Punjab-ChandigarhTop News

ਮਾਨ ਸਰਕਾਰ ਸੀ.ਬੀ.ਜੀ. ਪਲਾਂਟਾਂ ਤੋਂ ਪੈਦਾ ਹੋਈ ਆਰਗੈਨਿਕ ਖਾਦ ਦੀ ਖੇਤੀ ਤੇ ਬਾਗ਼ਬਾਨੀ ‘ਚ ਵਰਤੋਂ ਨੂੰ ਕਰੇਗੀ ਉਤਸ਼ਾਹਿਤ: ਅਮਨ ਅਰੋੜਾ 

• ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਸੀ.ਬੀ.ਜੀ. ਪਲਾਂਟਾਂ ਦੀ ਖਾਦ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੇ ਢੰਗ-ਤਰੀਕਿਆਂ ਬਾਰੇ ਵਿਚਾਰ ਵਟਾਂਦਰਾ 

• ਕੈਬਨਿਟ ਮੰਤਰੀ ਵੱਲੋਂ ਬਾਇਓ-ਗੈਸ ਪਲਾਂਟ ਨਿਵੇਸ਼ਕਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ 

• ਨਿਵੇਸ਼ਕਾਂ ਵੱਲੋਂ ਸੈਸ਼ਨ ਬੁਲਾਉਣ ਲਈ ਸਰਕਾਰ ਦੇ ਯਤਨਾਂ ਦੀ ਸ਼ਲਾਘਾ 


ਚੰਡੀਗੜ੍ਹ, 17 ਅਗਸਤ:

ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਕੰਪਰੈੱਸਡ ਬਾਇਓਗੈਸ (ਸੀ.ਬੀ.ਜੀ.) ਪਲਾਂਟਾਂ ਵੱਲੋਂ ਪੈਦਾ ਕੀਤੀ ਜਾ ਰਹੀ ਫਰਮੈਂਟੇਡ ਆਰਗੈਨਿਕ ਮੈਨਿਓਰ (ਖਾਦ) ਦੀ ਖੇਤੀਬਾੜੀ, ਬਾਗ਼ਬਾਨੀ ਅਤੇ ਫੁੱਲਾਂ ਦੀ ਖੇਤੀ ਵਿੱਚ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਬਣਾ ਰਹੀ ਹੈ। ਇਹ ਜਾਣਕਾਰੀ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਇਥੇ ਪੇਡਾ ਵਿੱਚ ਸਮਾਗਮ ਬਾਅਦ ਦਿੱਤੀ। 

ਸ੍ਰੀ ਅਰੋੜਾ ਅਤੇ ਉਨ੍ਹਾਂ ਦੇ ਕੈਬਨਿਟ ਸਾਥੀ ਅਤੇ ਖੇਤੀਬਾੜੀ ਮੰਤਰੀ ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੂਬਾ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਅਤੇ ਨਿਵੇਸ਼ਕਾਂ ਨੂੰ ਇੱਕ ਵਿਆਪਕ ਪ੍ਰਣਾਲੀ ਤਿਆਰ ਕਰਨ ਲਈ ਕਿਹਾ ਤਾਂ ਜੋ ਇਨ੍ਹਾਂ ਸੀ.ਬੀ.ਜੀ. ਪਲਾਂਟਾਂ ਵੱਲੋਂ ਤਿਆਰ ਕੀਤੀ ਜਾ ਰਹੀ ਖਾਦ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਝੋਨੇ ਦੀ ਪਰਾਲੀ ਅਤੇ ਹੋਰ ਖੇਤੀ ਰਹਿੰਦ-ਖੂੰਹਦ ‘ਤੇ ਆਧਾਰਿਤ ਕੁੱਲ 492.58 ਟਨ ਪ੍ਰਤੀ ਦਿਨ ਸਮਰੱਥਾ ਵਾਲੇ 42 ਸੀ.ਬੀ.ਜੀ. ਪ੍ਰਾਜੈਕਟ ਪਹਿਲਾਂ ਹੀ ਅਲਾਟ ਕੀਤੇ ਗਏ ਹਨ ਅਤੇ ਕੁੱਲ 33.23 ਟਨ ਸੀ.ਬੀ.ਜੀ. ਪ੍ਰਤੀ ਦਿਨ ਦੀ ਸਮਰੱਥਾ ਵਾਲਾ ਏਸ਼ੀਆ ਦਾ ਸਭ ਤੋਂ ਵੱਡਾ ਸੀ.ਬੀ.ਜੀ. ਪਲਾਂਟ ਹਾਲ ਹੀ ਵਿਚ ਸੰਗਰੂਰ ਦੇ ਪਿੰਡ ਭੁਟਾਲ ਕਲਾਂ ਵਿਖੇ ਕਾਰਜਸ਼ੀਲ ਕੀਤਾ ਗਿਆ ਹੈ। ਇਨ੍ਹਾਂ ਸਾਰੇ ਸੀ.ਬੀ.ਜੀ. ਪਲਾਂਟਾਂ ਦੇ ਕਾਰਜਸ਼ੀਲ ਹੋਣ ‘ਤੇ ਸਾਲਾਨਾ ਘੱਟੋ-ਘੱਟ 5 ਲੱਖ ਟਨ ਫਰਮੈਂਟਿਡ ਆਰਗੈਨਿਕ ਖਾਦ (ਐਫਓਐਮ) ਪੈਦਾ ਹੋਣ ਦੀ ਉਮੀਦ ਹੈ।

ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਨੇ ਕਿਹਾ ਕਿ ਇਸ ਖਾਦ ਦੀ ਵਰਤੋਂ ਜ਼ਮੀਨ ਦੇ ਪੌਸ਼ਟਿਕ ਤੱਤਾਂ, ਉਪਜ, ਪੌਸ਼ਟਿਕ ਗੁਣਾਂ, ਫਸਲਾਂ ਦੀ ਗੁਣਵੱਤਾ ਵਿੱਚ ਵਾਧਾ ਕਰੇਗੀ ਅਤੇ ਜਿਣਸ ਦੀ ਜੈਵਿਕ ਤੇ ਅਜੈਵਿਕ ਤੱਤਾਂ ਪ੍ਰਤੀ ਸਹਿਣਸ਼ੀਲਤਾ ਨੂੰ ਵਧਾਏਗੀ। ਇਸ ਦੇ ਨਾਲ ਹੀ ਇਹ ਭਾਰੀ ਧਾਤਾਂ ਦੇ ਰਲਾਅ ਨੂੰ ਰੋਕਣ ਦੇ ਨਾਲ-ਨਾਲ ਸਥਾਨਕ ਉਦਯੋਗਾਂ ਨੂੰ ਵੀ ਹੁਲਾਰਾ ਦੇਵੇਗੀ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਨ੍ਹਾਂ ਪ੍ਰਾਜੈਕਟ ਨਾਲ ਨਾ ਸਿਰਫ਼ ਕਿਸਾਨਾਂ ਨੂੰ ਚੰਗੀ ਕਿਸਮ ਦੀ ਜੈਵਿਕ ਖਾਦ ਮਿਲੇਗੀ ਸਗੋਂ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਇਹ ਸੜਕਾਂ, ਰੇਲਵੇ, ਸਹਾਇਕ ਉਦਯੋਗਾਂ, ਬੁਨਿਆਦੀ ਢਾਂਚੇ ਦੇ ਵਿਕਾਸ ਤੋਂ ਇਲਾਵਾ ਸਾਫ਼ ਅਤੇ ਸਵੱਛ ਊਰਜਾ ਨੂੰ ਯਕੀਨੀ ਬਣਾਉਣਗੇ। 

ਸ੍ਰੀ ਕੁਲਦੀਪ ਸਿੰਘ ਧਾਲੀਵਾਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਅਤੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (ਗਡਵਾਸੂ) ਨੂੰ ਪੇਡਾ/ਸੀ.ਬੀ.ਜੀ. ਪ੍ਰਾਜੈਕਟ ਡਿਵੈੱਲਪਰਾਂ ਨਾਲ ਮਿਲ ਕੇ ਇਸ ਸਬੰਧੀ ਸੰਭਾਵਨਾਵਾਂ ਦੀ ਪੜਚੋਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਪੀਏਯੂ ਅਤੇ ਗਡਵਾਸੂ ਨੂੰ ਫਰਮੈਂਟਿਡ ਆਰਗੈਨਿਕ ਖਾਦ ਦੀ ਜਾਂਚ, ਗਰੇਡਿੰਗ, ਪ੍ਰਮਾਣੀਕਰਣ ਅਤੇ ਮਾਰਕੀਟਿੰਗ ਦੇ ਰੂਪ ਵਿੱਚ ਸਰਗਰਮ ਸਹਿਯੋਗ ਦੇਣ ਲਈ ਵੀ ਕਿਹਾ।

