ਆਪਣਾ ਕਾਰੋਬਾਰ ਪ੍ਰਫੁਲਤ ਕਰਨ ਦੇ ਚਾਹਵਾਨਾਂ ਦੇ ਸੁਪਨੇ ਪੂਰੇ ਕਰਨ ਲਈ ਆਪਣੀ ਜਿੰਮੇਵਾਰੀ ਨਿਭਾਉਣ ਬੈਂਕਿੰਗ ਅਧਿਕਾਰੀ-ਡਿਪਟੀ ਕਮਿਸ਼ਨਰ
ਪਟਿਆਲਾ, 15 ਮਾਰਚ:
ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਹਾ ਹੈ ਕਿ ਬੈਂਕਾਂ ‘ਤੇ ਲੋਕਾਂ ਦੀਆਂ ਬਹੁਤ ਉਮੀਦਾਂ ਹੁੰਦੀਆਂ ਹਨ, ਇਸ ਲਈ ਸਮੂਹ ਬੈਕਿੰਗ ਅਧਿਕਾਰੀ ਆਪਣੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਂਦੇ ਹੋਏ, ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ। ਡਿਪਟੀ ਕਮਿਸ਼ਨਰ, ਅੱਜ ਇੱਥੇ ਲੀਡ ਬੈਂਕ, ਸਟੇਟ ਬੈਂਕ ਆਫ਼ ਇੰਡੀਆ ਦੀ ਜ਼ਿਲ੍ਹਾ ਪੱਧਰੀ ਰੀਵਿਯੂ ਕਮੇਟੀ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਬੈਂਕਾਂ ਦੀ ਤਿਮਾਹੀ ਕਾਰਗੁਜ਼ਾਰੀ ਦੀ ਸਮੀਖਿਆ ਲਈ ਕਰਵਾਈ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਡਿਪਟੀ ਕਮਿਸ਼ਨਰ ਨੇ ਬੈਂਕਿੰਗ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਉਦਮੀ ਬਣਨ ਦੇ ਚਾਹਵਾਨ ਲੋਕਾਂ ਨੂੰ ਕਰਜੇ ਪ੍ਰਦਾਨ ਕਰਨ ਲਈ ਅਰਜ਼ੀਆਂ ਤੇ ਹੋਰ ਦਸਤਾਵੇਜ ਪੰਜਾਬੀ ‘ਚ ਮੁਹੱਈਆ ਕਰਵਾਉਣ। ਉਨ੍ਹਾਂ ਕਿਹਾ ਕਿ ਆਪਣੇ ਕਾਰੋਬਾਰ ਨੂੰ ਪ੍ਰਫੁਲਤ ਕਰਨਾਂ ਲੋਕਾਂ ਦਾ ਸੁਪਨਾ ਹੈ ਇਸ ਨੂੰ ਬੈਂਕ ਕੇਵਲ ਆਪਣੇ ਕਰਜੇ ਦਾ ਟੀਚਾ ਹੀ ਨਾ ਮੰਨਣ, ਕਿਉਂਕਿ ਨਵੇਂ ਉਦਮੀਆਂ ਨੂੰ ਸਵੈ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ‘ਚ ਬੈਂਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਲੋੜਵੰਦ ਲੋਕਾਂ ਦਾ ਭਵਿੱਖ ਸੁਰੱਖਿਅਤ ਕਰਨ ਤੇ ਬੇਰੋਜ਼ਗਾਰਾਂ ਦਾ ਹੱਥ ਫੜਨ ਲਈ ਪਟਿਆਲਾ ਜ਼ਿਲ੍ਹੇ ਦੇ ਸਮੂਹ ਬੈਂਕਾਂ ਦੇ ਅਧਿਕਾਰੀ ਇਸ ਨੂੰ ਗੰਭੀਰਤਾ ਨਾਲ ਲੈਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਤਹਿਤ ਖੇਤੀਬਾੜੀ, ਸਵੈ-ਰੋਜ਼ਗਾਰ ਅਤੇ ਕਾਰੋਬਾਰ ਨੂੰ ਵਧਾਉਣ ਲਈ ਪ੍ਰਦਾਨ ਕੀਤੇ ਜਾਂਦੇ ਕਰਜ਼ਿਆਂ ਦੀ ਪ੍ਰਕ੍ਰਿਆ ਨੂੰ ਹੋਰ ਸੁਖਾਲਾ ਬਣਾਇਆ ਜਾਵੇ ਤਾਂ ਕਿ ਉਦਮੀ ਬਣਨ ਦੇ ਚਾਹਵਾਨਾਂ ਦੇ ਰਾਹ ‘ਚ ਨਿਵੇਸ਼ ਲਈ ਕਰਜਾ ਕੋਈ ਅੜਿੱਕਾ ਨਾ ਰਹੇ।
ਲੀਡ ਬੈਂਕ ਮੈਨੇਜਰ ਦਵਿੰਦਰ ਕੁਮਾਰ ਨੇ ਇਸ ਮੀਟਿੰਗ ਦੀ ਕਾਰਵਾਈ ਚਲਾਈ ਤੇ ਬੈਂਕਾਂ ਦੀ ਵੱਖ-ਵੱਖ ਖੇਤਰਾਂ ‘ਚ ਕਾਰਗੁਜ਼ਾਰੀ ਦੀ ਵਿਸਥਾਰਤ ਸਮੀਖਿਆ ਬਾਰੇ ਜਾਣਕਾਰੀ ਦਿੱਤੀ। ਬੈਂਕਾਂ ਦੀ ਸੁਰੱਖਿਆ ਲਈ ਡੀ.ਐਸ.ਪੀ. ਸੁਰੱਖਿਆ ਕਰਨੈਲ ਸਿੰਘ ਵੱਲੋਂ ਲੋੜੀਂਦੀਆਂ ਹਦਾਇਤਾਂ ਦਿੱਤੀਆਂ ਗਈਆਂ। ਮੀਟਿੰਗ ‘ਚ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਆਰ.ਬੀ.ਆਈ. ਦੇ ਗਰਿਮਾ ਬਸੀ ਸਮੇਤ ਨਬਾਰਡ ਦੇ ਡੀ.ਡੀ.ਐਮ. ਪਰਮਿੰਦਰ ਕੌਰ ਨਾਗਰਾ ਅਤੇ ਆਰ.ਸੇਟੀ ਦੇ ਡਾਇਰੈਕਟਰ ਰਾਜੀਵ ਸਰਹਿੰਦੀ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਨੁਮਾਂਇੰਦੇ ਅਤੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।