ਸੁਰੱਖਿਆ ਕਟੌਤੀ ਮਾਮਲੇ ‘ਚ ਘਿਰੀ ਮਾਨ ਸਰਕਾਰ ,27 ਲੋਕਾਂ ਦੀ ਸੁਰੱਖਿਆ ਕੀਤੀ ਜਾ ਸਕਦੀ ਹੈ ਬਹਾਲ

ਪੰਜਾਬ ਵਿੱਚ ਸੁਰੱਖਿਆ ਵਿੱਚ ਕਟੌਤੀ ਅਤੇ ਅਗਲੇ ਹੀ ਦਿਨ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਘਿਰੀ ਆਮ ਆਦਮੀ ਪਾਰਟੀ ਦੀ ਸਰਕਾਰ ਡੈਮੇਜ ਕੰਟਰੋਲ ਕਰਨ ਵਿੱਚ ਜੁਟ ਗਈ ਹੈ। ਸੂਤਰਾਂ ਅਨੁਸਾਰ ਸਰਕਾਰ ਨੇ ਇੰਟੈਲੀਜੈਂਸ ਅਤੇ ਸੁਰੱਖਿਆ ਵਿੰਗ ਵੱਲੋਂ ਸੁਰੱਖਿਆ ਦਾ ਮੁੜ ਜਾਇਜ਼ਾ ਲਿਆ ਹੈ। ਇਸ ਆਧਾਰ ‘ਤੇ ਕਈ ਲੋਕਾਂ ਦੀ ਸੁਰੱਖਿਆ ਮੁੜ ਬਹਾਲ ਕਰ ਦਿੱਤੀ ਗਈ ਹੈ।ਇਸ ਦੇ ਨਾਲ ਹੀ ਸਰਕਾਰ ਸੂਬੇ ਦੀਆਂ ਉਨ੍ਹਾਂ ਸਾਰੀਆਂ ਮਸ਼ਹੂਰ ਹਸਤੀਆਂ ਨੂੰ ਸੁਰੱਖਿਆ ਦੇਣ ਜਾ ਰਹੀ ਹੈ, ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ ਦਾ ਹਵਾਲਾ ਦਿੰਦੇ ਹੋਏ ਇਸ ਲਈ ਅਪਲਾਈ ਕੀਤਾ ਹੈ। ਪੁਲਿਸ ਵਿਭਾਗ ਨੇ ਸੁਰੱਖਿਆ ਕਾਰਨਾਂ ਕਰਕੇ ਇਸ ਵਾਰ ਫਿਲਮ ਅਤੇ ਸੰਗੀਤ ਉਦਯੋਗ ਨਾਲ ਸਬੰਧਤ ਕਲਾਕਾਰਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਇਹ 27 ਮਸ਼ਹੂਰ ਹਸਤੀਆਂ ਮੋਹਾਲੀ, ਲੁਧਿਆਣਾ, ਜਲੰਧਰ, ਫਿਰੋਜ਼ਪੁਰ, ਬਠਿੰਡਾ, ਫਰੀਦਕੋਟ, ਮੁਕਤਸਰ, ਪਟਿਆਲਾ, ਅੰਮ੍ਰਿਤਸਰ ਜ਼ਿਲਿਆਂ ਨਾਲ ਸਬੰਧਤ ਹਨ। ਸਰਕਾਰ ਨੇ ਆਪਣੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸਰਕਾਰ ਹੁਣ ਲਗਾਤਾਰ ਸੁਰੱਖਿਆ ਦੀ ਸਮੀਖਿਆ ਕਰੇਗੀ।