Punjab-ChandigarhTop News

‘ਖੇਡਾਂ ਵਤਨ ਪੰਜਾਬ ਦੀਆਂ’ ਨੇ ਲੜਕੀਆਂ ਨੂੰ ਖੇਡਾਂ ‘ਚ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਦਿੱਤਾ : ਕਬੱਡੀ ਖਿਡਾਰਨ ਸੰਦੀਪ ਕੌਰ

ਪਟਿਆਲਾ, 14 ਸਤੰਬਰ:
ਜ਼ਿਲ੍ਹਾ ਪੱਧਰੀ ਖੇਡਾਂ ਦੇ ਅੱਜ ਦੂਜੇ ਦਿਨ ਲੜਕੀਆਂ ਦੇ ਹੋਏ ਫਸਵੇਂ ਕਬੱਡੀ (ਨੈਸ਼ਨਲ ਸਟਾਈਲ) ਮੈਚਾਂ ਨੇ ਦਰਸ਼ਕਾਂ ਨੂੰ ਅਖੀਰੀ ਮਿੰਟ ਤੱਕ ਕਬੱਡੀ ਮੈਚਾਂ ਨਾਲ ਜੋੜੀ ਰੱਖਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਜ਼ ਵਿਖੇ ਚੱਲ ਰਹੇ ਲੜਕੀਆਂ ਦੇ ਅੰਡਰ-14, ਅੰਡਰ-17 ਤੇ ਅੰਡਰ-21 ਕਬੱਡੀ ਮੈਚਾਂ ਵਿੱਚ ਅੱਜ ਖਿਡਾਰਨਾਂ ਵੱਲੋਂ ਚੰਗਾ ਪ੍ਰਦਰਸ਼ਨ ਕਰਦੇ ਹੋਏ ਮੁਕਾਬਲਿਆਂ ਵਿੱਚ ਵਿਰੋਧੀ ਟੀਮਾਂ ਨੂੰ ਪੂਰੀ ਚੁਣੌਤੀ ਦਿੱਤੀ ਗਈ।
ਅੰਡਰ-17 ਦੇ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਲਾਣਾ ਦੀਆਂ ਖਿਡਾਰਨਾਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੀਆਂ ਖਿਡਾਰਨਾਂ ਨੂੰ 53-50 ਦੇ ਫ਼ਰਕ ਨਾਲ ਹਰਾਇਆ। ਇਸ ਮੌਕੇ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਓਲਾਣਾ ਸਕੂਲ ਦੀ ਰੇਡਰ ਸੰਦੀਪ ਕੌਰ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਪਿੰਡਾਂ ਦੀਆਂ ਲੜਕੀਆਂ ਲਈ ਇੱਕ ਚੰਗਾ ਪਲੇਟਫ਼ਾਰਮ ਦੱਸਦਿਆਂ ਕਿਹਾ ਕਿ ਇਨ੍ਹਾਂ ਖੇਡਾਂ ਨਾਲ ਲੜਕੀਆਂ ਨੂੰ ਆਪਣੀ ਖੇਡ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਥੋਂ ਜਿੱਤੇ ਖਿਡਾਰੀ ਸੂਬਾ ਪੱਧਰੀ ਮੁਕਾਬਲਿਆਂ ਵਿੱਚ ਆਪਣੀ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਕੇ ਮਾਣ ਮਹਿਸੂਸ ਕਰਨਗੇ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੀ ਖਿਡਾਰਨ ਮਨਪ੍ਰੀਤ ਕੌਰ ਨੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਨੂੰ ਆਪਣੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਭਾਵੇਂ ਉਨ੍ਹਾਂ ਦੀ ਟੀਮ ਹਾਰ ਗਈ ਹੈ ਪਰ ਇਸ ਹਾਰ ਨੇ ਵੀ ਕਾਫ਼ੀ ਕੁਝ ਸਿਖਾਇਆ ਹੈ। ਖਿਡਾਰਨ ਨੇ ਜੇਤੂ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਰੋਧੀ ਟੀਮ ਵੱਲੋਂ ਦਿਖਾਈ ਚੰਗੀ ਖੇਡ ਨੇ ਸਾਡੀ ਟੀਮ ਨੂੰ ਮੈਚ ਦੌਰਾਨ ਹੋਰ ਬਿਹਤਰ ਖੇਡਣ ਲਈ ਉਤਸ਼ਾਹਤ ਕਰ ਕੇ ਰੱਖਿਆ ਜਿਸ ਸਦਕਾ ਮੈਚ ਅਖੀਰਲੇ ਮਿੰਟ ਤੱਕ ਫਸਵਾਂ ਰਿਹਾ।
ਜ਼ਿਕਰਯੋਗ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਓਲਾਣਾ ਵੱਲੋਂ ਕਬੱਡੀ ਖਿਡਾਰਨ ਸੰਦੀਪ ਕੌਰ, ਪਾਯਲ, ਲੱਛਮੀ ਕੁਮਾਰੀ, ਰੇਖਾ ਰਾਣੀ, ਮਨੀਸ਼ਾ ਰਾਣੀ, ਜਸ਼ਨਪ੍ਰੀਤ ਕੌਰ, ਕੌਮਲਪ੍ਰੀਤ ਕੌਰ, ਰੱਜੀ ਦੇਵੀ, ਜੋਤੀ, ਨਵਦੀਪ ਕੌਰ ਤੇ ਨਵਨੀਤ ਕੌਰ ਨੇ ਨੈਸ਼ਨਲ ਸਟਾਈਲ ਕਬੱਡੀ ਮੈਚ ਵਿੱਚ ਬਲਾਕ ਘਨੌਰ ਦੀ ਨੁਮਾਇੰਦਗੀ ਕੀਤੀ। ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਵੱਲੋਂ ਮਨਪ੍ਰੀਤ ਕੌਰ, ਕੋਮਲਪ੍ਰੀਤ ਕੌਰ, ਸੰਜਨਾ, ਸਿਮਰਨ ਰਾਣੀ, ਸ਼ਗਨਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਹੀਨਾ ਰਾਣੀ, ਅਨੁਕੇਤ, ਨਵਜੋਤ ਕੌਰ, ਮਨਵੀਰ ਕੌਰ, ਕੋਮਲਦੀਪ ਕੌਰ ਅਤੇ ਸਪਨਾ ਨੇ ਮੈਚ ਵਿੱਚ ਹਿੱਸਾ ਲਿਆ।

Spread the love

Leave a Reply

Your email address will not be published. Required fields are marked *

Back to top button