡੀ ਸਕੈਨਿੰਗ ਅਤੇ ਪਰਿਵਾਰਾਂ ਨੂੰ ਫੋਨ ਕਰਨ ਲਈ 15 ਮਿੰਟ ਰੋਜ਼ ਦੇ ਦਿੱਤੇ ਜਾ ਰਹੇ ਹਨ। ਇਸ ਤੋਂ ਬਿਨ੍ਹਾਂ ਬੰਦੀਆਂ ਦੀ ਚੰਗੀ ਸਿਹਤ ਲਈ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਵੇਰਕਾ, ਮਾਰਕਫੈਡ, ਮਿਲਕਫੂਡ, ਮਿਲਕਫੈਡ, ਸੂਗਰਫੈਡ ਦਾ ਸਮਾਨ ਪ੍ਰਦਾਨ ਕੀਤਾ ਜਾ ਰਿਹਾ ਹੈ।
ਸ. ਰੰਧਾਵਾ ਨੇ ਦੱਸਿਆ ਕਿ ਜੇਲਾਂ ਦੀਆਂ ਫੈਕਟਰੀਆਂ ਨੂੰ ਵੱਡੇ ਪੱਧਰ ‘ਤੇ ਚਲਾਉਣ ਲਈ ਬਾਹਰੀ ਕੰਪਨੀਆਂ ਦਾ ਸਹਿਯੋਗ ਲਿਆ ਜਾ ਰਿਹਾ ਹੈ, ਅੰਮ੍ਰਿਤਸਰ ਜੇਲ ‘ਚ ਟਾਈਲ ਫੈਕਟਰੀ ਅਤੇ ਲੁਧਿਆਣਾ ਜੇਲ ਦੀ ਨਮਕੀਨ ਫੈਕਟਰੀ ਵੀ ਚਲਾਈ ਜਾ ਰਹੀ ਹੈ। ਇੱਕ ਸਵਾਲ ਦੇ ਜਵਾਬ ‘ਚ ਉਨ੍ਹਾਂ ਕਿਹਾ ਕਿ ਜੇਲਾਂ ‘ਚ ਬੰਦ ਗੁੰਡਾ ਅਨਸਰ, ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਦਾ ਕਾਰਾ ਕੀਤਾ ਹੈ, ਨੂੰ ਇਹ ਦੱਸਿਆ ਗਿਆ ਹੈ ਕਿ ਜੇਲਾਂ ਕੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ‘ਚੋਂ ਦੂਜਾ ਸੂਬਾ ਹੈ, ਜਿੱਥੇ ਜੇਲ ਸੁਧਾਰ ਬੋਰਡ ਦਾ ਗਠਨ ਕੀਤਾ ਗਿਆ ਹੈ।
ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਏ ਜਾਣ ਅਤੇ ਹਾਈ ਕੋਰਟ ‘ਚ ਨਸ਼ਿਆਂ ਦੇ ਮਾਮਲੇ ‘ਚ ਰਿਪੋਰਟ ਬਾਰੇ ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ‘ਚ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਬੀਜੇ ਹੋਏ ਕੰਡੇ ਉਹ ਚੁਗ ਰਹੇ ਹਨ, ਕਿਉਂਕਿ ਕੈਪਟਨ ਸਰਕਾਰ ਨੇ ਸਾਢੇ ਚਾਰ ਸਾਲ ਇਸ ਰਿਪੋਰਟ ਨੂੰ ਲਿਫ਼ਾਫੇ ‘ਚ ਬੰਦ ਕਰੀ ਰੱਖਿਆ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਇਸ ਮਾਮਲੇ ਦੀ ਸੁਣਵਾਈ ਹੈ ਅਤੇ ਪੰਜਾਬ ਸਰਕਾਰ ਜਲਦ ਹੀ ਇਸ ਨੂੰ ਲੋਕਾਂ ਦੇ ਸਾਹਮਣੇ ਰੱਖੇਗੀ।
