Punjab-ChandigarhTop News

ਸਥਾਨਕ ਸਰਕਾਰਾਂ ਬਾਰੇ ਮੰਤਰੀ ਵਲੋਂ ਬੀ.ਆਰ.ਐਸ. ਨਗਰ ਫਲਾਈਓਵਰ ਦੇ ਹੇਠਾਂ ਵਰਟੀਕਲ ਗਾਰਡਨ ਦਾ ਕੀਤਾ ਉਦਘਾਟਨ

ਚੰਡੀਗੜ੍ਹ/ਲੁਧਿਆਣਾ, 8 ਨਵੰਬਰ:

ਲੁਧਿਆਣਾ ਸ਼ਹਿਰ ਦੇ ਸੁੰਦਰੀਕਰਨ ਮਿਸ਼ਨ ਨੂੰ ਜਾਰੀ ਰੱਖਦੇ ਹੋਏ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਜਰ  ਵਲੋਂ ਸਿੱਧਵਾਂ ਨਹਿਰ ਦੇ ਨਾਲ ਬੀ.ਆਰ.ਐੱਸ.ਨਗਰ ਵਿੱਚ ਫਲਾਈਓਵਰ ਦੇ ਹੇਠਾਂ ਵਰਟੀਕਲ ਗਾਰਡਨ ਦੇ ਨਾਲ 31 ਕਾਲਮਾਂ ਨੂੰ ਕਵਰ ਕਰਨ ਵਾਲੇ ਵਰਟੀਕਲ ਗਾਰਡਨ ਪ੍ਰੋਜੈਕਟ ਦਾ ਉਦਘਾਟਨ ਕੀਤਾ।

ਇਸ ਮੌਕੇ ਉਨ੍ਹਾਂ ਨਾਲ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਹਰਦੀਪ ਸਿੰਘ ਮੁੰਡੀਆਂ, ਮੇਅਰ ਬਲਕਾਰ ਸਿੰਘ ਸੰਧੂ, ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਪ੍ਰੋਜੈਕਟ ਸਬੰਧੀ  ਵਧੇਰੇ ਜਾਣਕਾਰੀ ਦਿੰਦਿਆਂ ਡਾ: ਨਿੱਜਰ ਨੇ ਦੱਸਿਆ ਕਿ ਇਸ ਪ੍ਰੋਜੈਕਟ ‘ਤੇ 2.17 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਹ 31 ਜਨਵਰੀ 2023 ਤੱਕ ਮੁਕੰਮਲ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਫਲਾਈਓਵਰ ਦੇ ਹੇਠਾਂ ਬਾਇਓ ਪੈਨਲਾਂ ‘ਤੇ ਵੱਖ-ਵੱਖ ਕਿਸਮਾਂ ਦੇ 260 ਪੌਦੇ ਲਗਾਏ ਜਾਣਗੇ ਅਤੇ ਇਸ ਤੋਂ ਇਲਾਵਾ ਪੌਦਿਆਂ ਨੂੰ ਰੋਜ਼ਾਨਾ ਪਾਣੀ ਦੇਣ ਲਈ ਇੱਕ ਸਮਰਪਿਤ ਤੁਪਕਾ ਸਿੰਚਾਈ ਸਹੂਲਤ ਵੀ ਸਥਾਪਤ ਕੀਤੀ ਜਾਵੇਗੀ।  

ਕੈਬਨਿਟ  ਮੰਤਰੀ ਨੇ ਕਿਹਾ ਕਿ ਜਿਸ ਕੰਪਨੀ ਨੂੰ ਟੈਂਡਰ ਅਲਾਟ ਕੀਤੇ ਗਏ ਹਨ, ਉਹ ਅਗਲੇ 3 ਸਾਲਾਂ ਤੱਕ ਵਰਟੀਕਲ ਗਾਰਡਨ ਦੀ ਸਾਂਭ-ਸੰਭਾਲ ਵੀ ਕਰੇਗੀ।  ਉਨ੍ਹਾਂ ਕਿਹਾ ਕਿ ਇਹ ਵਰਟੀਕਲ ਗਾਰਡਨ ਲੁਧਿਆਣਾ ਨੂੰ ਹੋਰ ਹਰਿਆ-ਭਰਿਆ ਅਤੇ ਸਾਫ਼-ਸੁਥਰਾ ਬਣਾਉਣ ਦੇ ਨਾਲ-ਨਾਲ ਇਸ ਖੇਤਰ ਦੀ ਸੁੰਦਰਤਾ ਵਿੱਚ ਹੋਰ ਵਾਧਾ ਕਰਨਗੇ।

ਡਾ: ਨਿੱਜਰ ਨੇ ਦੱਸਿਆ ਕਿ ਫਲਾਈਓਵਰ ਦੇ ਖੰਭਿਆਂ ‘ਤੇ ਵਰਟੀਕਲ ਗਾਰਡਨ ਦਾ ਸੰਕਲਪ ਦਿੱਲੀ ਅਤੇ ਜੰਮੂ ਸ਼ਹਿਰਾਂ ਤੋਂ ਲਿਆ ਗਿਆ ਸੀ ਜਿੱਥੇ ਅਜਿਹੇ ਪ੍ਰੋਜੈਕਟ ਸਫਲ ਰਹੇ ਹਨ ਅਤੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਕੈਬਨਿਟ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਹਰੀਆਂ ਕੰਧਾਂ ਭਾਰਤ ਦੇ ਉਦਯੋਗਿਕ ਹੱਬ ਵਜੋਂ ਜਾਣੇ ਜਾਂਦੇ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਵੀ ਘੱਟ ਕਰਨਗੀਆਂ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੇ ਸਰਵਪੱਖੀ ਵਿਕਾਸ ਦੇ ਨਾਲ ਰੰਗਲਾ ਪੰਜਾਬ ਬਣਾਉਣ ਲਈ ਵਚਨਬੱਧ ਹੈ।

Spread the love

Leave a Reply

Your email address will not be published. Required fields are marked *

Back to top button