ਕੈਬਨਿਟ ਮੰਤਰੀਆਂ ਨੇ ਨਿਵੇਸ਼ਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਜਲਦੀ ਹੱਲ ਲਈ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਅੱਜ ਦਾ ਸੈਸ਼ਨ ਬੁਲਾਉਣ ਵਾਸਤੇ ਸ੍ਰੀ ਅਮਨ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਨਿਵੇਸ਼ਕਾਂ ਨੇ ਉਮੀਦ ਪ੍ਰਗਟਾਈ ਕਿ ਇਸ ਸੈਸ਼ਨ ਨਾਲ ਨਿਵੇਸ਼ਕਾਂ ਵਿੱਚ ਵਿਸ਼ਵਾਸ ਪੈਦਾ ਹੋਵੇਗਾ ਅਤੇ ਇਸ ਦੇ ਯਕੀਨਨ ਸਾਰਥਿਕ ਨਤੀਜੇ ਸਾਹਮਣੇ ਆਉਣਗੇ।

ਇਸ ਮੌਕੇ ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ-ਕਮ-ਏ.ਸੀ.ਐਸ. ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਸ੍ਰੀ ਏ.ਵੇਣੂ ਪ੍ਰਸਾਦ, ਵਧੀਕ ਮੁੱਖ ਸਕੱਤਰ ਖੇਤੀਬਾੜੀ ਸ੍ਰੀ ਸਰਵਜੀਤ ਸਿੰਘ, ਸਕੱਤਰ ਖੇਤੀਬਾੜੀ ਸ੍ਰੀ ਅਰਸ਼ਦੀਪ ਸਿੰਘ ਥਿੰਦ, ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀ ਸੁਮੀਤ ਜਾਰੰਗਲ, ਗਡਵਾਸੂ ਦੇ ਵੀ.ਸੀ. ਡਾ. ਇੰਦਰਜੀਤ ਸਿੰਘ, ਪੰਜਾਬ ਐਗਰੋ ਦੇ ਐਮ.ਡੀ. ਸ੍ਰੀ ਮਨਜੀਤ ਸਿੰਘ ਬਰਾੜ, ਡਾਇਰੈਕਟਰ ਖੇਤੀਬਾੜੀ ਸ੍ਰੀ ਗੁਰਵਿੰਦਰ ਸਿੰਘ, ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ, ਨਵੀਂ ਦਿੱਲੀ ਦੇ ਜੀ.ਐਮ. ਸ੍ਰੀਜੀਤ ਬਾਸੂ, ਐਨ.ਐਫ.ਐਲ. ਚੰਡੀਗੜ੍ਹ ਦੇ ਮਾਰਕੀਟਿੰਗ ਜੀ.ਐਮ. ਸ੍ਰੀ ਰਾਜਬੀਰ ਸਿੰਘ, ਸੰਪੂਰਨਾ ਐਗਰੀ ਵੈਂਚਰ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਦੇ ਡਾਇਰੈਕਟਰ ਸ੍ਰੀ ਸੰਜੀਵ ਨਾਗਪਾਲ, ਵਰਬੀਓ ਇੰਡੀਆ ਪ੍ਰਾਈਵੇਟ ਲਿਮਟਿਡ, ਚੰਡੀਗੜ੍ਹ ਦੇ ਸੀਈਓ ਸ੍ਰੀ ਆਸ਼ੀਸ਼ ਕੁਮਾਰ, ਫਾਰਮ ਗੈਸ ਪ੍ਰਾਈਵੇਟ ਲਿਮਟਿਡ, ਅਹਿਮਦਾਬਾਦ ਦੇ ਡਾਇਰੈਕਟਰ ਸ੍ਰੀ ਸੋਭਨ ਸਾਹੂ, ਪੀ.ਈ.ਐਸ. ਰੀਨਿਊਏਬਲਜ਼ ਪ੍ਰਾਈਵੇਟ ਲਿਮਟਿਡ, ਨਵੀਂ ਦਿੱਲੀ ਦੇ ਜੀ.ਐਮ. ਸ੍ਰੀ ਰਜਨੀਸ਼ ਬਾਂਸਲ, ਐਵਰ ਐਨਵਾਇਰੋ ਰਿਸੋਰਸਜ਼ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ, ਮੁੰਬਈ ਦੇ ਸੀਈਓ ਸ੍ਰੀ ਬਸ਼ੀਰ ਅਹਿਮਦ ਸ਼ਿਰਾਜ਼ੀ ਅਤੇ ਐਕੁਆਗਰੀਨ ਐਨਰਜੀਜ਼ ਪ੍ਰਾਈਵੇਟ ਲਿਮਟਿਡ, ਮੁਹਾਲੀ ਦੇ ਐਮ.ਡੀ. ਸ੍ਰੀ ਪਰਮਿੰਦਰ ਸਿੰਘ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button