ਸ. ਰੰਧਾਵਾ ਨੇ ਹੋਰ ਕਿਹਾ ਕਿ ਅਫ਼ਸੋਸ ਹੈ ਕਿ ਕੈਪਟਨ, ਖ਼ੁਦ ਕਾਂਗਰਸ ਪ੍ਰਧਾਨ ਹੁੰਦਿਆਂ ਕਦੇ ਪਾਰਟੀ ਦਫ਼ਤਰ ਨਹੀਂ ਗਏ ਤੇ ਮੁੱਖ ਮੰਤਰੀ ਹੁੰਦਿਆਂ ਘਰੋਂ ਨਹੀਂ ਨਿਕਲੇ ਤੇ ਹੁਣ ਉਨ੍ਹਾਂ ਨੂੰ ਪਤਾ ਲੱਗ ਗਿਆ ਹੈ ਕਿ ਅਸਲੀਅਤ ਕੀ ਹੈ, ਜਿਸ ਲਈ ਉਹ ਅੱਜ ਬਹੁਤੇ ਹੇਠਲੇ ਪੱਧਰ ‘ਤੇ ਪੁੱਜ ਗਏ ਹਨ।
ਇਸ ਤੋਂ ਬਾਅਦ ਕੇਂਦਰੀ ਜੇਲ ਦੇ ਬੰਦੀਆਂ ਨੂੰ ਸੰਬੋਧਨ ਕਰਦਿਆਂ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਦਾ ਫ਼ਖਰ ਹੈ ਕਿ ਉਹ ਰਾਜ ਦੀਆਂ ਜੇਲਾਂ ‘ਚ ਕੁਝ ਸੁਧਾਰ ਕਰ ਸਕੇ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਜੇਲ ਸੁਧਾਰਾਂ ‘ਚ ਪੰਜਾਬ ਬਾਕੀ ਰਾਜਾਂ ਦੀਆਂ ਜੇਲਾਂ ਤੋਂ ਅੱਗੇ ਜਾਵੇਗਾ। ਉਨ੍ਹਾਂ ਕਿਹਾ ਕਿ ਗੁਨਾਹ ਕਰਨ ਵਾਲੇ ਬੰਦੀਆਂ ਦੇ ਬੱਚਿਆਂ ਤੇ ਘਰ ਦੇ ਜੀਆਂ ਦਾ ਕੋਈ ਕਸੂਰ ਨਹੀਂ ਹੁੰਦਾ ਇਸ ਲਈ ਬੰਦੀ ਆਪਣੇ ਪਰਿਵਾਰਕ ਜੀਆਂ ਦਾ ਧਿਆਨ ਕਰਕੇ ਚੰਗੇ ਨਾਗਰਿਕ ਬਣਨ।
ਸ. ਰੰਧਾਵਾ ਨੇ ਇਹ ਓਲੰਪਿਕ ਖੇਡਾਂ ਕਰਵਾਉਣ ਵਾਲੇ ਜੇਲ ਅਧਿਕਾਰੀਆਂ, ਖਾਸ ਕਰਕੇ ਏ.ਡੀ.ਜੀ.ਪੀ. ਜੇਲਾਂ ਪਰਵੀਨ ਕੁਮਾਰ ਸਿਨਹਾ, ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਸਮੇਤ ਖੇਡਾਂ ‘ਚ ਹਿੱਸਾ ਲੈਣ ਵਾਲਿਆਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਜੇਲਾਂ ‘ਤੇ ਇੱਕ ਫ਼ਿਲਮ ਬਣਾਈ ਜਾਵੇਗੀ ਤਾਂ ਕਿ ਕੋਈ ਵਿਅਕਤੀ ਗੁਨਾਹ ਨਾ ਕਰੇ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ਭਗਤ ਵੀ ਜੇਲਾਂ ‘ਚ ਰਹੇ ਹਨ ਪਰੰਤੂ ਕਿਸੇ ਗੁਨਾਹ ਕਰਕੇ ਜੇਲ ਆਉਣਾ ਅਫ਼ਸੋਸਨਾਕ ਹੈ।
