ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਰੈਡ ਕਰਾਸ ਵੱਲੋਂ ਖੂਨ ਦਾਨ ਕੈਂਪ ਦਾ ਆਯੋਜਨ
ਅੰਤਰ ਰਾਸ਼ਟਰੀ ਮਹਿਲਾ ਦਿਵਸ ਮੌਕੇ ਰੈਡ ਕਰਾਸ ਪਟਿਆਲਾ ਵੱਲੋਂ ਸਰਕਾਰੀ ਰਜਿੰਦਰਾ ਹਸਪਤਾਲ ਬਲੱਡ ਬੈਂਕ ਪਟਿਆਲਾ ਦੇ ਸਹਿਯੋਗ ਨਾਲ ਰੈਡ ਕਰਾਸ ਭਵਨ ਪਟਿਆਲਾ ਵਿਖੇ ਖੂਨ ਦਾਨ ਕੈਂਪ ਲਗਾਇਆ ਗਿਆ, ਜਿਸ ਵਿਚ 20 ਦੇ ਕਰੀਬ ਵਲੰਟੀਅਰਾਂ ਵੱਲੋਂ ਖੂਨ ਦਾਨ ਕੀਤਾ ਗਿਆ।
ਇਸ ਮੌਕੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ ਨੇ ਖੂਨ ਦਾਨ ਦੀ ਮਹੱਤਤਾ ਅਤੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆ ਕਿਹਾ ਕਿ ਖੂਨਦਾਨ ਕਰਨਾ ਸਭ ਤੋਂ ਉਤਮ ਦਾਨ ਹੈ ਜਿਸ ਨਾਲ ਅਸੀਂ ਕਿਸੇ ਨੂੰ ਨਵੀਂ ਜ਼ਿੰਦਗੀ ਦੇ ਸਕਦੇ ਹਾਂ। ਉਨ੍ਹਾਂ ਅਪੀਲ ਕੀਤੀ ਕਿ ਇਕ ਤੰਦਰੁਸਤ ਵਿਅਕਤੀ ਨੂੰ ਸਵੈ ਇੱਛੁਕ ਤੌਰ ‘ਤੇ ਖੂਨਦਾਨ ਕਰਨਾ ਚਾਹੀਦਾ ਹੈ ਅਤੇ ਇਕ ਯੂਨਿਟ ਖੂਨ ਦਾਨ ਕਰਨ ਨਾਲ ਤਿੰਨ ਵਿਅਕਤੀਆਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਦੀ ਸਰਪ੍ਰਸਤੀ ਹੇਠ ਮਹਿਲਾ ਦਿਵਸ ਨੂੰ ਸਮਰਪਿਤ ਲਗਾਏ ਇਸ ਖੂਨ ਦਾਨ ਕੈਂਪ ਦਾ ਮੁੱਖ ਮਕਸਦ ਸੰਸਾਰ ਦੀ ਅੱਧੀ ਆਬਾਦੀ ਲਈ ਮਨਾਏ ਜਾਂਦੇ ਵਿਸ਼ੇਸ਼ ਦਿਨ ਨੂੰ ਯਾਦਗਾਰ ਬਣਾਉਣਾ ਹੈ ਅਤੇ ਇਸ ਨੇਕ ਕਾਰਜ ਨੂੰ ਮਹਿਲਾ ਦਿਵਸ ਨੂੰ ਸਮਰਪਿਤ ਕਰਕੇ ਮਹਿਲਾਵਾਂ ਨੂੰ ਬਣਦਾ ਸਤਿਕਾਰ ਦੇਣ ਹੈ।
ਰੈਡ ਕਰਾਸ ਪਟਿਆਲਾ ਸਕੱਤਰ ਸ਼੍ਰੀ ਪ੍ਰਿਤਪਾਲ ਸਿੰਘ ਸਿੱਧੂ ਵੱਲੋਂ ਖੂਨਦਾਨ ਕੈਂਪ ਵਿਖੇ ਆਏ ਡਾਕਟਰ ਸਾਹਿਬਾਨ ਅਤੇ ਸਮੂਹ ਟੀਮ ਤੋਂ ਇਲਾਵਾ ਖੂਨ ਦਾਨ ਕਰਨ ਵਾਲੇ ਵਲੰਟੀਅਰਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਖੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਬਿੱਲੇ ਲਗਾਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜ਼ਿਲ੍ਹਾ ਟਰੇਨਿੰਗ ਅਫ਼ਸਰ ਸੇਂਟ ਜੋਹਨ ਸ. ਜਸਪਾਲ ਸਿੰਘ, ਜੂਨੀਅਰ ਸਹਾਇਕ ਸ਼੍ਰੀਮਤੀ ਸੁਨੀਤਾ ਰਾਣੀ, ਸ਼੍ਰੀਮਤੀ ਰੀਮਾ ਸ਼ਰਮਾ ਕੰਪਿਊਟਰ ਇੰਸਟਰਕਟਰ ਅਤੇ ਹੋਰ ਸਟਾਫ ਮੈਂਬਰ ਸਾਹਿਬਾਨ ਨੇ ਸ਼ਿਰਕਤ ਕੀਤੀ।