Punjab-ChandigarhTop News

ਸਵੀਪ ਟੀਮ ਨੇ ਕੈਂਪਸ ਅੰਬੈਸਡਰ ਤੇ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਦੀ ਕਰਵਾਈ ਵਰਕਸ਼ਾਪ

Ajay Verma ( The Mirror Time )

ਪਟਿਆਲਾ, 12 ਅਪ੍ਰੈਲ:
ਜ਼ਿਲ੍ਹਾ ਚੋਣ ਅਫ਼ਸਰ -ਕਮ- ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਵੀਪ ਟੀਮ ਪਟਿਆਲਾ ਵੱਲੋਂ ਸਕੂਲਾਂ ਦੇ ਚੋਣ ਸਾਖਰਤਾ ਕਲੱਬਾਂ ਦੇ ਕੈਂਪਸ ਅੰਬੈਸਡਰ ਅਤੇ ਬੂਥ ਲੈਵਲ ਅਵੇਅਰਨੈੱਸ ਗਰੁੱਪਾਂ ਦੀ ਵਿਸ਼ੇਸ਼ ਆਨ ਲਾਈਨ ਵਰਕਸ਼ਾਪ ਕਰਵਾਈ ਗਈ। ਇਸ ਮੌਕੇ ਪਟਿਆਲਾ ਜ਼ਿਲ੍ਹੇ ਦੇ ਸੀਨੀਅਰ ਸੈਕੰਡਰੀ ਸਕੂਲ, ਆਈ.ਟੀ.ਆਈਜ਼ ਤੇ ਕਾਲਜਾਂ ਦੇ ਕੈਂਪਸ ਅੰਬੇਸਡਰਾਂ ਨੇ ਹਿੱਸਾ ਲਿਆ।
ਵਰਕਸ਼ਾਪ ਦੌਰਾਨ ਸਵੀਪ ਪਟਿਆਲਾ ਦੇ ਜ਼ਿਲ੍ਹਾ ਨੋਡਲ ਅਫ਼ਸਰ ਪ੍ਰੋ. ਸਵਿੰਦਰ ਰੇਖੀ ਨੇ ਵੋਟਰ ਹੈਲਪ ਲਾਈਨ ਐਪ, ਸੀ- ਵੀਜ਼ਿਲ ਐਪ, ਸਕਸ਼ਮ ਐਪ ਅਤੇ ਉਮੀਦਵਾਰ ਨੂੰ ਜਾਣੂ ਐਪ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਐਪਸ ਬਾਰੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਦੁਨੀਆ ਦੀ ਸਭ ਤੋਂ ਵੱਡੀ ਲੋਕਤੰਤਰ ਪ੍ਰਣਾਲੀ ਵਿੱਚ ਵਿਦਿਆਰਥੀ ਹਿੱਸਾ ਲੈ ਸਕਣ ਅਤੇ ਇਸ ਬਾਰੇ ਵੱਧ ਤੋਂ ਵੱਧ ਜਾਣ ਸਕਣ।
ਪ੍ਰੋ ਸਵਿੰਦਰ ਰੇਖੀ ਨੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ 40 ਫ਼ੀਸਦੀ ਤੋਂ ਵੱਧ ਦਿਵਿਆਂਗਜਨ ਵੋਟਰਾਂ ਨੂੰ ਵੋਟ ਘਰ ਤੋਂ ਪਾਉਣ ਦੀ ਸਹੂਲਤ ਚੋਣ ਕਮਿਸ਼ਨ ਵੱਲੋਂ ਦਿੱਤੀ ਜਾ ਰਹੀ ਹੈ, ਪਰ ਇਸ ਦਾ ਲਾਭ ਹਰੇਕ ਯੋਗ ਲਾਭਪਾਤਰੀ ਤੱਕ ਪੁੱਜਦਾ ਕਰਨ ਵਿੱਚ ਵਲੰਟੀਅਰਜ਼ ਅਤੇ ਚੋਣ ਸਾਖਰਤਾ ਕਲੱਬਾਂ ਦਾ ਅਹਿਮ ਯੋਗਦਾਨ ਹੋਵੇਗਾ ਕਿਉਂਕਿ ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਸਕਸ਼ਮ ਐਪ ਸਬੰਧੀ ਜਾਣਕਾਰੀ ਅਤੇ ਇਸ ‘ਤੇ ਆਪਣੇ ਆਪ ਨੂੰ ਰਜਿਸਟਰ ਕਰਨ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਕਸ਼ਮ ਐਪ ‘ਤੇ ਰਜਿਸਟਰ ਦਿਵਿਆਂਗਜਨਾਂ ਨੂੰ ਵੋਟਾਂ ਵਾਲੇ ਦਿਨ ਘਰ ਤੋਂ ਲਿਆਉਣ ਅਤੇ ਘਰ ਛੱਡਣ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਨੌਜਵਾਨ ਨੂੰ ਸੋਸ਼ਲ ਮੀਡੀਆ ਰਾਹੀਂ ਵੀ ਚੋਣਾਂ ਦੇ ਇਸ ਪਰਵ ਵਿੱਚ ਵੋਟਰਾਂ ਨੂੰ ਸ਼ਾਮਲ ਹੋਣ ਲਈ ਪ੍ਰੇਰਿਤ ਕਰਨ ਲਈ ਕਿਹਾ।
ਵਰਕਸ਼ਾਪ ਵਿੱਚ ਡੀ.ਡੀ.ਐਫ ਨਿਧੀ ਮਲਹੋਤਰਾ ਨੇ ਚੋਣ ਸਾਖਰਤਾ ਕਲੱਬਾਂ ਨੂੰ ਆਪਣੀ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਆਪਣੇ ਪਰਿਵਾਰ ਸਮੇਤ ਆਪਣੇ ਖੇਤਰ ਦੇ ਲੋਕਾਂ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਤਾਂ ਜੋ ਲੋਕਤੰਤਰ ਦੇ ਇਸ ਪਰਵ ਵਿੱਚ ਹਰੇਕ ਵੋਟਰ ਨੂੰ ਸ਼ਾਮਲ ਕੀਤਾ ਜਾ ਸਕੇ। ਇਸ ਮੌਕੇ ਸਹਾਇਕ ਜ਼ਿਲਾ ਨੋਡਲ ਅਫ਼ਸਰ ਸਵੀਪ ਮੋਹਿਤ ਕੌਂਸਲ ਅਤੇ ਚੋਣ ਤਹਿਸੀਲਦਾਰ ਦਫ਼ਤਰ ਤੋਂ ਮੈਡਮ ਪੂਜਾ ਚਾਵਲਾ ਵੀ ਮੌਜੂਦ ਸਨ।

Spread the love

Leave a Reply

Your email address will not be published. Required fields are marked *

Back to top button