ਇਸ ਦੌਰਾਨ ਉਪ ਮੁੱਖ ਮੰਤਰੀ ਦਾ ਸਵਾਗਤ ਕਰਦਿਆਂ ਏ.ਡੀ.ਜੀ.ਪੀ. ਜੇਲਾਂ ਸ੍ਰੀ ਪਰਵੀਨ ਕੁਮਾਰ ਸਿਨਹਾ ਨੇ ਪੰਜਾਬ ਜੇਲ ਉਲੰਪਿਕ ਖੇਡਾਂ ਬੰਦੀਆਂ ਦੇ ਸੁਧਾਰ ਹਿਤ ਇੱਕ ਬਹੁਤ ਛੋਟਾ ਪਰੰਤੂ ਬਹੁਤ ਅਹਿਮ ਕਦਮ ਹੈ। ਉਨ੍ਹਾਂ ਕਿਹਾ ਕਿ ਜੇਲ ਵਿਭਾਗ, ਇਤਿਹਾਸਕ ਸੁਧਾਰਾਂ ਲਈ, ਸ. ਸੁਖਜਿੰਦਰ ਸਿੰਘ ਰੰਧਾਵਾ ਦਾ ਸਦਾ ਰਿਣੀ ਰਹੇਗਾ। ਸ੍ਰੀ ਸਿਨਹਾ ਨੇ ਕਿਹਾ ਕਿ ਕੈਦੀਆਂ ਦੇ ਆਚਰਣ ‘ਚ ਸੁਧਾਰ, ਇੱਕਲਾ ਬੈਰਕਾਂ ਨੂੰ ਕਲੀ ਕੂਚੀ ਕਰਨ ਨਾਲ ਹੀ ਨਹੀਂ ਹੁੰਦਾ ਬਲਕਿ ਇਸ ਲਈ ਬਹੁਤ ਵੱਡੇ ਉਪਰਾਲੇ ਕਰਨੇ ਪੈਂਦੇ ਹਨ, ਜਿਸ ‘ਚ ਪੰਜਾਬ ਦਾ ਜੇਲ ਵਿਭਾਗ ਅਹਿਮ ਕਦਮ ਉਠਾ ਰਿਹਾ ਹੈ। ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ ਨੇ ਸ. ਰੰਧਾਵਾ ਦਾ ਧੰਨਵਾਦ ਕੀਤਾ।
ਪੰਜਾਬ ਜੇਲ ਓਲੰਪਿਕ-2021 ਦੌਰਾਨ ਰੱਸਕੱਸੀ ‘ਚ ਪਟਿਆਲਾ ਜੇਲ ਜੇਤੂ ਰਹੀ ਤੇ ਅੰਮ੍ਰਿਤਸਰ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਕਬੱਡੀ ‘ਚ ਫਰੀਦਕੋਟ ਜੇਲ ਪਹਿਲੇ ਤੇ ਅੰਮ੍ਰਿਤਸਰ ਜੇਲ ਦੂਜੇ ਸਥਾਨ ‘ਤੇ ਰਹੀ। ਮਹਿਲਾਵਾਂ ਦੀ 60 ਮੀਟਰ ਰੇਸ ‘ਚ ਕਪੂਰਥਲਾ ਜੇਲ ਦੀ ਉਬੋਪ੍ਰੀਸੀਅਰ, ਫਰੀਦਕੋਟ ਦੀ ਸੀਤਾ ਦੇਵੀ ਦੂਜੇ ਸਥਾਨ ‘ਤੇ ਰਹੀ। ਮਰਦਾਂ ਦੀ 100 ਮੀਟਰ ਰੇਸ ‘ਚ ਪਟਿਆਲਾ ਜੇਲ ਦੀ ਅਲੈਕ ਪਹਿਲੇ, ਅੰਮ੍ਰਿਤਸਰ ਜੇਲ ਦੀ ਅਸ਼ਵਨੀ ਦੂਜੇ ਥਾਂ ‘ਤੇ ਰਹੀ। ਇਸ ਤੋਂ ਇਲਾਵਾ ਲੌਂਗ ਜੰਪ ‘ਚ ਅਲੈਕ ਪਹਿਲੇ ਤੇ ਅੰਮ੍ਰਿਤਸਰ ਦੀ ਨਮਨ ਦੂਜੇ ਥਾਂ ‘ਤੇ ਰਹੀ, ਵਾਲੀਬਾਲ ‘ਚ ਕਪੂਰਥਲਾ ਜੇਲ ਪਹਿਲੇ ਥਾਂ ‘ਤੇ ਅਤੇ ਅੰਮ੍ਰਿਤਸਰ ਜੇਲ ਦੂਜੇ ਥਾਂ ‘ਤੇ। ਬੈਡਮਿੰਟਨ ‘ਚ ਪਟਿਆਲਾ ਜੇਲ ਪਹਿਲੇ ਤੇ ਕਪੂਰਥਲਾ ਜੇਲ ਦੂਜੇ ਥਾਂ ‘ਤੇ ਰਹੀ। ਚੈਸ ‘ਚ ਪਟਿਆਲਾ ਦੀ ਰਵਦੀਪ ਪਹਿਲੇ ਤੇ ਕਪੂਰਥਲਾ ਜੇਲ ਦੀ ਸਿਲੇਲ ਦੂਜੇ ਥਾਂ ‘ਤੇ ਅਤੇ ਸ਼ਾਟਪੁੱਟ ‘ਚ ਨਾਭਾ ਦੀ ਜੌਲੀ ਚਿਖਾ ਪਹਿਲੇ ਤੇ ਅੰਮ੍ਰਿਤਸਰ ਦੀ ਸੁਰਜੀਤ ਕੌਰ ਦੂਜੇ ਸਥਾਨ ‘ਤੇ ਰਹੀ।
ਇਸ ਦੌਰਾਨ ਵੱਖ-ਵੱਖ ਜੇਲਾਂ ਦੇ ਬੰਦੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਦੀ ਦਿਲਕਸ਼ ਪੇਸ਼ਕਾਰੀ ਕੀਤੀ। ਕੇਂਦਰੀ ਜੇਲ ਪਟਿਆਲਾ ਦੇ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਨੇ ਉਪ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ, ਨਿਰਮਲ ਸਿੰਘ ਸ਼ੁਤਰਾਣਾ ਤੇ ਸ. ਰਾਜਿੰਦਰ ਸਿੰਘ, ਹਰਿੰਦਰਪਾਲ ਸਿੰਘ ਹੈਰੀਮਾਨ, ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ, ਆਈ.ਜੀ. ਪਟਿਆਲਾ ਰੇਂਜ ਐਮ.ਐਸ. ਛੀਨਾ, ਆਈ.ਜੀ. ਜੇਲਾਂ ਰੂਪ ਕੁਮਾਰ, ਡਿਪਟੀ ਕਮਿਸ਼ਨਰ ਸੰਦੀਪ ਹੰਸ, ਡੀ.ਆਈ.ਜੀ. ਜੇਲਾਂ ਅਮਨੀਤ ਕੌਂਡਲ, ਸੁਰਿੰਦਰ ਸਿੰਘ ਸੈਣੀ, ਐਸ.ਐਸ.ਪੀ. ਹਰਚਰਨ ਸਿੰਘ ਭੁੱਲਰ, ਐਸ.ਡੀ.ਐਮ. ਚਰਨਜੀਤ ਸਿੰਘ, ਵੱਖ-ਵੱਖ ਜੇਲਾਂ ਦੇ ਸੁਪਰਡੈਂਟ, ਪ੍ਰਿੰਸੀਪਲ ਜੇਲ ਸਿਖਲਾਈ ਗੁਰਚਰਨ ਸਿੰਘ ਧਾਲੀਵਾਲ, ਵਧੀਕ ਸੁਪਰਡੈਂਟ ਰਾਜਦੀਪ ਸਿੰਘ ਬਰਾੜ, ਐਸ.ਪੀ. ਹਰਪਾਲ ਸਿੰਘ, ਡਿਪਟੀ ਸੁਪਰਡੈਂਟ ਹਰਚਰਨ ਸਿੰਘ ਗਿੱਲ, ਹਰਜੋਤ ਸਿੰਘ ਕਲੇਰ, ਡਿਪਟੀ ਸੁਪਰਡੈਂਟ ਸੁਰੱਖਿਆ ਬਲਜਿੰਦਰ ਸਿੰਘ ਚੱਠਾ, ਵਰੁਣ ਸ਼ਰਮਾ ਸਮੇਤ ਵੱਡੀ ਗਿਣਤੀ ਹੋਰ ਅਧਿਕਾਰੀ ਮੌਜੂਦ ਸਨ।